Close
Menu

ਭਾਰਤੀ ਸੈਨਿਕਾਂ ਦੀ ਹੱਤਿਆ ਦੇ ਮਾਮਲੇ ‘ਚ ਪ੍ਰਧਾਨ ਮੰਤਰੀ ਦੇਣ ਜਵਾਬ – ਸੁਸ਼ਮਾ

-- 07 August,2013

susma_10

ਨਵੀਂ ਦਿੱਲੀ – 7 ਅਗਸਤ (ਦੇਸ ਪ੍ਰਦੇਸ ਟਾਈਮਜ਼)-ਪਾਕਿਸਤਾਨੀ ਸੈਨਿਕਾਂ ਵੱਲੋਂ ਪੰਜ ਭਾਰਤੀ ਸੈਨਿਕਾਂ ਦੀ ਹੱਤਿਆ ਦੇ ਮੁੱਦੇ ‘ਤੇ ਰੱਖਿਆ ਮੰਤਰਾਲੇ ਅਤੇ ਰੱਖਿਆ ਮੰਤਰੀ ਦੇ ਵੱਖੋ-ਵੱਖਰੇ ਬਿਆਨਾਂ ਨੂੰ ਪਾਕਿਸਤਾਨ ਸੈਨਾ ਨੂੰ ਕਲੀਨ ਚਿੱਟ ਦੇਣ ਦੱਸਦੇ ਹੋਏ ਭਾਜਪਾ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸਪੱਸ਼ਟੀਕਰਨ ਦੇਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਨਾਲ ਉਨ੍ਹਾਂ ਕਿਹਾ ਕਿ ਰੱਖਿਆ ਮੰਤਰੀ ਇਸ ਲਈ ਦੇਸ਼ ਤੋਂ ਮੁਆਫੀ ਮੰਗਣ। ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਣ ‘ਤੇ ਵਿਰੋਧੀ ਧਿਰ ਦੀ ਨੇਤਾ ਸੁਸ਼ਮਾ ਸਵਰਾਜ ਨੇ ਕਿਹਾ ਕਿ ਮੰਗਲਵਾਰ ਨੂੰ ਅਸੀਂ ਪੰਜ ਭਾਰਤੀ ਸੈਨਿਕਾਂ ਦੀ ਸ਼ਹਾਦਤ ‘ਤੇ ਰੱਖਿਆ ਮੰਤਰੀ ਤੋਂ ਬਿਆਨ ਦੇਣ ਦੀ ਮੰਗ ਕੀਤੀ ਸੀ। ਰੱਖਿਆ ਮੰਤਰੀ ਦਾ ਬਿਆਨ ਆਇਆ ਵੀ ਪਰ ਇਸ ਵਿਚਕਾਰ ਦੁਪਹਿਰ ਵਿਚ ਰੱਖਿਆ ਮੰਤਰਾਲੇ ਦਾ ਬਿਆਨ ਵੀ ਆਇਆ ਸੀ। ਇਹ ਦੋਵੇਂ ਬਿਆਨ ਵੱਖ ਵੱਖ ਸਨ। ਹਾਲਾਂਕਿ ਰੱਖਿਆ ਮੰਤਰੀ ਦੇ ਬਿਆਨ ਤੋਂ ਬਾਅਦ ਰੱਖਿਆ ਮੰਤਰਾਲੇ ਦੇ ਬਿਆਨ ਦਾ ਰੂਪ ਹੀ ਬਦਲ ਗਿਆ। ਉਨ੍ਹਾਂ ਕਿਹਾ ਕਿ ਰੱਖਿਆ ਮੰਤਰਾਲੇ ਨੇ ਪਹਿਲਾ ਕਿਹਾ ਸੀ ਕਿ ਭਾਰੀ ਹਥਿਆਰਾਂ ਨਾਲ ਲੈਸ 20 ਅੱਤਵਾਦੀ ਜਿਸ ‘ਚ ਪਾਕਿਸਤਾਨੀ ਸੈਨਿਕ ਵੀ ਸ਼ਾਮਲ ਸਨ, ਉਨ੍ਹਾਂ ਨੇ ਭਾਰਤੀ ਚੌਕੀ ਨੂੰ ਨਿਸ਼ਾਨਾ ਬਣਾਇਆ ਸੀ ਜਦੋਂ ਕਿ ਰੱਖਿਆ ਮੰਤਰੀ ਨੇ ਬਿਆਨ ਦਿੱਤਾ ਸੀ ਕਿ ਭਾਰੀ ਹਥਿਆਰਾਂ ਨਾਲ ਲੈਸ 20 ਅੱਤਵਾਦੀ ਜੋ ਪਾਕਿਸਤਾਨੀ ਸੈਨਾ ਦੀ ਵਰਦੀ ਪਾਏ ਹੋਏ ਸਨ, ਉਨ੍ਹਾਂ ਨੇ ਭਾਰਤੀ ਚੌਕੀ ਨੂੰ ਨਿਸ਼ਾਨਾ ਬਣਾਇਆ। ਸੁਸ਼ਮਾ ਨੇ ਕਿਹਾ ਕਿ ਰੱਖਿਆ ਮੰਤਰੀ ਏ.ਕੇ.ਐਂਟੋਨੀ ਦੇ ਬਿਆਨ ਤੋਂ ਬਾਅਦ ਰੱਖਿਆ ਮੰਤਰਾਲੇ ਦੇ ਬਿਆਨ ਦਾ ਰੂਪ ਹੀ ਬਦਲ ਗਿਆ ਅਤੇ ਉਸ ਵਿਚ ਪਾਕਿਸਤਾਨੀ ਸੈਨਿਕ ਨਾਲ ਜੁੜੇ ਅੰਸ਼ ਨੂੰ ਹਟਾ ਦਿੱਤਾ ਗਿਆ। ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਇਹ ਕਾਫੀ ਗੰਭੀਰ ਮਾਮਲਾ ਹੈ ਜਿਸ ਵਿਚ ਰੱਖਿਆ ਮੰਤਰੀ ਨੇ ਪਾਕਿਸਤਾਨੀ ਸੈਨਾ ਨੂੰ ਕਲੀਨ ਚਿੱਟ ਦੇਣ ਦੀ ਕੋਸ਼ਿਸ਼ ਕੀਤੀ ਹੈ। ਰੱਖਿਆ ਮੰਤਰੀ ਨੂੰ ਇਸ ਲਈ ਮਾਫੀ ਮੰਗਣੀ ਚਾਹੀਦੀ ਹੈ। ਵਿਰੋਧੀ ਧਿਰ ਦੀ ਨੇਤਾ ਨੇ ਕਿਹਾ ਕਿ ਸਦਨ ਵਿਚ ਅਜੇ ਕੋਈ ਰੱਖਿਆ ਮੰਤਰੀ ਨਹੀਂ ਹੈ ਪਰ ਪ੍ਰਧਾਨ ਮੰਤਰੀ ਜ਼ਰੂਰ ਹੈ। ਪ੍ਰਧਾਨ ਮੰਤਰੀ ਨੂੰ ਕਹਿਣਾ ਚਾਹੀਦਾ ਹੈ ਕਿ ਇਸ ਘਟਨਾ ਲਈ ਪਾਕਿਸਤਾਨੀ ਸੈਨਾ ਦੋਸ਼ੀ ਹੈ। ਸੁਸ਼ਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਇਸ ਸਬੰਧੀ ਆਪਣੀ ਪ੍ਰਤੀਕਿਰਿਆ ਦੇਣੀ ਚਾਹੀਦੀ ਹੈ। ਪ੍ਰਧਾਨ ਮੰਤਰੀ ਨੂੰ ਖੁਦ ਜਵਾਬ ਦੇਣਾ ਚਾਹੀਦਾ ਹੈ। ਫਿਲਹਾਲ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਪ੍ਰਤੀਕਿਰਿਆ ਬਿਆਨ ਨਾ ਕਰਨ ‘ਤੇ ਭਾਜਪਾ ਮੈਂਬਰ ਨਰਾਜ਼ ਹਨ ਅਤੇ ਸ਼ੋਰ ਸ਼ਰਾਬਾ ਵੱਧਦਾ ਦੇਖ ਕੇ ਮੀਰਾ ਕੁਮਾਰ ਨੇ ਸਦਨ ਦੀ ਕਾਰਵਾਈ ਰੋਕ ਦਿੱਤੀ ਹੈ।

Facebook Comment
Project by : XtremeStudioz