Close
Menu

ਭਾਰਤ ’ਚ ਅਸਲ ਮੁੱਦਾ ਵਿਕਾਸ ਦੀ ਗਤੀ: ਇੰਦਰਾ ਨੂਈ

-- 01 April,2019

ਨਿਊਯਾਰਕ, ਪੈਪਸੀਕੋ ਦੀ ਸਾਬਕਾ ਚੇਅਰਪਰਸਨ ਇੰਦਰਾ ਨੂਈ ਨੇ ਕਿਹਾ ਹੈ ਕਿ ਭਾਰਤ ਵਿਚ ਅਸੀਮ ਸਮਰੱਥਾ ਹੈ ਅਤੇ ਅਸਲ ਮੁੱਦਾ ਵਿਕਾਸ ਦੀ ਗਤੀ ਅਤੇ ਇਸ ਗੱਲ ਦਾ ਹੈ ਕਿ ਇਹ ਆਪਣੇ ਰਾਹ ਵਿਚ ਆਉਣ ਵਾਲੀਆਂ ਕਿੰਨੀਆਂ ਔਕੜਾਂ ਦੂਰ ਕਰਨੀਆਂ ਚਾਹੁੰਦਾ ਹੈ। ਨੂਈ ਨੇ ਪਿਛਲੇ ਸਾਲ ਅਕਤੂਬਰ ਵਿਚ 24 ਸਾਲ ਵਿਸ਼ਵ ਪੱਧਰੀ ਕੰਪਨੀ ਪੈਪਸੀਕੋ ਨਾਲ ਕੰਮ ਕਰਨ ਮਗਰੋਂ ਇਸਦੀ ਸੀਈਓ ਵਜੋਂ ਅਸਤੀਫ਼ਾ ਦੇ ਦਿੱਤਾ ਸੀ।
ਉਨ੍ਹਾਂ ਕਿਹਾ,‘ਭਾਰਤ ਵਿਚ ਅਸੀਮ ਸਮਰੱਥਾ ਹੈ, ਹੁਨਰ ਪੱਖੋਂ, ਆਬਾਦੀ, ਹਰ ਪੱਖੋਂ। ਉਹ ਸ਼ਹਿਰ ਵਿਚ ਭਾਰਤ ਦੇ ਕੌਂਸੁਲੇਟ ਜਨਰਲ ਵਲੋਂ ਕੌਂਸਲ ਜਨਰਲ ਸੰਦੀਪ ਚੱਕਰਵਰਤੀ ਦੀ ਅਗਵਾਈ ਤੇ ‘ਯੂਐੱਸ-ਇੰਡੀਆ ਸਟਰੈਟੇਜਿਕ ਪਾਰਟਰਨਰਸ਼ਿਪ ਫੋਰਮ’ (ਯੂਐਸਆਈਐਸਪੀਐਫ) ਦੇ ਸਹਿਯੋਗ ਨਾਲ ਕਰਵਾਏ ਇੱਕ ਸਮਾਗਮ ‘ਨਿਊ ਇੰਡੀਆ ਲੈਕਚਰ’ ਵਿਚ ਭਾਰਤ ਤੇ ਇਸਦੀ ਵਿਕਾਸ ਦੀ ਸਮਰੱਥਾ ਬਾਰੇ ਪੁੱਛੇ ਇੱਕ ਸੁਆਲ ਦਾ ਜੁਆਬ ਦੇ ਰਹੇ ਸਨ।
ਉਨ੍ਹਾਂ ਕਿਹਾ,‘ਭਾਰਤ ਨੂੰ ਉਹ ਕੰਮ ਕਰਨ ਦੀ ਲੋੜ ਹੈ, ਜੋ ਇਸ ਲਈ ਸਹੀ ਹੈ। ਮੈਂ ਇਸ ਵਿਸ਼ੇ ਬਾਰੇ ਆਪਣੀ ਰਾਇ ਦੇਣ ਵਾਲੀ ਵਿਅਕਤੀ ਵਿਸ਼ੇਸ਼ ਨਹੀਂ ਹਾਂ। ਭਾਰਤ ਨੂੰ ਉਹੀ ਕੰਮ ਕਰਨਾ ਚਾਹੀਦਾ ਹੈ, ਜੋ ਇਸ ਲਈ ਸਹੀ ਹੈ, ਬਿਲਕੁਲ ਉਵੇਂ ਹੀ ਜਿਵੇਂ ਕਿ ਯੂਰਪ ਨੂੰ ਉਹੀ ਕੰਮ ਕਰਨਾ ਚਾਹੀਦਾ ਹੈ, ਜੋ ਇਸ ਲਈ ਸਹੀ ਹੈ।’ ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਕਈ ਵਾਰ ਕੌਮਾਂਤਰੀ ਪੱਧਰ ਉੱਤੇ ਅਨਿਸ਼ਚਿਤਤਾ ਦਾ ਮਾਹੌਲ ਬਣਿਆ ਹੈ।
ਉਨ੍ਹਾਂ ਕਿਹਾ,‘ਇਹ ਅਨਿਸ਼ਚਿਤਤਾ ਵੱਖ ਵੱਖ ਰੂਪਾਂ ਵਿਚ ਰਹੀ ਹੈ ਪਰ ਇਹ ਹਮੇਸ਼ਾਂ ਹੀ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਹਮੇਸ਼ਾ ਹੀ ਇਹ ਗੱਲ ਆਖੀ ਹੈ ਕਿ ਜਦੋਂ ਵੀ ਤੁਸੀਂ ਕਿਸੇ ਮੁਲਕ ਵਿਚ ਜਾਉ ਤਾਂ ਤੁਹਾਨੂੰ ਇਸ ਢੰਗ ਨਾਲ ਕੰਮ ਕਰਨਾ ਚਾਹੀਦਾ ਹੈ ਕਿ ਜਿਵੇਂ ਤੁਸੀਂ ਉਸ ਮੁਲਕ ਦੇ ਨਾਗਰਿਕ ਹੋ।’

Facebook Comment
Project by : XtremeStudioz