Close
Menu

ਭਾਰਤ ਤੇ ਆਸਟਰੇਲੀਆ ਵਿੱਚ ਚੌਥਾ ਤੇ ਅੰਤਿਮ ਟੈਸਟ ਮੈਚ ਰਿਹਾ ਬਰਾਬਰੀ ’ਤੇ

-- 10 January,2015

ਸਿਡਨੀ,  ਭਾਰਤ ਨੇ ਸਿਡਨੀ ਕ੍ਰਿਕਟ ਗਰਾਊਂਡ ਵਿੱਚ ਚੌਥੇ ਅਤੇ ਅੰਤਿਮ ਟੈਸਟ ਮੈਚ ਦੌਰਾਨ ਆਸਟਰੇਲੀਆ ਖਿਲਾਫ਼ ਮੁਸ਼ਕਿਲ ਹਾਲਾਤ ਤੋਂ ਉਭਰਦੇ ਹੋਏ ਮੈਚ ਡਰਾਅ ਕਰਵਾ ਲਿਆ ਪਰ ਮੇਜ਼ਬਾਨ ਟੀਮ ਇਹ ਸੀਰੀਜ਼ 2-0 ਨਾਲ ਜਿੱਤਣ ਵਿੱਚ ਸਫਲ ਹੋ ਗਈ।

ਆਸਟਰੇਲੀਆ ਦੀਆਂ 349 ਦੌੜਾਂ ਦਾ ਪਿੱਛਾ ਕਰਦੇ ਹੋਏ ਭਾਰਤ ਨੇ ਚੰਗੀ ਸ਼ੁਰੂਆਤ ਕੀਤੀ। ਆਖਰੀ ਸੈਸ਼ਨ ਵਿੱਚ ਹਾਲਾਂਕਿ ਨਿਯਮਤ ਅੰਤਰਾਲ ਵਿੱਚ ਭਾਰਤ ਨੇ ਵਿਕਟਾਂ ਵੀ ਗਵਾਈਆਂ ਪਰ ਅੰਤ ਵਿੱਚ ਟੀਮ ਇੰਡੀਆ 89.5 ਓਵਰਾਂ ਵਿੱਚ ਸੱਤ ਵਿਕਟਾਂ ’ਤੇ 252 ਦੌੜਾਂ ਬਣਾ ਕੇ ਮੈਚ ਡਰਾਅ ਕਰਨ ਵਿੱਚ ਸਫਲ ਹੋ ਗਈ।
ਚਾਹ ਦੇ ਸਮੇਂ ਤੱਕ ਭਾਰਤ ਦੋ ਵਿਕਟਾਂ ’ਤੇ 160 ਦੌੜਾਂ ਬਣਾ ਕੇ ਚੰਗੀ ਸਥਿਤੀ ਵਿੱਚ ਸੀ ਅਤੇ ਆਖਰੀ ਸੈਸ਼ਨ ਵਿੱਚ ਜਿੱਤ ਲਈ 33 ਓਵਰਾਂ ਵਿੱਚ 189 ਦੌੜਾਂ ਦੀ ਜ਼ਰੂਰਤ ਸੀ। ਇਸ ਦੌਰਾਨ ਪਾਸਾ ਪਲਟ ਗਿਆ ਜਦੋਂ ਭਾਰਤ ਨੇ ਜਲਦੀ-ਜਲਦੀ ਮੁਰਲੀ ਵਿਜੈ (80), ਫਾਰਮ ਵਿੱਚ ਚਲ ਰਹੇ ਕਪਤਾਨ ਵਿਰਾਟ ਕੋਹਲੀ (46), ਸੁਰੇਸ਼ ਰੈਣਾ (0), ਰਿਦੀਮਾਨ ਸਾਹਾ (0) ਅਤੇ ਰਵੀਚੰਦਰਨ ਅਸ਼ਵਿਨ (01) ਦੇ ਵਿਕਟ ਗਵਾ ਦਿੱਤੇ ਜਿਸ ਨਾਲ ਆਸਟਰੇਲੀਆ ਦੇ ਜਿੱਤਣ ਦੀ ਉਮੀਦ ਨਜ਼ਰ ਆਉਣ ਲਗ ਪਈ। ਇਸੇ ਦੌਰਾਨ ਅਜਿੰਕਿਆ ਰਹਾਨੇ (ਨਾਬਾਦ 38) ਅਤੇ ਭੁਵਨੇਸ਼ਵਰ ਕੁਮਾਰ (ਨਾਬਾਦ 20) ਨੇ ਤਣਾਅ ਭਰੇ 12 ਓਵਰ ਡਟ ਕੇ ਖੇਡੇ ਅਤੇ ਮੈਚ ਡਰਾਅ ਕਰਨ ਵਿੱਚ ਅਹਿਮ ਮਦਦ ਕੀਤੀ।
ਇਸ ਤੋਂ ਪਹਿਲਾਂ ਭਾਰਤ ਨੂੰ ਪੂਰੀ ਸੀਰੀਜ਼ ਵਿੱਚ ਗੇਂਦਬਾਜ਼ਾਂ ਦੇ ਖਰਾਬ ਪ੍ਰਦਰਸ਼ਨ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਆਸਟਰੇਲੀਆ ਨੇ ਐਡੀਲੇਡ ਅਤੇ ਬ੍ਰਿਸਬੇਨ ਵਿੱਚ ਜਿੱਤਾਂ ਦਰਜ ਕਰਕੇ ਇਸ ਵਾਰ ਫੇਰ ਬੋਰਡਰ-ਗਾਵਸਕਰ ਟਰਾਫ਼ੀ ਆਪਣੇ ਨਾਂ ਕਰ ਲਈ ਹੈ। ਮੈਲਬਰਨ ਵਿੱਚ ਬਾਕਸਿੰਗ ਡੇਅ ਟੈਸਟ ਡਰਾਅ ਰਿਹਾ ਸੀ।
ਆਸਟਰੇਲੀਆ ਤਰਫੋਂ ਜੋਸ਼ ਹੇਜਲਵੁੱਡ ਨੇ 31, ਮਿਸ਼ੇਲ ਸਟਾਰਕ ਨੇ 36 ਜਦੋਂਕਿ ਆਫ਼ ਸਪਿੰਨਰ ਨਾਥਨ ਲਿਓਨ ਨੇ 110 ਦੌੜਾਂ ਦੇ ਕੇ ਦੋ-ਦੋ ਵਿਕਟ ਹਾਸਲ ਕੀਤੇ।
ਇਸ ਤੋਂ ਪਹਿਲਾਂ ਆਸਟਰੇਲੀਆ ਨੇ ਬੀਤੇ ਦਿਨ ਦੇ ਸਕੋਰ 6 ਵਿਕਟਾਂ ’ਤੇ 251 ਦੌੜਾਂ ’ਤੇ ਪਾਰੀ ਦਾ ਐਲਾਨ ਕਰਦਿਆਂ ਭਾਰਤ ਨੂੰ ਮੈਚ ਜਿੱਤਣ ਲਈ 90 ਓਵਰਾਂ ਵਿੱਚ 349 ਦੌੜਾਂ ਬਣਾਉਣ ਦਾ ਟੀਚਾ ਦਿੱਤਾ।
ਭਾਰਤ ਨੇ ਟੀਚੇ ਦਾ ਪਿੱਛਾ ਕਰਦੇ ਹੋਏ ਜਲਦੀ ਹੀ ਨੌਜਵਾਨ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ (16) ਦਾ ਵਿਕਟ ਗਵਾ ਦਿੱਤਾ ਪਰ ਵਿਜੈ ਅਤੇ ਰੋਹਿਤ ਸ਼ਰਮਾ (36) ਨੇ ਦੂਸਰੇ ਵਿਕਟ ਲਈ 56 ਦੌੜਾਂ ਜੋੜ ਕੇ ਪਾਰੀ ਨੂੰ ਸੰਭਾਲਿਆ।
ਵਿਜੈ ਅਤੇ ਰਾਹੁਲ ਨੇ ਭਾਰਤ ਨੂੰ ਧੀਮੀ ਪਰ ਠੋਸ ਸ਼ੁਰੂਆਤ ਦਿੱਤੀ। ਦੋਨਾਂ ਨੇ ਨਵੀਂ ਗੇਂਦ ਖਿਲਾਫ਼ ਚੌਕਸ ਰਵੱਈਆ ਅਪਣਾਇਆ ਜਿਸ ਨਾਲ ਪਹਿਲੇ ਸੱਤ ਓਵਰਾਂ ਵਿੱਚ ਸਿਰਫ਼ 9 ਦੌੜਾਂ ਹੀ ਬਣੀਆਂ। ਆਸਟਰੇਲੀਆ ਦੇ ਕਪਤਾਨ ਸਟੀਵਨ ਸਮਿੱਥ ਨੇ ਛੇਵੇਂ ਓਵਰ ਵਿੱਚ ਹੀ ਸਪਿੰਨਰ ਨਾਥਨ ਲਿਓਨ ਨੂੰ ਹਮਲਾਵਰ ਗੇਂਦਬਾਜ਼ੀ ਲਈ ਮੈਦਾਨ ’ਚ ਉਤਾਰਿਆ। ਵਿਜੈ ਨੇ ਪਾਰੀ ਦੇ 10ਵੇਂ ਓਵਰ ਵਿੱਚ ਹਮਲਾਵਰ ਰੁਖ ਅਪਣਾਉਂਦਿਆਂ ਲਿਓਨ ਦੀ ਗੇਂਦ ’ਤੇ ਇਕ ਛੱਕਾ ਤੇ ਇੱਕ ਚੌਕਾ ਜੜਿਆ ਤੇ 16 ਦੌੜਾਂ ਬਣਾਈਆਂ।
ਦੂਸਰੇ ਪਾਸੇ ਰਾਹੁਲ ਨੂੰ ਕਰੀਜ਼ ’ਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਪਰ ਉਹ ਵਿਜੈ ਦੇ ਨਾਲ ਪਹਿਲੀ ਵਿਕਟ ਲਈ 48 ਦੌੜਾਂ ਜੋੜਨ ਤੋਂ ਬਾਅਦ ਪਾਰੀ ਦੇ 14ਵੇਂ ਓਵਰ ਵਿੱਚ ਲਿਓਨ ਦੀ ਗੇਂਦ ’ਤੇ ਡੇਵਿਡ ਵਾਰਨਰ ਨੂੰ ਕੈਚ ਦੇ ਬੈਠਿਆ। ਰਾਹੁਲ ਦੇ ਆਊੁਟ ਹੋਣ ਨਾਲ ਰੋਹਿਤ ਕਰੀਜ਼ ’ਤੇ ਪਹੁੰਚਿਆ। ਉਹ ਪਹਿਲੀ ਗੇਂਦ ’ਤੇ ਹੀ ਸਟੰਪ ਆਊਟ ਹੁੰਦਿਆਂ ਵਾਲ-ਵਾਲ ਬਚਿਆ। ਰਾਹੁਲ ਦੇ ਆਊਟ ਹੋਣ ਤੋਂ ਬਾਅਦ 6.4 ਓਵਰਾਂ ਤਕ ਕੋਈ ਸਕੋਰ ਨਹੀਂ ਬਣਿਆ। ਭਾਰਤ ਨੇ 20ਵੇਂ ਓਵਰ ਵਿੱਚ 50 ਦੌੜਾਂ ਪੂਰੀਆਂ ਕੀਤੀਆਂ। ਰੋਹਿਤ ਨੇ ਪਾਰੀ ਦੇ 24ਵੇਂ ਓਵਰ ਵਿੱਚ ਲਿਓਨ ਦੀ ਗੇਂਦ ’ਤੇ ਚੌਕਾ ਜੜਿਆ ਅਤੇ ਵਿਜੈ ਦੇ ਨਾਲ ਮਿਲ ਕੇ ਲੰਚ ਤਕ ਟੀਮ ਦਾ ਸਕੋਰ ਇਕ ਵਿਕਟ ’ਤੇ 73 ਦੌੜਾਂ ਤਕ ਪਹੁੰਚਾ ਦਿੱਤਾ।
ਲੰਚ ਤੋਂ ਬਾਅਦ ਰੋਹਿਤ ਜ਼ਿਆਦਾ ਦੇਰ ਤਕ ਨਹੀਂ ਟਿਕ ਸਕਿਆ। ਸ਼ੇਨ ਵਾਟਸਨ ਦੀ ਗੇਂਦ ’ਤੇ ਸਮਿੱਥ ਨੇ ਸਲਿਪ ਵਿੱਚ ਸ਼ਾਨਦਾਰ ਕੈਚ ਕਰਕੇ ਰੋਹਿਤ ਦੀ ਪਾਰੀ ਦਾ ਅੰਤ ਕਰ ਦਿੱਤਾ। ਹੁਣ ਵਿਜੈ ਦਾ ਸਾਥ ਦੇਣ ਲਈ ਕਪਤਾਨ ਵਿਰਾਟ ਕੋਹਲੀ ਮੈਦਾਨ ’ਤੇ ਉਤਰਿਆ। ਇਸ ਮਗਰੋਂ ਭਾਰਤ ਨੇ ਪਾਰੀ ਦੇ 37ਵੇਂ ਓਵਰ ਵਿੱਚ 100 ਦੌੜਾਂ ਪੂਰੀਆਂ ਕੀਤੀਆਂ। ਵਿਜੈ ਹਾਲਾਂਕਿ 42 ਦੌੜਾਂ ਦੇ ਨਿਜੀ ਸਕੋਰ ’ਤੇ ਕਿਸਮਤ ਵਾਲਾ ਰਿਹਾ ਜਦੋਂ ਸ਼ਾਨ ਮਾਰਸ਼ ਨੇ ਰਿਆਨ ਹੈਰਿਸ ਦੀ ਗੇਂਦ ’ਤੇ ਸ਼ਾਰਟ ਕਵਰ ’ਤੇ ਉਸ ਦਾ ਕੈਚ ਛੱਡ ਦਿੱਤਾ। ਵਿਜੈ ਨੇ ਇਸ ਤੋਂ ਬਾਅਦ ਲਿਓਨ ਦੀ ਗੇਂਦ ’ਤੇ ਇਕ ਦੌੜ ਬਣਾ ਕੇ ਮੌਜੂਦਾ ਸੀਰੀਜ਼ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਭਾਰਤ ਨੂੰ ਆਖਰੀ ਸੈਸ਼ਨ ਵਿੱਚ 189 ਦੌੜਾਂ ਚਾਹੀਦੀਆਂ ਸਨ ਜਦੋਂਕਿ 8 ਵਿਕਟਾਂ ਬਾਕੀ ਸਨ।
ਵਿਜੈ ਅਤੇ ਕੋਹਲੀ ਭਾਵੇਂ ਟੀਮ ਇੰਡੀਆ ਨੂੰ ਮੈਚ ਜਿਤਾਉਣ ਦੇ ਇਰਾਦੇ ਨਾਲ ਉਤਰੇ ਸਨ ਪਰ ਵਿਜੈ ਜਲਦੀ ਹੀ ਹੇਜਲਵੁੱਡ ਨੂੰ ਕੈਚ ਦੇ ਬੈਠਿਆ ਜਿਸ ਨਾਲ ਕਪਤਾਨ ਕੋਹਲੀ ਨਾਲ ਉਸ ਦੀ ਤੀਸਰੇ ਵਿਕਟ ਲਈ 74 ਦੌੜਾਂ ਦੀ ਸਾਂਝੇਦਾਰੀ ਦਾ ਅੰਤ ਹੋ ਗਿਆ। ਵਿਜੈ ਨੇ 165 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਸੱਤ ਚੌਕੇ ਅਤੇ 6 ਛੱਕੇ ਜੜੇ। ਭਾਰਤ ਨੇ 67ਵੇਂ ਓਵਰ ਵਿੱਚ 200 ਦੌੜਾਂ ਪੂਰੀਆਂ ਕੀਤੀਆਂ ਪਰ ਇਸ ਤੋਂ ਬਾਅਦ ਕੋਹਲੀ ਨੇ ਸਟਾਰਕ ਦੀ ਗੇਂਦ ’ਤੇ ਵਾਟਸਨ ਨੂੰ ਕੈਚ ਦੇ ਦਿੱਤਾ। ਕੋਹਲੀ ਨੇ 95 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਤਿੰਨ ਚੌਕੇ ਮਾਰੇ। ਕੋਹਲੀ ਦੇ ਆਊਟ ਹੁੰਦਿਆਂ ਹੀ ਭਾਰਤ ਦੀਆਂ ਜਿੱਤ ਦੀਆਂ ਉਮੀਦਾਂ ਟੁੱਟ ਗਈਆਂ ਅਤੇ ਹੁਣ ਭਾਰਤ ਦਾ ਟੀਚਾ ਮੈਚ ਨੂੰ ਡਰਾਅ ਕਰਨਾ ਸੀ। ਸਟਾਰਕ ਨੇ ਇਸ ਤੋਂ ਬਾਅਦ ਰੈਨਾ ਤੇ ਲਿਓਨ ਨੇ ਸਾਹਾ ਨੂੰ ਪੈਵੇਲੀਅਨ ਦਾ ਰਾਹ ਦਿਖਾਇਆ। ਰੈਨਾ ਮੈਚ ਦੀਆਂ ਦੋਨਾਂ ਪਾਰੀਆਂ ਵਿੱਚ ਖਾਤਾ ਖੋਲ੍ਹਣ ’ਚ ਅਸਮਰਥ ਰਿਹਾ।
ਅਸ਼ਵਿਨ ਨੇ ਇਸ ਤੋਂ ਬਾਅਦ 22 ਗੇਂਦਾਂ ਦਾ ਸਾਹਮਣਾ ਕੀਤਾ ਅਤੇ ਰਹਾਨੇ ਨਾਲ ਮਿਲ ਕੇ 7.1 ਓਵਰਾਂ ਤਕ ਟਿਕੇ ਰਹੇ ਜਿਸ ਦੌਰਾਨ ਸਿਰਫ਼ 9 ਦੌੜਾਂ ਹੀ ਬਣੀਆਂ। ਹੇਜ਼ਲਵੁੱਡ ਨੇ ਹਾਲਾਂਕਿ ਅਸ਼ਵਿਨ ਨੂੰ ਐਲ.ਬੀ.ਡਬਲਿਊ ਆਊਟ ਕਰਕੇ ਭਾਰਤ ਦੀਆਂ ਮੁਸੀਬਤਾਂ ਵਧਾ ਦਿੱਤੀਆਂ। ਭੁਵਨੇਸ਼ਵਰ ਨੇ ਇਸ ਤੋਂ ਬਾਅਦ ਰਹਾਨੇ ਦੇ ਨਾਲ ਮਿਲ ਕੇ ਕੁਝ ਚੰਗੇ ਸ਼ਾਟ ਲਗਾਏ। ਦੋਵਾਂ ਨੇ 69 ਗੇਂਦਾਂ ਵਿੱਚ 35 ਦੌੜਾਂ ਜੋੜੀਆਂ ਤੇ ਭਾਰਤ ਨੂੰ ਹਾਰ ਤੋਂ ਬਚਾਅ ਲਿਆ।

Facebook Comment
Project by : XtremeStudioz