Close
Menu

ਭਾਰਤੀ ਹਾਕੀ ਟੀਮਾਂ ਦੇ ਕੋਚ ਬਦਲੇ

-- 02 May,2018

ਨਵੀਂ ਦਿੱਲੀ, ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਤੋਂ ਖਾਲੀ ਹੱਥ ਪਰਤਣ ਮਗਰੋਂ ਹਾਕੀ ਇੰਡੀਆ (ਐਚਆਈ) ਨੇ ਕੌਮੀ ਟੀਮਾਂ ਦੇ ਕੋਚਾਂ ਦੀ ਅਦਲਾ-ਬਦਲੀ ਕਰਦਿਆਂ ਹਰਿੰਦਰ ਸਿੰਘ ਨੂੰ ਸੀਨੀਅਰ ਪੁਰਸ਼ ਹਾਕੀ ਟੀਮ ਦਾ ਕੋਚ ਨਿਯੁਕਤ ਕੀਤਾ ਹੈ, ਜਦਕਿ ਸਯੋਰਡ ਮੈਰੀਨ ਨੂੰ ਸੀਨੀਅਰ ਮਹਿਲਾ ਹਾਕੀ ਟੀਮ ਦੇ ਮਾਰਗਦਰਸ਼ਨ ਦੀ ਜ਼ਿੰਮੇਵਾਰੀ ਸੌਂਪੀ ਹੈ। ਇਸ ਤੋਂ ਪਹਿਲਾਂ ਹਰਿੰਦਰ ਸਿੰਘ ਮਹਿਲਾ ਹਾਕੀ ਟੀਮ ਅਤੇ ਮੈਰੀਨ ਪੁਰਸ਼ ਹਾਕੀ ਟੀਮ ਨੂੰ ਕੋਚਿੰਗ ਦੇ ਰਹੇ ਸਨ। ਹਾਕੀ ਇੰਡੀਆ ਨੇ ਅੱਜ ਇਸ ਬਾਰੇ ਜਾਣਕਾਰੀ ਦਿੱਤੀ। ਹਾਕੀ ਇੰਡੀਆ ਨੇ ਇਹ ਫ਼ੈਸਲਾ ਗੋਲਡ ਕੋਸਟ ਖੇਡਾਂ ਵਿੱਚ ਪੁਰਸ਼ ਟੀਮ ਦੇ ਪ੍ਰਦਰਸ਼ਨ ਨੂੰ ਧਿਆਨ ਵਿੱਚ ਰੱਖ ਕੇ ਲਿਆ ਹੈ, ਜਿਸ ਵਿੱਚ 12 ਸਾਲ ਵਿੱਚ ਪਹਿਲੀ ਵਾਰ ਭਾਰਤੀ ਹਾਕੀ ਟੀਮ ਤਗ਼ਮਾ ਨਹੀਂ ਜਿੱਤ ਸਕੀ। ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤੀ ਪੁਰਸ਼ ਟੀਮ ਦੇ ਪੰਜਵੇਂ ਸਥਾਨ ’ਤੇ ਰਹਿਣ ਮਗਰੋਂ ਹਾਲੈਂਡ ਦੇ 44 ਸਾਲਾ ਮੈਰੀਨ ਨੂੰ ਮਹਿਲਾ ਹਾਕੀ ਕੋਚ ਦੀ ਮੁੜ ਜ਼ਿੰਮੇਵਾਰੀ ਸੌਂਪੀ ਗਈ ਹੈ। ਹਰਿੰਦਰ 2009 ਤੋਂ 2011 ਦੌਰਾਨ ਭਾਰਤੀ ਪੁਰਸ਼ ਟੀਮ ਦਾ ਕੋਚ ਰਹਿ ਚੁੱਕਿਆ ਹੈ, ਜਦਕਿ ਮੈਰੀਨ ਨੂੰ ਪੁਰਸ਼ ਟੀਮ ਦੀ ਕੋਚਿੰਗ ਬਾਰੇ ਕੋਈ ਅਨੁਭਵ ਨਹੀਂ ਸੀ। ਬੀਤੇ ਸਾਲ ਨੰਵਬਰ ਵਿੱਚ ਰੋਲੇਂਟ ਓਲਟਮੈਂਸ ਦੀ ਬਰਤਰਫ਼ੀ ਮਗਰੋਂ ਮੈਰੀਨ ਨੂੰ ਪੁਰਸ਼ ਟੀਮ ਦਾ ਕੋਚ ਬਣਾਇਆ ਗਿਆ ਸੀ। ਹਰਿੰਦਰ ਸਿੰਘ ਦੀ ਅਗਵਾਈ ਵਿੱਚ ਭਾਰਤੀ ਜੂਨੀਅਰ ਟੀਮ ਨੇ 2016 ਦੌਰਾਨ ਵਿਸ਼ਵ ਕੱਪ ਜਿੱਤਿਆ ਸੀ, ਜਦਕਿ ਗੋਡਲ ਕੋਸਟ ਖੇਡਾਂ ਵਿੱਚ ਚੌਥੇ ਸਥਾਨ ’ਤੇ ਰਹੀ ਸੀ। ਇਸ ਤੋਂ ਪਹਿਲਾਂ ਹਰਿੰਦਰ ਸਿੰਘ ਦੀ ਦੇਖਰੇਖ ਵਿੱਚ ਜਾਪਾਨ ਵਿੱਚ ਹੋਏ ਨੌਵੇਂ ਮਹਿਲਾ ਏਸ਼ੀਆ ਕੱਪ ਵਿੱਚ ਭਾਰਤੀ ਟੀਮ ਨੇ ਖ਼ਿਤਾਬ ਜਿੱਤਿਆ ਸੀ, ਜੋ ਉਸ ਦੀ ਵੱਡੀ ਪ੍ਰਾਪਤੀ ਰਹੀ ਹੈ।

ਹਾਲੈਂਡ ਦੇ ਮੈਰੀਨ ਦੀ ਅਗਵਾਈ ਵਿੱਚ ਪੁਰਸ਼ ਟੀਮ ਦਾ ਪ੍ਰਦਰਸ਼ਨ ਸੰਤੁਸ਼ਟੀਜਨਕ ਨਹੀਂ ਰਿਹਾ। ਗੋਲਡ ਕੋਸਟ ਵਿੱਚ ਤਗ਼ਮੇ ਦੀ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਪੁਰਸ਼ ਟੀਮ ਨੇ ਕਾਫ਼ੀ ਨਿਰਾਸ਼ ਕੀਤਾ। ਉਹ ਫਾਈਨਲ ਲਈ ਵੀ ਕੁਆਲੀਫਾਈ ਨਹੀਂ ਕਰ ਸਕੀ ਅਤੇ ਕਾਂਸੀ ਦੇ ਤਗ਼ਮੇ ਲਈ ਇੰਗਲੈਂਡ ਤੋਂ ਹਾਰ ਗਈ। ਖ਼ਰਾਬ ਪ੍ਰਦਰਸ਼ਨ ਨੂੰ ਕੋਚਾਂ ਦੀ ਅਦਲਾ-ਬਦਲੀ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।

ਮੈਰੀਨ ਦੇ ਪਿਛਲੇ ਕੋਚਿੰਗ ਕਾਰਜਕਾਲ ਦੌਰਾਨ ਭਾਰਤੀ ਮਹਿਲਾ ਟੀਮ ਦਾ ਚੰਗਾ ਪ੍ਰਦਰਸ਼ਨ ਰਿਹਾ ਸੀ। ਉਸ ਦੇ ਮਾਰਗ-ਦਰਸ਼ਨ ਵਿੱਚ ਟੀਮ ਨੇ ਹਾਕੀ ਵਰਲਡ ਲੀਗ ਸੈਮੀ ਫਾਈਨਲ ਲਈ ਕੁਆਲੀਫਾਈ ਕੀਤਾ ਸੀ। ਭਾਰਤੀ ਮਹਿਲਾ ਟੀਮ ਦੇ ਕੋਚ ਬਣਨ ਤੋਂ ਪਹਿਲਾਂ ਮੈਰੀਨ ਹਾਲੈਂਡ ਦੀ ਮਹਿਲਾ ਟੀਮ ਦਾ ਵੀ ਕੋਚ ਰਹਿ ਚੁੱਕਿਆ ਹੈ। ਮਹਿਲਾ ਟੀਮ ਨਾਲ ਮੁੜ ਜੁੜਨ ਨਾਲ ਮੈਰੀਨ ਦੀ ਪਹਿਲੀ ਚੁਣੌਤੀ 13 ਮਈ ਤੋਂ ਕੋਰੀਆ ਵਿੱਚ ਸ਼ੁਰੂ ਹੋਣ ਜਾ ਰਹੀ ਪੰਜਵੀਂ ਮਹਿਲਾ ਏਸ਼ੀਆ ਚੈਂਪੀਅਨਜ਼ ਟਰਾਫੀ ਰਹੇਗੀ। ਮੈਰੀਨ ਨੇ ਨਵੀਂ ਜ਼ਿੰਮੇਵਾਰੀ ਬਾਰੇ ਕਿਹਾ, ‘‘ਮੈਂ ਮੁੜ ਮਹਿਲਾ ਟੀਮ ਨਾਲ ਜੁੜ ਕੇ ਖ਼ੁਸ਼ ਹਾਂ। ਟੀਮ ਨੇ ਪਿਛਲੇ ਛੇ ਮਹੀਨਿਆਂ ਤੋਂ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਹੈ ਉਸ ਨੂੰ ਅਸੀਂ ਹੁਣ ਮਹਿਲਾ ਹਾਕੀ ਵਿਸ਼ਵ ਕੱਪ 2018 ਤਕ ਜਾਰੀ ਰੱਖਣ ਦਾ ਯਤਨ ਕਰਾਂਗੇ।’’ ਇਸ ਦੌਰਾਨ ਹਾਕੀ ਇੰਡੀਆ ਦੇ ਜਨਰਲ ਸਕੱਤਰ ਮੁਹੰਮਦ ਮੁਸ਼ਤਾਕ ਅਹਿਮਦ ਨੇ ਕਿਹਾ ਕਿ ਉਨ੍ਹਾਂ ਦੋਵਾਂ ਕੋਚਾਂ ਦੀ ਅਗਵਾਈ ਵਿੱਚ ਭਾਰਤੀ ਹਾਕੀ ਟੀਮਾਂ ਤੋਂ ਚੰਗੇ ਪ੍ਰਦਰਸ਼ਨ ਦੀਆਂ ਉਮੀਦਾਂ ਹਨ।

ਖਿਡਾਰੀਆਂ ਨੂੰ ਚੰਗੇ ਪ੍ਰਦਰਸ਼ਨ ਦੀ ਜ਼ਿੰਮੇਵਾਰੀ ਲੈਣੀ ਹੋਵੇਗੀ: ਮੈਰੀਨ
ਮੈਰੀਨ ਨੇ ਆਪਣੇ ਅਧਿਕਾਰਤ ਬਲੌਗ ’ਤੇ ਕਿਹਾ, ‘‘ਅਸੀਂ ਹਾਕੀ ਵਿੱਚ ਏਸ਼ੀਆ ਕੱਪ ਜਿੱਤਿਆ ਹੈ ਅਤੇ ਵਿਸ਼ਵ ਲੀਗ ਵਿੱਚ ਚੋਟੀ ਦੀਆਂ ਟੀਮਾਂ ਨੂੰ ਹਰਾਇਆ ਹੈ। ਨਿਊਜ਼ੀਲੈਂਡ ਦੌਰਾ ਏਸ਼ਿਆਈ ਖੇਡ ਅਤੇ ਵਿਸ਼ਵ ਕੱਪ ਜਿੱਤਣ ਦੀ ਦਿਸ਼ਾ ਵਿੱਚ ਅਗਲਾ ਕਦਮ ਸੀ।’’ ਉਸ ਨੇ ਅੱਗੇ ਲਿਖਿਆ, ‘‘ਰਾਸ਼ਟਰਮੰਡਲ ਖੇਡਾਂ ਵਿੱਚ ਅਸੀਂ ਉਮੀਦ ਅਨੁਸਾਰ ਪ੍ਰਦਰਸ਼ਨ ਨਹੀਂ ਕੀਤਾ, ਪਰ ਅੰਕੜੇ ਚੰਗੇ ਰਹੇ। ਮੈਨੂੰ ਪੂਰਾ ਯਕੀਨ ਹੈ ਕਿ ਅਸੀਂ ਏਸ਼ਿਆਈ ਖੇਡਾਂ ਅਤੇ ਵਿਸ਼ਵ ਕੱਪ ਜਿੱਤ ਸਕਦੇ ਸੀ।’’ ਮੈਰੀਨ ਨੇ ਆਪਣੀ ਕੋਚਿੰਗ ਸ਼ੈਲੀ ਦਾ ਬਚਾਅ ਕਰਦਿਆਂ ਕਿਹਾ, ‘‘ਮੇਰੀ ਸ਼ੈਲੀ ਖਿਡਾਰੀਆਂ ’ਤੇ ਆਧਾਰਤ ਸੀ। ਖਿਡਾਰੀਆਂ ਨੂੰ ਆਪਣੇ ਪ੍ਰਦਰਸ਼ਨ ਦੀ ਜ਼ਿੰਮੇਵਾਰੀ ਲੈਣੀ ਹੋਵੇਗੀ ਕਿਉਂਕਿ ਉਹ ਪ੍ਰਕਿਰਿਆ ਦਾ ਹਿੱਸਾ ਹਨ।’’

Facebook Comment
Project by : XtremeStudioz