Close
Menu

ਭਾਰਤ ਤੇ ਜਪਾਨ ਵੱਲੋਂ ਰੇਲ ਪ੍ਰਾਜੈਕਟ ਸਮੇਤ ਛੇ ਸਮਝੌਤੇ ਸਹੀਬੰਦ

-- 30 October,2018

ਟੋਕੀਓ, ਭਾਰਤ ਤੇ ਜਪਾਨ ਨੇ ਅੱਜ ਇਥੇ ਹਾਈ ਸਪੀਡ ਰੇਲ ਪ੍ਰਾਜੈਕਟ ਤੇ ਜਲ ਸੈਨਾ ਸਹਿਯੋਗ ਸਬੰਧੀ ਛੇ ਸਮਝੌਤਿਆਂ ’ਤੇ ਸਹੀ ਪਾਈ। ਇਹੀ ਨਹੀਂ ਦੋਵਾਂ ਮੁਲਕਾਂ ਨੇ ਵਿਦੇਸ਼ ਤੇ ਰੱਖਿਆ ਮੰਤਰੀ ਪੱਧਰ ਦੀ 2+2 ਸੰਵਾਦ ਦੀ ਸਹਿਮਤੀ ਵੀ ਦਿੱਤੀ। ਦੋਵਾਂ ਮੁਲਕਾਂ ਨੇ ਵਿਦੇਸ਼ੀ ਕਰੰਸੀ ਦੇ ਤਬਾਦਲੇ ਅਤੇ ਕੈਪੀਟਲ ਬਾਜ਼ਾਰਾਂ ਨੂੰ ਵਧੇਰੇ ਸਥਿਰ ਕਰਨ ਦੇ ਇਰਾਦੇ ਨਾਲ 75 ਅਰਬ ਅਮਰੀਕੀ ਡਾਲਰ ਦੀ ਕਰੰਸੀ ਦੇ ਤਬਾਦਲੇ ਸਬੰਧੀ ਦੁਵੱਲਾ ਸਵੈਪ ਸਮਝੌਤਾ (ਬੀਐਸਏ) ਵੀ ਸਹੀਬੰਦ ਕੀਤਾ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੇ ਜਪਾਨੀ ਹਮਰੁਤਬਾ ਸ਼ਿੰਜੋ ਐਬੇ ਨੇ ਦਹਿਸ਼ਤਗਰਦੀ ਦੇ ਆਲਮੀ ਪੱਧਰ ’ਤੇ ਪਸਾਰੇ ਦੀ ਨਿਖੇਧੀ ਕਰਦਿਆਂ ਪਾਕਿਸਤਾਨ ਨੂੰ ਕਿਹਾ ਹੈ ਕਿ ਉਹ ਮੁੰਬਈ ਤੇ ਪਠਾਨਕੋਟ ਦਹਿਸ਼ਤੀ ਹਮਲਿਆਂ ਦੇ ਸਾਜ਼ਿਸ਼ਘਾੜਿਆਂ ਨੂੰ ਨਿਆਂ ਦੇ ਕਟਹਿਰੇ ’ਚ ਖੜ੍ਹਾ ਕਰੇ। ਦੋਵਾਂ ਆਗੂਆਂ ਨੇ ਸਾਰੇ ਮੁਲਕਾਂ ਨੂੰ ਸੱਦਾ ਦਿੱਤਾ ਕਿ ਉਹ ਦਹਿਸ਼ਤਗਰਦਾਂ ਦੀਆਂ ਛੁਪਣਗਾਹਾਂ ਤੇ ਬੁਨਿਆਦੀ ਢਾਂਚੇ ਅਤੇ ਦਹਿਸ਼ਤੀ ਨੈੱਟਵਰਕ ਤੇ ਵਿੱਤੀ ਚੈਨਲਾਂ ਨੂੰ ਖ਼ਤਮ ਕਰਨ ਲਈ ਮਿਲ ਕੇ ਕੰਮ ਕਰਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਜਪਾਨੀ ਹਮਰੁਤਬਾ ਸ਼ਿਜ਼ੋ ਐਬੇ ਨੇ ਕਰਾਰ ਸਹੀਬੰਦ ਕਰਨ ਤੋਂ ਪਹਿਲਾਂ ਦੁਵੱਲੇ, ਖੇਤਰੀ ਤੇ ਆਲਮੀ ਮੁੱਦਿਆਂ ਸਮੇਤ ਭਾਰਤ-ਪ੍ਰਸ਼ਾਂਤ ਖਿੱਤੇ ਦੇ ਹਾਲਾਤ ’ਤੇ ਵੀ ਚਰਚਾ ਕੀਤੀ। ਇਸ 13ਵੇਂ ਸਾਲਾਨਾ ਸਿਖਰ ਸੰਮੇਲਨ ਦੌਰਾਨ ਦੋਵਾਂ ਮੁਲਕਾਂ ਦੇ ਪ੍ਰਧਾਨ ਮੰਤਰੀਆਂ ਨੇ ਦੁਵੱਲੇ ਰਿਸ਼ਤਿਆਂ ਨੂੰ ਵਿਕਸਤ ਕਰਨ ਤੇ ਸਹਿਯੋਗ ਦੇ ਨਵੇਂ ਖੇਤਰਾਂ ਨੂੰ ਖੋਜਣ ਤੇ ਭਾਰਤ-ਪ੍ਰਸ਼ਾਂਤ ਖਿੱਤੇ, ਜਿੱਥੇ ਚੀਨ ਆਪਣਾ ਅਧਾਰ ਵਧਾਉਣ ਲਈ ਯਤਨਸ਼ੀਨ ਹੈ, ਜਿਹੇ ਮੁੱਦਿਆਂ ’ਤੇ ਨਜ਼ਰਸਾਨੀ ਕੀਤੀ। ਦੋਵਾਂ ਆਗੂਆਂ ਨੇ ਦੋਵਾਂ ਮੁਲਕਾਂ ਦੇ ਵਿਦੇਸ਼ ਮੰਤਰੀਆਂ ਤੇ ਰੱਖਿਆ ਮੰਤਰੀਆਂ ਦਰਮਿਆਨ 2+2 ਸੰਵਾਦ ਦੀ ਵੀ ਸਹਿਮਤੀ। ਇਸ ਤੋਂ ਪਹਿਲਾਂ ਭਾਰਤ, ਅਮਰੀਕਾ ਨਾਲ ਵੀ ਅਜਿਹਾ ਸਮਝੌਤਾ ਕਰ ਚੁੱਕਾ ਹੈ। ਗੱਲਬਾਤ ਮਗਰੋਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, ‘ਦੋਵਾਂ ਮੁਲਕਾਂ ਨੇ ਡਿਜੀਟਲ ਭਾਈਵਾਲੀ ਤੋਂ ਸਾਇਬਰਸਪੇਸ, ਸਿਹਤ, ਰੱਖਿਆ, ਸਾਗਰ ਤੋਂ ਪੁਲਾੜ ਹਰ ਖੇਤਰ ਵਿੱਚ ਭਾਈਵਾਲੀ ਨੂੰ ਮਜ਼ਬੂਤ ਕਰਨ ਦੀ ਸਹਿਮਤੀ ਦਿੱਤੀ ਹੈ।’
ਇਸ ਦੌਰਾਨ ਭਾਰਤੀ ਜਲ ਸੈਨਾ ਤੇ ਜਪਾਨ ਮੈਰੀਟਾਈਮ ਸਵੈ-ਰੱਖਿਆ ਬਲ (ਜੇਐਮਐਸਡੀਐਫ) ਦਰਮਿਆਨ ਗੂੜੇ ਸਹਿਯੋਗ ਨਾਲ ਸਬੰਧਤ ਕਰਾਰ ਵੀ ਸਹੀਬੰਦ ਕੀਤਾ ਗਿਆ। ਉਨ੍ਹਾਂ ਜਪਾਨ ਦੇ ਲਘੂ, ਛੋਟੇ ਤੇ ਦਰਮਿਆਨੇ ਉਦਯੋਗਾਂ (ਐਮਐਸਐਮਈ’ਜ਼) ਨੂੰ ਸੱਦਾ ਦਿੱਤਾ ਕਿ ਉਹ ਭਾਰਤ ਵਿੱਚ ਕਾਰੋਬਾਰੀ ਮੌਕਿਆਂ ਦੀ ਭਾਲ ਕਰਨ। ਉਨ੍ਹਾਂ ਯਕੀਨ ਦਿਵਾਇਆ ਕਿ ਦੁਵੱਲੇ ਵਪਾਰਕ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਲਈ ਉਦਯੋਗਪਤੀਆਂ ਨੂੰ ਸਾਜ਼ਗਾਰ ਮਾਹੌਲ ਮੁਹੱਈਆ ਕਰਵਾਇਆ ਜਾਵੇਗਾ।

Facebook Comment
Project by : XtremeStudioz