Close
Menu

ਭਾਰਤ ਤੇ ਪਾਕਿਸਤਾਨ ਸਾਂਝੇ ਤੌਰ ‘ਤੇ ਕਰਨਗੇ ਪੰਜਵੇਂ ਵਿਸ਼ਵ ਕਬੱਡੀ ਕੱਪ ਦੀ ਮੇਜ਼ਬਾਨੀ

-- 15 December,2013

3 (1)ਲੁਧਿਆਣਾ,15 ਦਸੰਬਰ (ਦੇਸ ਪ੍ਰਦੇਸ ਟਾਈਮਜ਼)- ਭਾਰਤ ਤੇ ਪਾਕਿਸਤਾਨ ਦਰਮਿਆਨ ਭਾਈਚਾਰਕ ਸਾਂਝ ਤੇ ਮੋਹ ਦੀਆਂ ਤੰਦਾਂ ਹੋਰ ਪੀਡੀਆਂ ਕਰਨ ਲਈ ਪੰਜਵਾਂ ਵਿਸ਼ਵ ਕਬੱਡੀ ਕੱਪ ਦੋਵਾਂ ਮੁਲਕਾਂ ਵੱਲੋਂ ਸਾਂਝੇ ਤੌਰ ‘ਤੇ ਕਰਵਾਉਣ ਦੇ ਵਾਅਦੇ ਨਾਲ ਚੌਥਾ ਵਿਸ਼ਵ ਕਬੱਡੀ ਕੱਪ ਅੱਜ ਸਮਾਪਤੀ ਵੱਲ ਵਧਿਆ।

Êਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਉਮੀਦ ਜ਼ਾਹਰ ਕਰਦਿਆਂ ਆਖਿਆ ਕਿ ਭਾਰਤ ਤੇ ਪਕਿਸਤਾਨ ਖਾਸ ਕਰਕੇ ਚੜ੍ਹਦੇ ਤੇ ਲਹਿੰਦੇ ਪੰਜਾਬ ਦਰਮਿਆਨ ਸਾਂਝ ਵਧਾਉਣ ਲਈ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਬਹੁਤ ਅਹਿਮ ਰੋਲ ਅਦਾ ਕਰੇਗੀ। ਇਸ ਪ੍ਰਤੀ ਹੁੰਗਾਰਾ ਭਰਦਿਆਂ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮੀਆਂ ਸ਼ਾਹਬਾਜ਼ ਸ਼ਰੀਫ਼ ਨੇ ਐਲਾਨ ਕੀਤਾ ਕਿ ਅਗਲਾ ਕਬੱਡੀ ਕੱਪ ਸਾਂਝੇ ਤੌਰ ‘ਤੇ ਕਰਵਾਇਆ ਜਾਵੇਗਾ।

ਅੱਜ ਇੱਥੇ ਗੁਰੂ ਨਾਨਕ ਸਟੇਡੀਅਮ ਵਿਖੇ ਚੌਥੇ ਵਿਸ਼ਵ ਕਬੱਡੀ ਕੱਪ ਦੇ ਸਮਾਪਤੀ ਸਮਾਰੋਹ ਮੌਕੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਆਖਿਆ ਕਿ ਕਬੱਡੀ ਦੋਵਾਂ ਪੰਜਾਬਾਂ ਦੀ ਰਵਾਇਤੀ ਖੇਡ ਹੈ ਜਿਸ ਨੂੰ ਹਰ ਪਿੰਡ ਵਿੱਚ ਖੇਡਿਆਂ ਜਾਂਦਾ ਹੈ। ਉਨ੍ਹਾਂ ਆਖਿਆ ਕਿ ਉਹ ਦਿਨ ਹੁਣ ਦੂਰ ਨਹੀਂ ਜਦੋਂ ਸਾਡੀ ਮਾਂ ਖੇਡ ਕਬੱਡੀ ਓਲੰਪਿਕ ਵਿੱਚ ਸ਼ਾਮਲ ਹੋਵੇਗੀ ਪਰ ਸਭ ਤੋਂ ਵੱਧ ਮਹੱਤਵਪੂਰਨ ਗੱਲ ਇਸ ਖੇਡ ਰਾਹੀਂ ਦੋਵਾਂ ਪੰਜਾਬਾਂ ਦੇ ਲੋਕਾਂ ਵਿੱਚ ਆਪਸੀ ਪਿਆਰ, ਭਾਈਚਾਰਕ ਸਾਂਝ, ਫਿਰਕੂ ਸਦਭਾਵਨਾ, ਅਮਨ-ਸ਼ਾਂਤੀ ਅਤੇ ਏਕਤਾ ਨੂੰ ਹੋਰ ਵਧੇਰੇ ਮਜ਼ਬੂਤ ਕੀਤਾ ਜਾ ਸਕਦਾ ਹੈ। ਸ. ਬਾਦਲ ਨੇ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਦੋਵੇਂ ਮੁਲਕ ਇਹ ਖੇਡ ਨੌਜਵਾਨਾਂ ਦੀ ਸ਼ਕਤੀ ਨੂੰ ਸਿੱਧੇ ਪਾਸੇ ਲਾਉਣ ਅਤੇ ਨਸ਼ਿਆਂ ਦੀ ਅਲਾਮਤ ਖਤਮ ਕਰਨ ਲਈ ਅਹਿਮ ਵਸੀਲਾ ਬਣੇਗੀ।

ਮੁੱਖ ਮੰਤਰੀ ਨੇ ਲਹਿੰਦੇ ਪੰਜਾਬ ਦੇ ਆਪਣੇ ਹਮਰੁਤਬਾ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਆਖਿਆ ਕਿ ਉਨ੍ਹਾਂ ਦੀ ਮੌਜੂਦਗੀ ਨਾਲ ਟੂਰਨਾਮੈਂਟ ਦੀ ਸ਼ਾਨ ਵਿੱਚ ਹੋਰ ਵਾਧਾ ਹੋਇਆ ਹੈ। ਉਨ੍ਹਾਂ ਆਖਿਆ ਕਿ ਮੀਆਂ ਸ਼ਰੀਫ਼ ਦੀ ਇਹ ਫੇਰੀ ਦੋਵਾਂ ਮੁਲਕਾਂ ਖਾਸ ਕਰਕੇ ਦੋਵਾਂ ਪੰਜਾਬਾਂ ਦਰਮਿਆਨ ਸਾਂਝ ਦੀਆਂ ਤੰਦਾਂ ਨੂੰ ਹੋਰ ਪੀਡਾ ਕਰੇਗੀ। ਸ. ਬਾਦਲ ਨੇ ਕਿਹਾ ਕਿ ਦੋਵੇਂ ਸੂਬਿਆਂ ਦੀਆਂ ਸਰਕਾਰਾਂ ਹੁਣ ਦੋਵੇਂ ਪਾਸਿਆਂ ਦੇ ਪੰਜਾਬੀਆਂ ਦੀ ਤਰੱਕੀ ਤੇ ਵਿਕਾਸ ਲਈ ਸਾਂਝੇ ਤੌਰ ‘ਤੇ ਅੱਗੇ ਵਧਣਗੀਆਂ।

ਇਸ ਕਬੱਡੀ ਟੂਰਨਾਮੈਂਟ ਦੀ ਸਫਲਤਾ ਦਾ ਸਿਹਰਾ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦੇ ਸਿਰ ਬੰਨ੍ਹਦਿਆਂ ਸ. ਬਾਦਲ ਨੇ ਕਿਹਾ ਕਿ ਉਨ੍ਹਾਂ ਦੇ ਯਤਨਾਂ ਸਦਕਾ ਹੀ ਕਬੱਡੀ ਨੇ ਅੱਜ ਆਲਮੀ ਪੱਧਰ ‘ਤੇ ਆਪਣੀ ਪਛਾਣ ਕਾਇਮ ਕਰ ਲਈ ਹੈ।

ਇਸ ਮੌਕੇ ਭਾਵੁਕ ਹੁੰਦਿਆਂ ਮੁੱਖ ਮੰਤਰੀ ਨੇ ਮੀਆਂ ਸ਼ਰੀਫ਼ ਨੂੰ ਆਖਿਆ ਕਿ ਉਹ ਆਪਣੇ ਰਸੂਖ ਦੀ ਵਰਤੋਂ ਕਰਕੇ ਸ੍ਰੀ ਕਰਤਾਪੁਰ ਸਾਹਿਬ ਦਾ ਲਾਂਘਾ ਖੁਲਵਾਉਣ ਲਈ ਯਤਨ ਕਰਨ ਜੋ ਪੰਜਾਬੀਆਂ ਲਈ ਬਹੁਤ ਹੀ ਪਵਿੱਤਰ ਅਸਥਾਨ ਹੈ। ਉਨ੍ਹਾਂ ਆਖਿਆ ਕਿ ਸਿੱਖਾਂ ਦੀਆਂ ਭਾਵਨਾਵਾਂ ਇਸ ਪਵਿੱਤਰ ਅਸਥਾਨ ਨਾਲ ਜੁੜੀਆਂ ਹੋਈਆਂ ਹਨ ਜਿਸ ਕਰਕੇ ਪਾਕਿਸਤਾਨ ਦੀ ਸਰਕਾਰ ਨੂੰ ਇਸ ਸਬੰਧੀ ਹਰ ਹਾਲ ਵਿੱਚ ਕਦਮ ਚੁੱਕਣੇ ਚਾਹੀਦੇ ਹਨ। ਸ. ਬਾਦਲ ਨੇ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਆਪਣੇ ਵੱਡੇ ਭਰਾ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ੍ਰੀ ਨਵਾਜ਼ ਸ਼ਰੀਫ ਕੋਲ ਇਹ ਮਾਮਲਾ ਫੌਰੀ ਤੌਰ ‘ਤੇ ਉਠਾਉਣ।

ਤਾੜੀਆਂ ਦੀ ਗੜਗੜਾਹਟ ਵਿੱਚ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਮੀਆਂ ਸ਼ਾਹਬਾਜ਼ ਸ਼ਰੀਫ਼ ਨੇ ਅਗਲਾ ਵਿਸ਼ਵ ਕੱਪ ਚੜ੍ਹਦੇ ਤੇ ਲਹਿੰਦੇ ਪੰਜਾਬ ਵਿੱਚ ਸਾਂਝੇ ਤੌਰ ‘ਤੇ ਕਰਵਾਉਣ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਆਖਿਆ ਕਿ ਜਦੋਂ ਫਾਈਨਲ ਮੈਚ ਲੁਧਿਆਣਾ ਵਿੱਚ ਹੋਵੇ ਤਾਂ ਇਸ ਦਾ ਸੈਮੀ ਫਾਈਨਲ ਜ਼ਰੂਰ ਲਾਹੌਰ ਵਿੱਚ ਹੋਵੇ ਅਤੇ ਇਹ ਸਿਲਸਿਲਾ ਇਸੇ ਤਰ੍ਹਾਂ ਚਲਦਾ ਰਹੇ।

ਸ. ਬਾਦਲ ਦੇ ਵਿਚਾਰਾਂ ਨਾਲ ਪੂਰੀ ਤਰ੍ਹਾਂ ਸਹਿਮਤ ਹੁੰਦਿਆਂ ਮੀਆਂ ਸ਼ਰੀਫ਼ ਨੇ ਆਖਿਆ ਕਿ ਪੰਜਾਬੀਆਂ ਦੀ ਇਹ ਪੇਂਡੂ ਖੇਡ ਦੋਵਾਂ ਸੂਬਿਆਂ ਦੇ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਪੁਲ ਉਸਾਰੇਗੀ। ਭਾਰਤ ਤੇ ਪਾਕਿਸਤਾਨ ਦਰਮਿਆਨ ਫਾਈਨਲ ਮੈਚ ਦੀ ਮਿਸਾਲ ਦਿੰਦਿਆਂ ਮੀਆਂ ਸ਼ਰੀਫ਼ ਨੇ ਆਖਿਆ ਕਿ ਅੱਜ ਜੇਕਰ ਅੱਜ ਭਾਰਤ ਜਿੱਤਦਾ ਹੈ ਤਾਂ ਉਹ ਸਾਰਿਆਂ ਨੂੰ ਵਧਾਈ ਦਿੰਦੇ ਹਨ ਅਤੇ ਜੇਕਰ ਪਾਕਿਸਤਾਨ ਜਿੱਤਦਾ ਹੈ ਤਾਂ ਸਾਰੇ ਉਨ੍ਹਾਂ ਨੂੰ ਵਧਾਈ ਦੇਣ।

ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਨੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੂੰ ਪਾਕਿਸਤਾਨ ਆਉਣ ਦਾ ਸੱਦਾ ਦਿੱਤਾ। ਮੀਆਂ ਸ਼ਰੀਫ ਨੇ ਸ. ਸੁਖਬੀਰ ਸਿੰਘ ਬਾਦਲ ਵੱਲੋਂ ਆਪਣੀ ਦੂਰਅੰਦੇਸ਼ੀ ਸੋਚ ਸਦਕਾ ਪੰਜਾਬ ਵਿੱਚ ਵੱਡੀ ਤਬਦੀਲੀ ਲਿਆਉਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਸੱਚੀ ਭਾਵਨਾ ਨਾਲ ਸੂਬੇ ਦੀ ਸੇਵਾ ਕਰ ਰਹੇ ਹਨ।

ਇਸ ਮੌਕੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਆਪਣਾ ਕੀਮਤੀ ਸਮਾਂ ਕੱਢਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਉਨ੍ਹਾਂ ਆਖਿਆ ਕਿ ਜਦੋਂ ਕਬੱਡੀ ਕੱਪ ਸ਼ੁਰੂ ਹੋਇਆ ਸੀ ਤਾਂ ਕਿਸੇ ਵੀ ਕਿਆਸ ਵੀ ਨਹੀਂ ਸੀ ਕੀਤਾ ਕਿ ਕਬੱਡੀ ਇਕ ਦਿਨ ਆਲਮੀ ਪੱਧਰ ‘ਤੇ ਇੰਨੀ ਗੂੜੀ ਪਛਾਣ ਕਾਇਮ ਕਰੇਗੀ। ਉਪ ਮੁੱਖ ਮੰਤਰੀ ਨੇ ਆਖਿਆ ਕਿ ਕਬੱਡੀ ਨੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਮੁੱਖ ਮੰਤਰੀਆਂ  ਨੂੰ ਇਕ ਮੰਚ ‘ਤੇ ਲਿਆਉਂਦਿਆਂ ਦੋਵਾਂ ਵਿਚਾਲੇ ਸਬੰਧਾਂ ਨੂੰ ਮਜ਼ਬੂਤ ਕੀਤਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਖੁਸ਼ੀ ਜ਼ਾਹਰ ਕੀਤੀ ਕਿ ਜਨਾਬ ਸ਼ਾਹਬਾਜ਼ ਸ਼ਰੀਫ਼ ਨੇ ਅਗਲੇ ਸਾਲ ਪੰਜਵੇਂ ਵਿਸ਼ਵ ਕਬੱਡੀ ਕੱਪ ਨੂੰ ਸਾਂਝੇ ਤੌਰ ‘ਤੇ ਕਰਵਾਉਣ ਦਾ ਐਲਾਨ ਕੀਤਾ ਹੈ ਅਤੇ ਅਗਲੇ ਸਾਲ ਮੈਚ ਚੜ੍ਹਦੇ ਤੇ ਲਹਿੰਦੇ ਪੰਜਾਬ ਵਿੱਚ ਹੋਣਗੇ।

ਸਮਾਪਤੀ ਸਮਾਰੋਹ ਦੀ ਸ਼ੁਰੂਆਤ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮਲੇਨ ਰਾਹੀਂ ਨਿਵੇਸ਼ ਖੇਤਰ ਵਿੱਚ ਮੋਹਰੀ ਬਣੇ ਸੂਬੇ ਵਿੱਚ ਸਰਕਾਰ ਵੱਲੋਂ ਚੁੱਕੇ ਗਏ ਇਤਿਹਾਸਕ ਕਦਮਾਂ, ਲੋਕ ਪੱਖੀ ਨੀਤੀਆਂ ਅਤੇ ਕਬੱਡੀ ਵਿਸ਼ਵ ਕੱਪ ਦੇ ਇਤਿਹਾਸ ਬਾਰੇ ਜਾਣੂੰ ਕਰਵਾਇਆ। ਵਿਸ਼ਵ ਕੱਪ ਦੇ ਸਮਾਪਤੀ ਸਮਾਰੋਹ ਮੌਕੇ 90 ਮਿੰਟਾਂ ਦੇ ਰੰਗਾਰੰਗ ਸਮਾਰੋਹ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਬਾਲੀਵੁੱਡ ਸਟਾਰ ਰਣਬੀਰ ਸਿੰਘ ਵੱਲੋਂ ਸਮਾਰੋਹ ਦੇ ਅੰਤ ਵਿੱਚ ਲੇਜ਼ਰ ਸ਼ੋਅ ਅਤੇ ਆਤਿਸ਼ਬਾਜ਼ੀਆਂ ਦੀ ਗੂੰਜ ਵਿੱਚ ‘ਜੈ ਹੋ’ ਗੀਤ ‘ਤ ਕੀਤੀ ਪੇਸ਼ਕਾਰੀ ਸਮਾਰੋਹ ਦਾ ਸਿਖਰ ਹੋ ਨਿਬੜੀ। ਇਸ ਤੋਂ ਪਹਿਲਾਂ ਪ੍ਰਸਿੱਧ ਗਾਇਕਾ ਜਸਪਿੰਦਰ ਨਾਰੂਲਾ, ਪਾਕਿਸਤਾਨੀ ਗਾਇਕਾ ਫਰੀਹਾ ਪਰਵੇਜ਼, ਮਾਸਟਰ ਸਲੀਮ, ਲਖਵਿੰਦਰ ਵਡਾਲੀ, ਰੌਸ਼ਨ ਪ੍ਰਿੰਸ ਨੇ ਨਵੇਂ-ਪੁਰਾਣੇ ਗੀਤਾਂ ਦੀ ਵੰਨਗੀ ਪੇਸ਼ ਕੀਤੀ। ਬਾਲੀਵੁੱਡ ਸਟਾਰ ਰਣਬੀਰ ਸਿੰਘ ਵੱਲੋਂ ਸਮਾਰੋਹ ਦੇ ਅੰਤ ਵਿੱਚ ਲੇਜ਼ਰ ਸ਼ੋਅ ਅਤੇ ਆਤਿਸ਼ਬਾਜ਼ੀਆਂ ਦੀ ਗੂੰਜ ਵਿੱਚ ‘ਜੈ ਹੋ’ ਗੀਤ ‘ਤ ਕੀਤੀ ਪੇਸ਼ਕਾਰੀ ਸਮਾਰੋਹ ਦਾ ਸਿਖਰ ਹੋ ਨਿਬੜੀ। ਰਣਬੀਰ ਸਿੰਘ ਬਾਲੀਵੁੱਡ ਦੇ ਗੀਤਾਂ ‘ਤੇ ਖੂਬ ਥਿਰਕਿਆ। ਫੈਰਿਸਵੀਹਲ ਈਵੈਂਟ ਕੰਪਨੀ ਵੱਲੋਂ ਪੇਸ਼ ਕੀਤੇ ਰੰਗਾਰੰਗ ਸਮਾਰੋਹ ਵਿੱਚ ਮਾਰਸ਼ਲ ਆਰਟ ਗੱਤਕਾ, ਲੇਜ਼ਰ ਸ਼ਾਟ, ਬੈਲਨ ਬਾਕਸ ਦੀ ਪੇਸ਼ਕਾਰੀ ਵੀ ਸਰਾਹੁਣ ਵਾਲੀ ਰਹੀ। ਸਮਾਰੋਹ ਦਾ ਮੰਚ ਸੰਚਾਲਨ ਮੋਨਾ ਸਿੰਘ ਨੇ ਕੀਤਾ।

ਇਸ ਮੌਕੇ ਸੈਰ ਸਪਾਟਾ ਮੰਤਰੀ ਸ. ਸਰਵਣ ਸਿੰਘ ਫਿਲੌਰ, ਸਿੱਖਿਆ ਮੰਤਰੀ ਸ. ਸਿਕੰਦਰ ਸਿੰਘ ਮਲੂਕਾ, ਉਦਯੋਗ ਮੰਤਰੀ ਸ੍ਰੀ ਮਦਨ ਮੋਹਨ ਮਿੱਤਲ, ਸੂਚਨਾ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ, ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ, ਲੋਕ ਨਿਰਮਾਣ ਮੰਤਰੀ ਸ. ਸ਼ਰਨਜੀਤ ਸਿੰਘ ਢਿੱਲੋਂ, ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ.ਸੁਰਜੀਤ ਸਿੰਘ ਰੱਖੜਾ, ਰਾਜ ਸਭਾ ਮੈਂਬਰ ਸ. ਸੁਖਦੇਵ ਸਿੰਘ ਢੀਂਡਸਾ ਤੇ ਸ. ਬਲਵਿੰਦਰ ਸਿੰਘ ਭੂੰਦੜ, ਮੁੱਖ ਸੰਸਦੀ ਸਕੱਤਰ (ਖੇਡਾਂ) ਸ੍ਰੀ ਪਵਨ ਕੁਮਾਰ ਟੀਨੂੰ, ਪੰਜਾਬ ਭਾਜਪਾ ਪ੍ਰਧਾਨ ਸ੍ਰੀ ਕਮਲ ਸ਼ਰਮਾ ਸਮੇਤ ਸਮੂਹ ਮੁੱਖ ਸੰਸਦੀ ਸਕੱਤਰ, ਵਿਧਾਇਕ ਅਤੇ ਸਿਵਲ ਤੇ ਪੁਲਿਸ ਦੇ ਉੱਚ ਅਧਿਕਾਰੀ ਹਾਜ਼ਰ ਸਨ।

Facebook Comment
Project by : XtremeStudioz