Close
Menu

ਭਾਰਤ-ਚੀਨ ਫ਼ੌਜੀ ਟਕਰਾਅ ਰੋਕਣ ਲਈ ਗੱਲਬਾਤ ਜਾਰੀ: ਐਂਟਨੀ

-- 03 September,2013

A.K.ANOTNY(CHIEF MINISTER OF KERLA)

ਹਿੰਡਨ (ਯੂਪੀ),3 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਰੱਖਿਆ ਮੰਤਰੀ ਏ.ਕੇ ਐਂਟਨੀ ਨੇ ਅੱਜ ਇੱਥੇ ਕਿਹਾ ਕਿ ਭਾਰਤੀ ਅਤੇ ਚੀਨੀ ਫੌਜਾਂ ਵਿਚਾਲੇ ਅਸਲ ਕੰਟਰੋਲ ਲਕੀਰ (ਐਲਓਸੀ) ਉੱਤੇ ਵਾਰ ਵਾਰ ਟਕਰਾਅ ਵਾਲੇ ਹਾਲਾਤ ਬਣਨ ਤੋਂ ਰੋਕਣ ਸਬੰਧੀ ‘ਵਧੇਰੇ ਅਮਲੀ ਤੇ ਅਸਰਦਾਰ’ ਢਾਂਚਾ ਵਿਕਸਤ ਕਰਨ ਲਈ ਗੱਲਬਾਤ ਜਾਰੀ ਹੈ। ਉਹ ਭਾਰੀ ਢੋਆ-ਢੁਆਈ ਵਾਲੇ ਜਹਾਜ਼ ਸੀ-17 ਨੂੰ ਰਸਮੀ ਤੌਰ ’ਤੇ ਭਾਰਤੀ ਹਵਾਈ ਫੌਜ ਵਿੱਚ ਸ਼ਾਮਲ ਕਰਨ ਲਈ ਇੱਥੇ ਹੋਏ ਸਮਾਗਮ ਪਿੱਛੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਭਾਰਤੀ ਅਤੇ ਚੀਨੀ ਫੌਜਾਂ ਦੇ ‘ਆਹਮੋ-ਸਾਹਮਣੇ ਆ ਜਾਣ ਵਾਲੇ ਅਫਸੋਸਨਾਕ’ ਹਾਲਾਤ ਦੋਵੇਂ ਧਿਰਾਂ ਦੇ ਐਲਓਸੀ ਬਾਰੇ ਵੱਖੋ-ਵੱਖਰੇ ਨਜ਼ਰੀਏ ਹੋਣ ਕਾਰਨ ਬਣਦੇ ਹਨ। ਉਨ੍ਹਾਂ ਕਿਹਾ ਕਿ ਦੋਵੇਂ ਫੌਜਾਂ ਦਰਮਿਆਨ ‘ਵਧੇਰੇ ਸਮਝਦਾਰੀ ਬਣਾਉਣ ਦੀਆਂ ਕੋਸ਼ਿਸ਼ਾਂ, ਜਾਰੀ ਹਨ। ਇਸ ਬਾਰੇ ਸਫਾਰਤੀ ਚੈਨਲਾਂ ਤੋਂ ਇਲਾਵਾ ਦੋਵੇਂ ਫੌਜਾਂ ਵਿੱਚ ਬਿਹਤਰ ਸਮਝ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਲਈ ਸਰਹੱਦ ਉੱਤੇ ਵਧੇਰੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਤੇ ਹੋਰ ਭਰੋਸਾ ਬਹਾਲੀ ਕਦਮ ਵੀ ਚੁੱਕੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਕੁਝ ਕਦਮ ਪਹਿਲਾਂ ਹੀ ਉਠਾਏ ਜਾ ਚੁੱਕੇ ਹਨ ਤੇ ਕੁਝ ਛੇਤੀ ਹੀ ਹੋਰ ਉਠਾਏ ਜਾਣਗੇ। ਅਜਿਹੀਆਂ ਮਾੜੀਆਂ ਘਟਨਾਵਾਂ ਰੋਕਣ ਲਈ ਵਧੇਰੇ ‘ਅਮਲੀ ਤੇ ਅਸਰਦਾਰ ਢਾਂਚਾ ਬਣਾਉਣ ਵਾਸਤੇ’ ਗੱਲਬਾਤ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਘੁਸਪੈਠ ਦੀਆਂ ਅਜਿਹੀਆਂ ਘਟਨਾਵਾਂ ਵਾਪਰਨ ਦੇ ਮੌਕੇ ਹਾਲਾਤ ਨਾਲ ਸਿੱਝਣ ਲਈ ਫੌਜ ਪੂਰੀ ਤਰ੍ਹਾਂ ‘ਆਜ਼ਾਦ’ ਹੈ। ਉਨ੍ਹਾਂ ਕਿਹਾ ਕਿ ਸਰਹੱਦ ਦਾ ਸਵਾਲ ਹੱਲ ਨਾ ਹੋ ਜਾਣ ਕਾਰਨ ਐਲਓਸੀ ਉੱਤੇ ਦੋਵੇਂ ਧਿਰਾਂ ਵੱਲੋਂ ਆਪੋ ਆਪਣੀ ਸਮਝ ਵਾਲੇ ਇਲਾਕਿਆਂ ਵਿੱਚ ਜਾਣ ਦੀ ਸੰਭਾਵਨਾ ਬਣੀ ਰਹੇਗੀ।
ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਦੀ ਅਗਲੇ ਮਹੀਨੇ ਦੀ ਚੀਨ ਫੇਰੀ ਰੱਦ ਕਰ ਦਿੱਤੇ ਜਾਣ ਬਾਰੇ ਪੁੱਛਣ ਉੱਤੇ ਉਨ੍ਹਾਂ ਕਿਹਾ ਕਿ ‘ਅਜਿਹਾ ਨਹੀਂ’ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਮਰਜ਼ੀ ਜਾਂ ਮਿਲੇ ਹੋਏ ਸੱਦੇ ਮੁਤਾਬਕ ਕਿਤੇ ਵੀ ਜਾਣ ਲਈ ਆਜ਼ਾਦ ਹਨ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਭਾਰਤ ਹੁਣ ਬਹੁਤੇ ਜਹਾਜ਼ ਅਮਰੀਕਾ ਦੇ ਬਣੇ ਹੋਏ ਵਰਤ ਰਿਹਾ ਹੈ, ਕੀ ਉਹ ਅਮਰੀਕਾ ਵੱਲ ਝੁਕਿਆ ਹੈ ਤਾਂ ਸ੍ਰੀ ਐਂਟਨੀ ਨੇ ਕਿਹਾ, ‘‘ਅਸੀਂ ਕਿਸੇ ਵੱਲ ਝੁੱਕ ਨਹੀਂ ਰਹੇ। ਸਾਡੀ ਅਮਰੀਕਾ ਸਣੇ ਅਨੇਕਾਂ ਮੁਲਕਾਂ ਨਾਲ ਰਣਨੀਤਕ ਭਾਈਵਾਲੀ ਹੈ। ’’

Facebook Comment
Project by : XtremeStudioz