Close
Menu

ਭਾਰਤ ਤੇ ਦੱਖਣੀ ਕੋਰੀਆ ਵਿਚਾਲੇ ਛੇ ਸਮਝੌਤੇ ਸਹੀਬੱਧ

-- 23 February,2019

ਸਿਓਲ, 23 ਫਰਵਰੀ
ਭਾਰਤ ਤੇ ਦੱਖਣੀ ਕੋਰੀਆ ਨੇ ਮੁੱਢਲੇ ਢਾਂਚੇ ਦੇ ਵਿਕਾਸ, ਮੀਡੀਆ, ਨਵੇਂ ਉੱਦਮਾਂ ਨੂੰ ਹੁਲਾਰਾ ਦੇਣ, ਸਰਹੱਦੀ ਮਾਮਲਿਆਂ ਅਤੇ ਕੌਮਾਂਤਰੀ ਅਪਰਾਧਾਂ ਨਾਲ ਨਜਿੱਠਣ ਜਿਹੇ ਅਹਿਮ ਖੇਤਰਾਂ ਵਿਚ ਸਹਿਯੋਗ ਕਰਨ ਲਈ ਅੱਜ ਛੇ ਸਮਝੌਤਿਆਂ ’ਤੇ ਸਹੀ ਪਾਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੱਖਣੀ ਕੋਰੀਆ ਨਾਲ ਕੂਟਨੀਤਕ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਦੋ ਦਿਨਾ ਦੌਰੇ ’ਤੇ ਵੀਰਵਾਰ ਨੂੰ ਇੱਥੇ ਪੁੱਜੇ ਹਨ। ਪ੍ਰਧਾਨ ਮੰਤਰੀ ਦਾ ‘ਦਿ ਬਲੂ ਹਾਊਸ’ ਵਿਚ ਵਿਸ਼ੇਸ਼ ਸਵਾਗਤ ਕੀਤਾ ਗਿਆ। ਇਹ ਸਿਓਲ ਵਿਚ ਰਾਸ਼ਟਰਪਤੀ ਮੂਨ ਜੇਈ ਇਨ ਦਾ ਕਾਰਜਕਾਰੀ ਦਫ਼ਤਰ ਤੇ ਅਧਿਕਾਰਤ ਨਿਵਾਸ ਹੈ। ਪ੍ਰਧਾਨ ਮੰਤਰੀ ਨੇ ਪੁਲਵਾਮਾ ਅਤਿਵਾਦੀ ਹਮਲੇ ਤੋਂ ਬਾਅਦ ਦੱਖਣੀ ਕੋਰੀਆਂ ਵੱਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ ਤੇ ਸਾਂਝੇ ਉੱਦਮਾਂ ਦੀ ਲੋੜ ’ਤੇ ਜ਼ੋਰ ਦਿੱਤਾ। ਦੋਵਾਂ ਆਗੂਆਂ ਵਿਚਾਲੇ ਵਪਾਰ, ਨਿਵੇਸ਼, ਰੱਖਿਆ ਤੇ ਹੋਰ ਤਕਨੀਕੀ ਖੇਤਰਾਂ ਵਿਚ ਦੁਵੱਲਾ ਸਹਿਯੋਗ ਵਧਾਉਣ ਬਾਰੇ ਚਰਚਾ ਹੋਈ। ਇਸ ਤੋਂ ਬਾਅਦ ਸਮਝੌਤਿਆਂ ਦੇ ਖਰੜੇ ’ਤੇ ਸਹੀ ਪਾਈ ਗਈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦੱਸਿਆ ਕਿ ਦੋਵਾਂ ਆਗੂਆਂ ਦੀ ਮੌਜੂਦਗੀ ਵਿਚ ਭਾਰਤ ਤੇ ਦੱਖਣੀ ਕੋਰੀਆ ਵਿਚਾਲੇ ਮੀਡੀਆ, ਨਵੇਂ ਉੱਦਮਾਂ, ਪੁਲੀਸ ਤੇ ਹੋਰ ਖੇਤਰਾਂ ਵਿਚ ਛੇ ਸਮਝੌਤਿਆਂ ਉੱਤੇ ਸਹੀ ਪਾਈ ਗਈ ਤੇ ਦਸਤਾਵੇਜ਼ਾਂ ਦਾ ਵਟਾਂਦਰਾ ਕੀਤਾ ਗਿਆ। ਇਕ ਸਮਝੌਤਾ ਕੋਰਿਆਈ ਰਾਸ਼ਟਰੀ ਪੁਲੀਸ ਏਜੰਸੀ ਤੇ ਗ੍ਰਹਿ ਮੰਤਰਾਲੇ ਵਿਚਾਲੇ ਹੋਇਆ ਹੈ। ਇਕ ਹੋਰ ਸਮਝੌਤਾ ਅਯੁੱਧਿਆ ਦੀ ਰਾਜਕੁਮਾਰੀ ਸੂਰੀਰਤਨਾ (ਰਾਣੀ ਹੂਰ ਵਾਂਗ ਓਕ) ਦੀ ਯਾਦ ਵਿਚ ਸੰਯੁਕਤ ਟਿਕਟ ਜਾਰੀ ਕਰਨ ਬਾਰੇ ਹੋਇਆ। ਰਾਜਕੁਮਾਰੀ ਕੋਰੀਆ ਆਈ ਸੀ ਤੇ ਉਨ੍ਹਾਂ ਰਾਜਾ ਕਿਮ ਸੂਰੋ ਨਾਲ ਵਿਆਹ ਕਰਵਾ ਲਿਆ ਸੀ। ਦੋਵੇਂ ਧਿਰਾਂ ਨਿਵੇਸ਼, ਮੀਡੀਆ, ਸੜਕ ਤੇ ਆਵਾਜਾਈ ਦੇ ਖੇਤਰਾਂ ਵਿਚ ਢਾਂਚਾਗਤ ਵਿਕਾਸ ਜਿਹੇ ਕਈ ਅਹਿਮ ਖੇਤਰਾਂ ਵਿਚ ਸਹਿਯੋਗ ਵਧਾਉਣ ਲਈ ਸਹਿਮਤ ਹੋਏ। ਦੱਸਣਯੋਗ ਹੈ ਕਿ ਮੋਦੀ, ਰਾਸ਼ਟਰਪਤੀ ਮੂਨ ਜੇਈ ਇਨ ਦੇ ਸੱਦੇ ’ਤੇ ਕੋਰੀਆ ਆਏ ਹਨ।

Facebook Comment
Project by : XtremeStudioz