Close
Menu

ਭਾਰਤ ਇਕ ਰੋਜ਼ਾ ਕ੍ਰਿਕਟ ਮੈਚਾਂ ਦੀ ਰੈਂਕਿੰਗਜ਼ ’ਚ ਸਿਖ਼ਰ ’ਤੇ

-- 02 September,2013

Virat-Kohli

ਦੁਬਈ, 2 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਭਾਰਤ ਨੇ ਅੱਜ ਜਾਰੀ ਆਈਸੀਸੀ ਇਕ-ਰੋਜ਼ਾ ਟੀਮ ਰੈਂਕਿੰਗਜ਼ ਸੂਚੀ ’ਚ ਆਪਣਾ ਸਿਖਰਲਾ ਸਥਾਨ ਬਰਕਰਾਰ ਰੱਖਿਆ ਜਦੋਂਕਿ ਟਵੰਟੀ-20 ਟੀਮਾਂ ’ਚ ਭਾਰਤ ਆਪਣਾ ਤੀਜਾ ਸਥਾਨ ਬਰਕਰਾਰ ਰੱਖਣ ’ਚ ਸਫ਼ਲ ਰਿਹਾ। ਵਿਰਾਟ ਕੋਹਲੀ ਚੌਥੇ ਸਥਾਨ ਨਾਲ ਸਭ ਤੋਂ ਵਧੀਆ ਰੈਂਕਿੰਗ ਹਾਸਲ ਕਰਨ ਵਾਲਾ ਭਾਰਤੀ ਬੱਲੇਬਾਜ਼ ਬਣਿਆ ਹੈ।

ਭਾਰਤੀ ਟੀਮ ਫਰਵਰੀ 2013 ਤੋਂ ਸਿਖ਼ਰ ’ਤੇ ਬਣੀ ਹੋਈ ਹੈ। ਉਦੋਂ ਉਸ ਨੇ ਇੰਗਲੈਂਡ ਨੂੰ ਘਰੇਲੂ ਮੈਦਾਨ ’ਤੇ 3-2 ਨਾਲ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ ਸੀ। ਟੀਮ ਦੇ 123 ਰੇਟਿੰਗ ਅੰਕ ਹਨ। ਉਹ ਆਸਟਰੇਲੀਆ (114) ਤੇ ਇੰਗਲੈਂਡ (112) ਤੋਂ ਅੱਗੇ ਹੈ।
ਕੋਹਲੀ ਇਕ ਰੋਜ਼ਾ ਮੈਚਾਂ ਦੇ ਬੱਲੇਬਾਜ਼ਾਂ ਦੀ ਆਈਸੀਸੀ ਖਿਡਾਰੀ ਰੈਂਕਿੰਗਜ਼ ’ਚ ਆਪਣਾ ਸਾਥਨ ਕਾਇਮ ਰੱਖਣ ’ਚ ਸਫਲ ਰਿਹਾ ਹੈ ਜਦੋਂ ਕਿ ਕਪਤਾਨ ਮਹਿੰਦਰ ਸਿੰਘ ਧੋਨੀ ਵੀ  ਸਿਖਰਲੇ 10 ਦੀ ਸੂਚੀ ’ਚ ਆਪਣੇ ਸੱਤਵੇਂ ਸਥਾਨ ’ਤੇ ਬਰਕਰਾਰ ਹੈ। ਦੱਖਣੀ ਅਫਰੀਕਾ ਦਾ ਹਾਸ਼ਿਮ ਅਮਲਾ ਹੁਣ ਵੀ ਇਸ ਸੂਚੀ ’ਚ ਪਹਿਲੇ ਸਥਾਨ ’ਤੇ ਹੈ। ਗੇਂਦਬਾਜ਼ਾਂ ਦੀ ਸੂਚੀ ’ਚ ਆਲ ਰਾਊਂਡਰ ਰਵਿੰਦਰ ਜਡੇਜਾ 733 ਅੰਕ ਨਾਲ ਸਿਖਰ ’ਤੇ ਹੈ। ਪਾਕਿਸਤਾਨ ਦਾ ਸਈਦ ਅਜਮਲ ਤੀਜੇ ਤੇ ਇੰਗਲੈਂਡ ਦਾ ਸਟੀਵਨ ਫਿਨ ਚੌਥੇ ਸਥਾਨ ’ਤੇ ਹੈ। ਇਕ ਰੋਜ਼ਾ ਆਲ ਰਾਊਂਡਰ ਸੂਚੀ  ’ਚ ਵੀ ਜਡੇਜਾ ਤੀਜੇ ਸਥਾਨ ’ਤੇ ਹੈ ਜਦੋਂਕਿ ਪਾਕਿਸਤਾਨ ਦਾ ਮੁਹੰਮਦ ਹਫੀਜ਼ (398) ਨੰਬਰ ਇਕ ਰੈਂਕਿੰਗ ਹਾਸਲ ਕਰਨ ’ਚ ਸਫ਼ਲ ਰਿਹਾ।
ਇਸੇ ਤਰ੍ਹਾਂ ਭਾਰਤ ਆਈਸੀਸੀ ਟੀ-20 ਚੈਂਪੀਅਨਜ਼ ਸੂਚੀ ’ਚ 121 ਰੇਟਿੰਗ ਅੰਕ ਨਾਲ ਤੀਜੇ ਸਥਾਨ ’ਤੇ ਹੈ, ਜਿਸ ’ਚ ਸ੍ਰੀਲੰਕਾ ਸਿਖਰ ’ਤੇ ਕਾਬਜ਼ ਹੈ ਤੇ ਪਾਕਿਸਤਾਨ ਦੂਜੇ ਨੰਬਰ ’ਤੇ ਹੈ। ਸਿਖਰਲੇ 20 ਦੀ ਸੂਚੀ ’ਚ ਸ਼ਾਮਲ ਭਾਰਤੀ ਬੱਲੇਬਾਜ਼ ਆਪਣੇ  ਸਥਾਨਾਂ ’ਤੇ ਬਰਕਰਾਰ ਰਹੇ ਹਨ। ਸਟਾਰ ਬੱਲੇਬਾਜ਼ ਵਿਰਾਟ ਕੋਹਲੀ 731 ਰੇਟਿੰਗ ਅੰਕ ਨਾਲ ਛੇਵੇਂ ਜਦੋਂਕਿ ਸੁਰੇਸ਼ ਰੈਨਾ 719 ਰੇਟਿੰਗ ਅੰਕ ਨਾਲ 8ਵੇਂ ਸਥਾਨ ’ਤੇ ਹੈ। ਹੋਰ ਭਾਰਤੀਆਂ ’ਚ ਯੁਵਰਾਜ ਸਿੰਘ 16ਵੇਂ ਤੇ ਸਲਾਮੀ ਬੱਲੇਬਾਜ਼ ਗੌਤਮ ਗੰਭੀਰ 19ਵੇਂ ਸਥਾਨ ’ਤੇ ਕਾਬਜ਼ ਹੈ। ਟੀ-20 ਬੱਲੇਬਾਜ਼ਾਂ ਦੀ ਸੂਚੀ ’ਚ ਇੰਗਲੈਂਡ ਦਾ ਸਲਾਮੀ ਬੱਲੇਬਾਜ਼ ਐਲੇਕਸ ਹੈਲਜ਼ ਸਿਖਰ ’ਤੇ ਪਹੁੰਚ ਗਿਆ ਹੈ।

Facebook Comment
Project by : XtremeStudioz