Close
Menu

ਭਾਰਤੀ ਰੇਲਵੇ ਨੇ ਸੀਆਰਪੀਐਫ ਨੂੰ ਬਾਹਰ ਦਾ ਰਾਹ ਵਿਖਾਇਆ

-- 25 October,2018

ਜਲੰਧਰ, 25 ਅਕਤੂਬਰ
ਬੀਐਸਐਫ ਜਲੰਧਰ ਨੇ ਬਿਤਹਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ਰੇਲ ਕੋਚ ਫੈਕਟਰੀ ਕਪੂਰਥਲਾ ਨੂੰ 4-2 ਗੋਲਾਂ ਨਾਲ ਹਰਾ ਕੇ 35ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਲੀਗ ਗੇੜ ਵਿੱਚ ਥਾਂ ਬਣਾ ਲਈ ਹੈ। ਇੱਥੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਚੱਲ ਰਹੇ ਟੂਰਨਾਮੈਂਟ ਦੇ ਦੂਜੇ ਦਿਨ ਦਾ ਪਹਿਲਾ ਮੈਚ ਨਾਕ ਆਊਟ ਦੌਰ ਦਾ ਖੇਡਿਆ ਗਿਆ। ਦੂਜਾ ਮੈਚ ਜੋ ਕਿ ਲੀਗ ਦੌਰ ਦਾ ਸੀ, ਵਿੱਚ ਸਾਬਕਾ ਕੌਮੀ ਚੈਂਪੀਅਨ ਭਾਰਤੀ ਰੇਲਵੇ ਨੇ ਸੀਆਰਪੀਐਫ ਦਿੱਲੀ ਨੂੰ 9-1 ਗੋਲਾਂ ਨਾਲ ਹਰਾ ਕੇ ਜਿਥੇ ਤਿੰਨ ਅੰਕਾਂ ਨਾਲ ਆਪਣਾ ਖਾਤਾ ਖੋਲ੍ਹਿਆ, ਉਥੇ ਆਲ ਇੰਡੀਆ ਪੁਲੀਸ ਚੈਂਪੀਅਨ ਸੀਆਰਪੀਐਫ ਦਿੱਲੀ ਨੂੰ ਟੂਰਨਾਮੈਂਟ ਵਿੱਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ। ਇਸ ਤੋਂ ਪਿਛਲਾ ਮੈਚ ਸੀਆਰਪੀਐਫ ਪੰਜਾਬ ਐਂਡ ਸਿੰਧ ਬੈਂਕ ਹੱਥੋਂ ਹਾਰ ਗਈ ਸੀ। ਰੇਲਵੇ ਦੇ ਕਰਨਪਾਲ ਸਿੰਘ ਨੇ ਤਿੰਨ ਗੋਲ ਕਰਕੇ ਟੂਰਨਾਮੈਂਟ ਦੀ ਪਹਿਲੀ ਹੈਟ੍ਰਿਕ ਲਾਈ।
ਬੀਐਸਐਫ ਨੇ ਮੈਚ ਵਿੱਚ ਸ਼ੁਰੂ ਤੋਂ ਹੀ ਆਪਣਾ ਦਬਦਬਾ ਬਣਾਇਆ। ਗੁਰਜੀਤ ਸਿੰਘ ਨੇ ਛੇਵੇਂ ਅਤੇ ਜਸਵੰਤ ਸਿੰਘ ਨੇ 27ਵੇਂ ਮਿੰਟ ਵਿੱਚ ਗੋਲ ਕਰਕੇ ਬੀਐਸਐਫ ਨੂੰ ਅੱਧੇ ਸਮੇਂ ਤੱਕ 2-0 ਦੀ ਲੀਡ ਦਿਵਾਈ।
ਅੱਧੇ ਸਮੇਂ ਤੋਂ ਬਾਅਦ 37ਵੇਂ ਮਿੰਟ ਵਿੱਚ ਆਰਸੀਐਫ ਦੇ ਸੰਦੀਪ ਸਿੰਘ ਨੇ ਗੋਲ ਕਰਕੇ ਸਕੋਰ 1-2 ਕਰ ਦਿੱਤਾ। ਦਰਸ਼ਪ੍ਰੀਤ ਸਿੰਘ ਨੇ 55ਵੇਂ ਮਿੰਟ ਅਤੇ ਹਤਿੰਦਰ ਸਿੰਘ ਨੇ 59ਵੇਂ ਮਿੰਟ ਵਿੱਚ ਬੀਐਸਐਫ ਦਾ ਸਕੋਰ 4-1 ਕੀਤਾ। 67ਵੇਂ ਮਿੰਟ ਵਿਚ ਆਰਸੀਐਫ ਦੇ ਪਰਮਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 4-2 ਕੀਤਾ। ਬੀਐਸਐਫ ਦੀ ਇਸ ਜਿੱਤ ਨਾਲ ਇਹ ਟੀਮ ਲੀਗ ਦੌਰ ਵਿੱਚ ਪੂਲ ‘ਸੀ’ ਵਿੱਚ ਸ਼ਾਮਲ ਹੋ ਗਈ ਹੈ ਅਤੇ ਉਹ ਆਪਣਾ ਅਗਲਾ ਮੈਚ 25 ਅਕਤੂਬਰ ਨੂੰ ਓਐਨਜੀਸੀ ਖਿਲਾਫ ਖੇਡੇਗੀ। ਦੂਜਾ ਮੈਚ, ਪੂਲ ‘ਬੀ’ ਵਿੱਚ ਸਾਬਕਾ ਕੌਮੀ ਚੈਂਪੀਅਨ ਭਾਰਤੀ ਰੇਲਵੇ ਅਤੇ ਆਲ ਇੰਡੀਆ ਪੁਲੀਸ ਚੈਂਪੀਅਨ ਸੀਆਰਪੀਐਫ ਦਿੱਲੀ ਵਿਚਾਲੇ ਖੇਡਿਆ ਗਿਆ। ਅੱਧੇ ਸਮੇਂ ਤੱਕ ਰੇਲਵੇ 3-1 ਨਾਲ ਅੱਗੇ ਸੀ।
ਮੈਚ ਦੇ ਦੂਜੇ ਅੱਧ ਵਿੱਚ 37ਵੇਂ ਮਿੰਟ ਵਿੱਚ ਮਲਿਕ ਸਿੰਘ, 43ਵੇਂ ਮਿੰਟ ਵਿੱਚ ਰਾਜਿਨ ਕੰਡੂਲਨਾ, 60ਵੇਂ ਅਤੇ 64ਵੇਂ ਮਿੰਟ ਵਿੱਚ ਕਰਨਪਾਲ ਸਿੰਘ ਨੇ ਦੋ ਅਤੇ 68ਵੇਂ ਮਿੰਟ ਵਿੱਚ ਅਜਮੇਰ ਸਿੰਘ ਅਤੇ ਕਰਨਪਾਲ ਸਿੰਘ ਨੇ 69ਵੇਂ ਮਿੰਟ ਵਿੱਚ ਗੋਲ ਕਰਕੇ ਸਕੋਰ 9-1 ਕੀਤਾ।

Facebook Comment
Project by : XtremeStudioz