Close
Menu

ਭਾਰਤ ‘ਏ’ ਤੇ ਨਿਊਜ਼ੀਲੈਂਡ ‘ਏ’ ਵਿਚਕਾਰ ਦੂਸਰਾ ‘ਟੈਸਟ’ ਮੈਚ ਡਰਾਅ

-- 06 September,2013

ਵਿਸ਼ਾਖਾਪਟਨਮ, 6 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਮਨਪ੍ਰੀਤ ਜੁਨੇਜਾ ਸਿਰਫ 7 ਦੌੜਾਂ ਤੋਂ ਦੋਹਰਾ ਸੈਂਕੜਾ ਬਣਾਉਣ ਤੋਂ ਵਾਂਝਾ ਰਹਿ ਗਿਆ ਜਦੋਂਕਿ ਨਿਊਜ਼ੀਲੈਂਡ-ਏ ਦੇ ਸਿਖਰਲੇ ਕ੍ਰਮ ਨੂੰ ਭਾਰਤ-ਏ ਖਿਲਾਫ ਕੁਝ ਜ਼ਰੂਰੀ ਬੱਲੇਬਾਜ਼ੀ ਤਜਰਬਾ ਮਿਲਿਆ ਕਿਉਂਕਿ ਦੋਹਾਂ ਟੀਮਾਂ ਵਿਚਕਾਰ ਦੂਸਰਾ ਅਣਅਧਿਕਾਰਤ ਟੈਸਟ ਮੈਚ ਉਮੀਦ ਦੇ ਅਨੁਸਾਰ ਅੱਜ ਡਰਾਅ ਰਿਹਾ।
ਨਿਊਜ਼ੀਲੈਂਡ ‘ਏ’ ਦੇ ਪਹਿਲੀ ਪਾਰੀ ਦੇ 437 ਦੇ ਸਕੋਰ ਦੇ ਜਵਾਬ ਵਿਚ ਭਾਰਤੀ ਟੀਮ ਪਹਿਲੀ ਪਾਰੀ ਵਿਚ 430 ਦੌੜਾਂ ’ਤੇ ਸਿਮਟ ਕੇ ਸੱਤ ਦੌੜਾਂ ਨਾਲ ਪਿੱਛੇ ਰਹਿ ਗਈ ਸੀ। ਦੂਸਰੀ ਪਾਰੀ ਵਿਚ ਨਿਊਜ਼ੀਲੈਂਡ ਨੇ 51.2 ਓਵਰਾਂ ਵਿਚ ਤਿੰਨ ਵਿਕਟਾਂ ’ਤੇ 176 ਦੌੜਾਂ ਬਣਾ ਲਈਆਂ ਸਨ ਪਰ ਅੰਪਾਇਰਾਂ ਨੇ ਦੋਨਾਂ ਟੀਮਾਂ ਦੇ ਕਪਤਾਨਾਂ ਦੀ ਸਹਿਮਤੀ ਤੋਂ ਬਾਅਦ ਮੈਚ ਨੂੰ ਖਤਮ ਕਰਨ ਦਾ ਫੈਸਲਾ ਲਿਆ। ਅੰਤਿਮ ਦਿਨ 62.5 ਓਵਰਾਂ ਦਾ ਖੇਡ ਹੋ ਸਕਿਆ। ਇਸੇ ਦੌਰਾਨ ਦੋਹਾਂ ਟੀਮਾਂ ਵਿਚ ਐਵਾਰਡ ਸਾਂਝਾ ਕੀਤਾ ਗਿਆ ਕਿਉਂਕਿ ਮੈਚ ਦਾ ਕੋਈ ਫੈਸਲਾਕੁੰਨ ਨਤੀਜਾ ਨਹੀਂ ਨਿਕਲ ਸਕਿਆ। ਅੰਤਿਮ ਦਿਨ ਦੇ ਖੇਡ ਵਿਚ ਸਿਰਫ ਇਹ ਹੀ ਦਿਲਚਸਪੀ ਸੀ ਕਿ ਨੌਜਵਾਨ ਜੁਨੇਜਾ (193 ਦੌੜਾਂ, 362 ਗੇਂਦਾਂ, 20 ਚੌਕੇ ਤੇ ਇਕ ਛੱਕਾ) ਆਪਣਾ ਦੂਹਰਾ ਸੈਂਕੜਾ ਪੂਰਾ ਕਰ ਸਕੇਗਾ ਜਾਂ ਨਹੀਂ। ਪਰ ਤੇਜ਼ ਗੇਂਦਬਾਜ਼ ਮਾਰਕ ਗਿਲੇਸਪੀ (29.3 ਓਵਰਾਂ ਵਿਚ 80 ਦੌੜਾਂ ਤੇ ਚਾਰ ਖਿਡਾਰੀ ਆਊਟ) ਨੇ ਉਸ ਨੂੰ ਕੋਰੀ ਐਂਡਰਸਨ ਦੇ ਹੱਥੋਂ ਕੈਚ ਆਊਟ ਕਰਵਾ ਦਿੱਤਾ। ਭਾਰਤ ਨੇ ਸੱਤ ਵਿਕਟਾਂ ’ਤੇ 408 ਦੌੜਾਂ ਦੇ ਸਕੋਰ ਤੋਂ ਅੱਗੇ ਖੇਡਦੇ ਹੋਏ 22 ਹੋਰ ਦੌੜਾਂ ਬਣਾਈਆਂ ਜਿਸ ਵਿਚ 15 ਦੌੜਾਂ ਜੁਨੇਜਾ ਦੀਆਂ ਸਨ। ਗਿਲੇਸਪੀ ਨੇ ਆਪਣੀ ਧੀਮੀ ਗੇਂਦ ਦਾ ਚੰਗਾ ਉਪਯੋਗ ਕਰਦੇ ਹੋਏ ਧਵਲ ਕੁਲਕਰਨੀ (10) ਨੂੰ ਆਪਣੀ ਗੇਂਦ ’ਤੇ ਕੈਚ ਕਰ ਲਿਆ। ਜੁਨੇਜਾ ਆਊਟ ਹੋਣ ਵਾਲਾ ਅਗਲਾ ਖਿਡਾਰੀ ਸੀ ਜਦੋਂਕਿ ਇਮਤਿਆਜ ਅਹਿਮਦ ਨੂੰ ਵੀ ਗਿਲੇਸਪੀ ਨੇ ਪੈਵੀਲੀਅਨ ਭੇਜਿਆ।
ਮੈਚ ਦੇ ਨਤੀਜੇ ਦੀ ਉਮੀਦ ਨਹੀਂ ਸੀ। ਨਿਊਜ਼ੀਲੈਂਡ ਏ ਦੇ ਕਪਤਾਨ ਟਾਮ ਲਾਥਮ (61) ਨੇ ਕੁਝ ਦੌੜਾਂ ਬਣਾਈਆਂ ਜਿਸ ਨਾਲ ਉਸ ਨੂੰ ਲਿਸਟ ਏ ਸੀਰੀਜ਼ ਲਈ ਆਤਮ-ਵਿਸ਼ਵਾਸ ਹਾਸਲ ਕਰਨ ਵਿਚ ਮਦਦ ਮਿਲੇਗੀ। ਨੀਲ ਬਰੂਮ (0) ਨੇ ਕੁਲਕਰਨੀ ਨੂੰ ਐਲ.ਬੀ.ਡਬਲਿਊ. ਆਊਟ ਕੀਤਾ। ਲਾਥਮ ਨੇ ਕਾਰਲ ਕਾਠੋਪਾ (76) ਦੇ ਨਾਲ ਮਿਲ ਕੇ ਦੂਸਰੇ ਵਿਕਟ ਲਈ 128 ਦੌੜਾਂ ਬਣਾਈਆਂ। ਇਸ ਮਗਰੋਂ ਸਪਿੰਨਰ ਰਾਕੇਸ਼ ਧਰੁਵ (45 ਦੌੜਾਂ ਦੇ ਕੇ ਦੋ ਖਿਡਾਰੀ ਆਊਟ) ਨੇ ਲਗਾਤਾਰ ਓਵਰਾਂ ਵਿਚ ਇਨ੍ਹਾਂ ਜਮੇ ਹੋਏ ਖਿਡਾਰੀਆਂ ਨੂੰ ਆਊਟ ਕੀਤਾ।
ਇਸ ਮੈਚ ਵਿਚ ਕੁਝ ਸਾਕਾਰਾਤਮਕ ਪਹਿਲੂ ਵੀ ਨਜ਼ਰ ਆਏ। ਨੌਜਵਾਨ ਭਾਰਤੀ ਅੰਡਰ-19 ਕਪਤਾਨ ਵਿਜੇ ਜੋਲ ਨੇ ਸੈਂਕੜੇ ਨਾਲ ਪ੍ਰਥਮ ਸ਼੍ਰੇਣੀ ਵਿਚ ਆਪਣੇ ਆਗਾਜ਼ ਦਾ ਐਲਾਨ ਕੀਤਾ। ਜੁਨੇਜਾ ਨੇ ਵੀ ਦਿਖਾ ਦਿੱਤਾ ਕਿ ਉਹ ਘਰੇਲੂ ਸਰਕਟ ਵਿਚ ਚੰਗਾ ਖਿਡਾਰੀ ਕਿਉਂ ਮੰਨਿਆ ਜਾਂਦਾ ਹੈ। ਕੇਰਲ ਦੇ ਸਲਾਮੀ ਬੱਲੇਬਾਜ਼ ਵਾਸੂਦੇਵਨ ਜਗਦੀਸ਼ ਨੇ ਵੀ ਆਪਣੀ ਪ੍ਰਤਿਭਾ ਦਾ ਬਾਖੂਬੀ ਨਜ਼ਾਰਾ ਪੇਸ਼ ਕੀਤਾ। ਪਰ ਸਭ ਤੋਂ ਵੱਡੀ ਨਿਰਾਸ਼ਾ ਦਿੱਲੀ ਦੇ ਉਨਮੁਕਤ ਚੰਦ ਤੋਂ ਮਿਲੀ, ਜੋ ਦੋਨਾਂ ਟੈਸਟਾਂ ਵਿਚ ਦੋਹਰੇ ਅੰਕ ਤਕ ਪਹੁੰਚਣ ’ਚ ਅਸਫਲ ਰਿਹਾ। ਪਿਛਲੇ ਪੰਜ ਮੈਚਾਂ ਵਿਚ (ਲਿਸਟ ਏ ਅਤੇ ਪ੍ਰਥਮ ਸ਼੍ਰੇਣੀ) ਉਸ ਦਾ ਸਕੋਰ 10,0,15,4,4 ਰਿਹਾ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਉਨਮੁਕਤ ਅਗਾਮੀ ਲਿਸਟ ਏ ਸੀਰੀਜ਼ ਵਿਚ ਕੁਝ ਚੰਗੀਆਂ ਦੌੜਾਂ ਬਣਾਏਗਾ ਕਿਉਂਕਿ ਉਸ ਨੂੰ ਟੀਮ ਦੀ ਅਗਵਾਈ ਸੌਂਪੀ ਗਈ ਹੈ।

Facebook Comment
Project by : XtremeStudioz