ਨਵੀਂ ਦਿੱਲੀ, ਭਾਰਤ ਤੇ ਚੀਨ ਨੇ ਸਰਹੱਦ ਮੁੱਦੇ ‘ਤੇ ਅੱਜ 18ਵੇਂ ਦੌਰ ਦੀ ਗੱਲਬਾਤ ਕੀਤੀ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਿਛਲੇ ਸਾਲ ਸੱਤਾ ‘ਚ ਆਉਣ ਤੋਂ ਬਾਅਦ ਅਜਿਹੀ ਪਹਿਲੀ ਭੇਂਟਵਾਰਤਾ ਹੈ। ਸਰਹੱਦ ਮੁੱਦੇ ‘ਤੇ ਵਿਸ਼ੇਸ਼ ਪ੍ਰਤੀਨਿਧੀ ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਦੋਭਾਲ ਨੇ ਆਪਣੇ ਚੀਨੀ ਹਮਰੁੱਤਬਾ ਤੇ ਸਟੇਟ ਕਾਉਂਸਲਰ ਯਾਂਗ ਜੀਚੀ ਨਾਲ ਗੱਲਬਾਤ ਕੀਤੀ। ਗੱਲਬਾਤ ਦਾ ਇਹ ਨਵਾਂ ਦੌਰ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਭਾਰਤ ਯਾਤਰਾ ਦੇ ਕਰੀਬ ਛੇ ਮਹੀਨੇ ਬਾਅਦ ਹੋ ਰਿਹਾ ਹੈ। ਸਤੰਬਰ ‘ਚ ਸ਼ੀ ਦੀ ਯਾਤਰਾ ‘ਤੇ ਲਦਾਖ਼ ਖੇਤਰ ਦੇ ਚਮਾਰ ‘ਚ ਚੀਨੀ ਸੈਨਿਕਾਂ ਨੇ ਘੁਸਪੈਠ ਕੀਤੀ ਸੀ। ਉਸਨੂੰ ਸ਼ੀ ਦੀ ਯਾਤਰਾ ਤੋਂ ਬਾਅਦ ਦੋਵਾਂ ਪੱਖਾਂ ਦੇ ਹਟਣ ਦੇ ਨਾਲ ਸੁਲਝਾ ਲਿਆ ਗਿਆ ਸੀ। ਸਰਹੱਦ ਮੁੱਦੇ ‘ਤੇ ਇਹ ਵਾਰਤਾ ਮੋਦੀ ਦੀ ਪਹਿਲੀ ਚੀਨ ਯਾਤਰਾ ਤੋਂ ਪਹਿਲਾਂ ਹੋ ਰਹੀ ਹੈ। ਮੋਦੀ ਮਈ ਦੇ ਅਖੀਰ ਤੱਕ ਚੀਨ ਜਾ ਸਕਦੇ ਹਨ।