Close
Menu

ਭਾਰਤ ਅਤੇ ਅਫ਼ਗਾਨਿਸਤਾਨ ਵਿਚਾਲੇ ਪਲੇਠਾ ਇਤਿਹਾਸਕ ਮੈਚ ਅੱਜ

-- 14 June,2018

ਬੰਗਲੌਰ, ਅਤਿਵਾਦ, ਗ਼ਰੀਬੀ ਅਤੇ ਹਿੰਸਾ ਤੋਂ ਪੀੜਤ ਹੋਣ ਦੇ ਬਾਵਜੂਦ ਅਫ਼ਗਾਨਿਸਤਾਨ ਦੇ ਕ੍ਰਿਕਟਰਾਂ ਨੇ ਦੁਨੀਆਂ ਸਾਹਮਣੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ ਅਤੇ ਇਸ ਰਾਹ ’ਤੇ ਅੱਗੇ ਚੱਲਦਿਆਂ ਉਸ ਦੀ ਕੌਮੀ ਟੀਮ ਵੀਰਵਾਰ ਨੂੰ ਟੈਸਟ ਦੇ ਪਲੇਠੇ ਮੈਚ ਵਿੱਚ ਖੇਡ ਕੇ ਨਵਾਂ ਇਤਿਹਾਸ ਸਿਰਜੇਗੀ। ਇਸ ਟੈਸਟ ਵਿੱਚ ਉਸ ਦਾ ਸਾਹਮਣਾ ਭਾਰਤੀ ਕ੍ਰਿਕਟ ਟੀਮ ਉਸ ਦਾ ਹਿੱਸਾ ਬਣੇਗੀ। ਅਫ਼ਗਾਨਿਸਤਾਨ ਟੀਮ ਲਈ ਵੀ ਇਹ ਯਾਦਗਾਰ ਹੋਵੇਗਾ ਕਿ ਉਹ ਦੁਨੀਆਂ ਦੀ ਨੰਬਰ ਇੱਕ ਟੈਸਟ ਟੀਮ ਭਾਰਤ ਖ਼ਿਲਾਫ਼ ਆਪਣਾ ਪਹਿਲਾ ਟੈਸਟ ਖੇਡੇਗੀ।
ਅਫ਼ਗਾਨ ਟੀਮ ਅਸਗਰ ਸਟੈਨਿਕਜ਼ਈ ਦੀ ਕਪਤਾਨੀ ਵਿੱਚ ਉਤਰੇਗੀ, ਜਦੋਂਕਿ ਭਾਰਤੀ ਟੀਮ ਦੀ ਕਮਾਨ ਅਜਿੰਕਿਆ ਰਹਾਣੇ ਦੇ ਹੱਥ ਰਹੇਗੀ। ਇਹ ਮੈਚ ਚਿੰਨ੍ਹਾਸਵਾਮੀ ਸਟੇਡੀਅਮ ’ਤੇ ਖੇਡਿਆ ਜਾਵੇਗਾ। ਦੂਜੇ ਪਾਸੇ, ਅਫ਼ਗਾਨਿਸਤਾਨ ਟੀਮ ਨੇ ਦੇਹਰਾਦੂਨ ਵਿੱਚ ਬੰਗਲਾਦੇਸ਼ ਦੀ ਮੇਜ਼ਬਾਨੀ ਕਰਕੇ ਉਸ ਤੋਂ ਤਿੰਨ ਇੱਕ ਰੋਜ਼ਾ ਦੀ ਲੜੀ 3-0 ਨਾਲ ਜਿੱਤੀ ਹੈ। ਇਸ ਇਕਪਾਸੜ ਇਤਿਹਾਸਕ ਜਿੱਤ ਨਾਲ ਉਸ ਦੇ ਹੌਸਲੇ ਬੁਲੰਦ ਹਨ। ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ 2001 ਵਿੱਚ ਅਫ਼ਗਾਨ ਟੀਮ ਨੂੰ ਮਾਨਤਾ ਦਿੱਤੀ ਸੀ ਅਤੇ ਦੋ ਦਹਾਕੇ ਤੋਂ ਵੀ ਘੱਟ ਸਮੇਂ ਵਿੱਚ ਉਸ ਦੇ ਖਿਡਾਰੀਆਂ ਨੇ ਆਪਣੇ ਪ੍ਰਦਰਸ਼ਨ ਨਾਲ ਟੈਸਟ ਤੱਕ ਦਾ ਸਫ਼ਰ ਤੈਅ ਕਰ ਲਿਆ, ਜਦਕਿ ਉਸ ਨੇ 2009 ਵਿੱਚ ਹੀ ਇੱਕ ਰੋਜ਼ਾ ਟੀਮ ਦਾ ਦਰਜਾ ਪ੍ਰਾਪਤ ਕੀਤਾ ਹੈ। ਕਪਤਾਨ ਸਟੈਨਿਕਜ਼ਈ ਨੇ ਕਿਹਾ, ‘‘ਸਾਡੇ ਲਈ ਟੈਸਟ ਦੀ ਸ਼ੁਰੂਆਤ ਕਰਨਾ ਮਾਣ ਵਾਲੀ ਗੱਲ ਹੈ।’’ ਬੰਗਲਾਦੇਸ਼ ਨੂੰ ਹਰਾਉਣ ਮਗਰੋਂ ਅਫ਼ਗਾਨਿਸਤਾਨ ਭਾਰਤ ਖ਼ਿਲਾਫ਼ ਵੀ ਉਲਟਫੇਰ ਕਰਨ ਬਾਰੇ ਸੋਚ ਰਿਹਾ ਹੈ। ਟੈਸਟ ਮੈਚ ਦੌਰਾਨ ਸਾਰਿਆਂ ਦੀਆਂ ਨਜ਼ਰਾਂ ਰਾਸ਼ਿਦ ਖ਼ਾਨ ’ਤੇ ਰਹਿਣਗੀਆਂ, ਜਿਸ ਨੇ ਆਈਪੀਐਲ ਦੌਰਾਨ ਸ਼ਾਨਦਾਰ ਪ੍ਰਦਸ਼ਨ ਕੀਤਾ ਹੈ।

Facebook Comment
Project by : XtremeStudioz