Close
Menu

ਭਾਰਤ ਤੇ ਫ਼ਰਾਂਸ ਵਿਚਾਲੇ 17 ਸਮਝੌਤੇ

-- 11 April,2015

ਪੈਰਿਸ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਫਰਾਂਸ ਦੌਰੇ ਮੌਕੇ ਅੱਜ ਭਾਰਤ ਤੇ ਫਰਾਂਸ ਵੱਲੋਂ 17 ਮਹੱਤਵਪੂਰਨ ਸਮਝੌਤੇ ਕੀਤੇ ਗਏ | ਫਰਾਂਸ ਨੇ ਆਉਣ ਵਾਲੇ ਸਮੇਂ ‘ਚ ਭਾਰਤ ਵਿਚ 2 ਅਰਬ ਯੂਰੋ ਦਾ ਨਿਵੇਸ਼ ਕਰਨ ਦਾ ਫੈਸਲਾ ਕੀਤਾ ਹੈ | ਦੋਵੇਂ ਦੇਸ਼ਾਂ ਵੱਲੋਂ ਵਿਗਿਆਨ, ਤਕਨੀਕ ਦੇ ਵਿਕਾਸ, ਰੱਖਿਆ, ਪੁਲਾੜ ਖੋਜ਼ ਅਤੇ ਪਰਮਾਣੂ ਊਰਜਾ ਸਣੇ ਕਈ ਅਹਿਮ ਸਮਝੌਤਿਆਂ ‘ਤੇ ਦਸਤਖਤ ਕੀਤੇ ਗਏ | ਫਰਾਂਸ ਦੇ ਸਹਿਯੋਗ ਨਾਲ ਭਾਰਤ ‘ਚ ਤਕਨੀਕ ਦਾ ਵਿਕਾਸ ਹੋਵੇਗਾ | ਪਰਮਾਣੂ ਊਰਜਾ ਤਹਿਤ 10 ਹਜ਼ਾਰ ਮੈਗਾਵਾਟ ਬਿਜਲੀ ਪੈਦਾ ਕਰਨ ਦੀ ਯੋਜਨਾ ਹੈ | ਮਹਾਰਾਸ਼ਟਰ ਦੇ ਜੈਤਾਪੁਰ ‘ਚ 6 ਪਰਮਾਣੂ ਬਿਜਲੀ ਪਲਾਂਟ ਸਥਾਪਿਤ ਕਰਨ ਸਬੰਧੀ ਦੋਵੇਂ ਦੇਸ਼ਾਂ ਵੱਲੋਂ ਕਰਾਰ ਕੀਤਾ ਗਿਆ ਹੈ | ਭਾਰਤੀ ਰੇਲਵੇ ਨੂੰ ਆਧੁਨਿਕ ਬਣਾਉਣ ਸਬੰਧੀ ਦੋਵੇਂ ਦੇਸ਼ਾਂ ਵੱਲੋਂ ਰੇਲਵੇ ਸਬੰਧੀ ਵੀ ਕਰਾਰ ਕੀਤਾ ਗਿਆ ਹੈ | ਦੋਵੇਂ ਦੇਸ਼ ਖੁਫੀਆ ਜਾਣਕਾਰੀ ਵੀ ਸਾਂਝੀ ਕਰਨਗੇ | ਫਰਾਂਸ ਨੇ ਭਰੋਸਾ ਦਿੱਤਾ ਕਿ ਉਹ ਭਾਰਤ ਦੇ ਨਾਗਰਿਕਾਂ ਨੂੰ 48 ਘੰਟਿਆਂ ਦੇ ਅੰਦਰ ਟੂਰਿਸਟ ਵੀਜ਼ਾ ਪ੍ਰਦਾਨ ਕਰੇਗਾ | ਦੋਵੇਂ ਦੇਸ਼ਾਂ ਵੱਲੋਂ ਮਰੀਨ ਟੈਕਨਾਲੋਜੀ ਇੰਸਟੀਚਿਊਟ ਸਬੰਧੀ ਵੀ ਕਰਾਰ ਹੋਇਆ ਹੈ | ਇਸ ਦੇ ਇਲਾਵਾ ਫਰਾਂਸ ਭਾਰਤ ਦੇ ਤਿੰਨ ਸ਼ਹਿਰਾਂ ਨੂੰ ਸਮਾਰਟ ਸਿਟੀ ਬਣਾਏਗਾ | ਨਾਗਪੁਰ ਤੇ ਪੁਡੂਚੇਰੀ ਇਸ ਸੂਚੀ ‘ਚ ਸ਼ਾਮਿਲ ਹਨ | ਉਕਤ ਸਮਝੌਤਿਆਂ ‘ਤੇ ਦਸਤਖਤ ਪਿੱਛੋਂ ਦੋਵੇਂ ਦੇਸ਼ਾਂ ਵੱਲੋਂ ਸਾਂਝੇ ਪੱਤਰਕਾਰ ਸੰਮੇਲਨ ਦੌਰਾਨ ਸਾਂਝਾ ਬਿਆਨ ਵੀ ਜਾਰੀ ਕੀਤਾ ਗਿਆ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ‘ਚ ਸਥਾਈ ਮੈਂਬਰਸ਼ਿਪ ਦੇ ਸਮਰਥਨ ਲਈ ਫਰਾਂਸ ਦਾ ਧੰਨਵਾਦ ਕੀਤਾ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, ‘ਉਹ ਯੂਰਪ ਦੀ ਪਹਿਲੀ ਯਾਤਰਾ ਦੌਰਾਨ ਫਰਾਂਸ ਪੁੱਜੇ ਹਨ | ਫਰਾਂਸ ਭਾਰਤ ਦੇ ਪੱਕੇ ਮਿੱਤਰਾਂ ‘ਚੋਂ ਇਕ ਹੈ | ਫਰਾਂਸ ਹਮੇਸ਼ਾ ਭਾਰਤ ਪ੍ਰਤੀ ਸੰਵੇਦਨਸ਼ੀਲ ਰਿਹਾ ਹੈ | ਅਸੀਂ ਦੋ ਵੱਡੇ ਲੋਕਤੰਤਰਿਕ ਦੇਸ਼ ਹਾਂ | ਅਸੀਂ ਕਈ ਮਾਅਨਿਆਂ ‘ਚ ਇਕ ਦੂਸਰੇ ਨਾਲ ਜੁੜੇ ਹੋਏ ਹਾਂ ਅਤੇ ਸਾਡੇ ਹਿੱਤ ਸਾਂਝੇ ਹਨ | ਅੱਜ ਅਜਿਹਾ ਕੋਈ ਖੇਤਰ ਨਹੀਂ ਹੈ, ਜਿਸ ‘ਚ ਦੋਵੇਂ ਦੇਸ਼ਾਂ ਦੇ ਸਬੰਧ ਨਾ ਹੋਣ | ਚੁਣੌਤੀਆਂ ਦੇ ਸਮੇਂ ਫਰਾਂਸ ਭਾਰਤ ਦੇ ਨਾਲ ਰਿਹਾ ਹੈ | ਸਾਡੇ ਸਬੰਧ ਜ਼ਮੀਨ ਤੋਂ ਅਸਮਾਨ ਤੱਕ ਹਨ | ਭਾਰਤ ਫਰਾਂਸ ਤੋਂ 36 ਰਾਫੇਲ ਲੜਾਕੂ ਜਹਾਜ਼ ਖਰੀਦੇਗਾ | ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ‘ਚ ਇਕ ਨਵੀਂ ਦੋਸਤੀ ਦੀ ਸ਼ੁਰੂਆਤ ਹੋਈ ਹੈ’ | ਇਸ ਤੋਂ ਪਹਿਲਾਂ ਫਰਾਂਸ ਦੇ ਰਾਸ਼ਟਰਪਤੀ ਫਰਾਂਕੋਸ ਔਲਾਂਦ ਨੇ ਕਿਹਾ ਕਿ ਭਾਰਤ ਤੇ ਫਰਾਂਸ ਅੱਤਵਾਦ ਦੇ ਖਿਲਾਫ਼ ਮਿਲ ਕੇ ਲੜਨਗੇ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਵੱਲੋਂ ਯੂਰਪ ਦੌਰੇ ਲਈ ਫਰਾਂਸ ਨੂੰ ਪਹਿਲਾਂ ਦੇਸ਼ ਚੁਣਨਾ ਉਨ੍ਹਾਂ ਲਈ ਸਨਮਾਨ ਵਾਲੀ ਗੱਲੀ ਹੈ | ਉਨ੍ਹਾਂ ਜਨਵਰੀ ‘ਚ ਫਰਾਂਸ ‘ਤੇ ਹੋਏ ਅੱਤਵਾਦੀ ਹਮਲੇ ਪਿੱਛੋਂ ਭਾਰਤ ਵੱਲੋਂ ਦਿੱਤੇ ਸਮਰਥਨ ਅਤੇ ਸਹਿਯੋਗ ਲਈ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਉਹ ਮੋਦੀ ਦੀ ‘ਮੇਕ ਇਨ ਇੰਡੀਆ’ ਦੀ ਸੋਚ ਦੇ ਨਾਲ ਹਨ |
ਸਰਕਾਰ ਸਾਰੇ ਧਰਮਾਂ ਦੇ ਲੋਕਾਂ ਦੇ ਹੱਕਾਂ ਦੀ ਰਾਖੀ ਕਰੇਗੀ-ਮੋਦੀ
ਹੁਣ ਜਦੋਂ ਸੱਜੇ ਪੱਖੀ ਗਰੁੱਪਾਂ ਦੀਆਂ ਸਰਗਰਮੀਆਂ ਵਧ ਗਈਆਂ ਹਨ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਾਰੇ ਧਰਮਾਂ ਦੇ ਨਾਗਰਿਕਾਂ ਦੇ ਹੱਕਾਂ ਦੀ ਰਾਖੀ ਕਰੇਗੀ | ਇਥੇ ਯੂਨੈਸਕੋ ਹੈਡਕੁਆਟਰ ਵਿਖੇ ਆਪਣੇ ਸੰਬੋਧਨ ਵਿਚ ਸ੍ਰੀ ਮੋਦੀ ਨੇ ਵਿਸ਼ਵ ਭਾਈਚਾਰੇ ਨੂੰ ਵਧ ਰਹੇ ਅੱਤਵਾਦ ਅਤੇ ਹਿੰਸਾ ‘ਤੇ ਕਾਬੂ ਪਾਉਣ ਲਈ ਸਭਿਆਚਾਰ ਅਤੇ ਧਰਮ ਵੱਲ ਡੂੰਘਾ ਧਿਆਨ ਦੇਣ ਲਈ ਵੀ ਆਖਿਆ ਹੈ | ਉਨ੍ਹਾਂ ਕਿਹਾ ਕਿ ਅਸੀਂ ਹਰੇਕ ਨਾਗਰਿਕ ਦੇ ਹੱਕਾਂ ਅਤੇ ਆਜ਼ਾਦੀ ਦੀ ਰਾਖੀ ਕਰਾਂਗੇ | ਅਸੀਂ ਇਹ ਯਕੀਨੀ ਬਣਾਵਾਂਗੇ ਕਿ ਹਰੇਕ ਧਰਮ, ਸੱਭਿਆਚਾਰ ਅਤੇ ਨਸਲ ਦੇ ਹਰੇਕ ਨਾਗਰਿਕ ਨੂੰ ਸਮਾਜ ਵਿਚ ਬਰਾਬਰ ਥਾਂ ਮਿਲੇ | ਇਹ ਟਿੱਪਣੀ ਕਰਦਿਆਂ ਕਿ ਵਿਸ਼ਵ ਦੇ ਕਈ ਹਿੱਸਿਆਂ ਵਿਚ ਸੱਭਿਆਚਾਰ ਹੀ ਝਗੜੇ ਦੀ ਜੜ੍ਹ ਬਣਿਆਂ ਹੋਇਆ ਹੈ, ਸ੍ਰੀ ਮੋਦੀ ਨੇ ਕਿਹਾ ਕਿ ਸੱਭਿਆਚਾਰ ਜੋੜਨ ਵਾਲਾ ਹੋਣਾ ਚਾਹੀਦਾ ਨਾ ਕਿ ਵੰਡੀਆਂ ਪਾਉਣ ਵਾਲਾ | ਇਹ ਲੋਕਾਂ ਵਿਚਕਾਰ ਵਧੇਰੇ ਸਤਿਕਾਰ ਅਤੇ ਸੂਝ-ਬੂਝ ਦਾ ਪੁੱਲ ਬਨਣਾ ਚਾਹੀਦਾ ਹੈ | ਆਰ. ਐਸ. ਐਸ. ਦੀ ਹਮਾਇਤ ਪ੍ਰਾਪਤ ਗਰੁੱਪਾਂ ਵਲੋਂ ਘਰ ਵਾਪਸੀ ਵਰਗੀਆਂ ਸਰਗਰਮੀਆਂ ਰੋਕਣ ਵਿਚ ਨਾਕਾਮ ਰਹਿਣ ਕਾਰਨ ਮੋਦੀ ਸਰਕਾਰ ਦੀ ਵਿਰੋਧੀ ਪਾਰਟੀਆਂ ਅਤੇ ਕੁਝ ਘੱਟਗਿਣਤੀ ਸੰਗਠਨ ਅਲੋਚਨਾ ਕਰ ਰਹੇ ਹਨ | ਵਾਤਾਵਰਨ ਵਿਚ ਤਬਦੀਲੀ ਨੂੰ ਇਕ ਵਿਸ਼ਵ ਚੁਣੌਤੀ ਆਖਦਿਆਂ ਪ੍ਰਧਾਨ ਮੰਤਰੀ ਜਿਹੜੇ ਬੀਤੀ ਰਾਤ ਇਥੇ ਪੁੱਜੇ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਅਗਲੇ 7 ਸਾਲਾਂ ਵਿਚ 175000 ਮੈਗਾਵਾਟ ਸਾਫ ਸੁਥਰੀ ਅਤੇ ਨਵਿਆਉਣਯੋਗ ਊਰਜਾ ਦਾ ਨਿਸ਼ਾਨਾ ਮਿਥਿਆ ਹੈ | ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਾਂਸ ਦਾ ਨਿਵੇਸ਼ ਅਤੇ ਤਕਨੀਕ ਭਾਰਤ ਲਿਆਉਣ ਖਾਸਕਰ ਬੁਨਿਆਦੀ ਢਾਂਚੇ ਅਤੇ ਰੱਖਿਆ ਖੇਤਰਾਂ ਵਿਚ ਲਿਆਉਣ ਦੇ ਉਦੇਸ਼ ਨਾਲ ਫਰਾਂਸ ਦੇ ਵਪਾਰਕ ਨੇਤਾਵਾਂ ਨਾਲ ਮੀਟਿੰਗ ਕੀਤੀ | ਇਸ ਤੋਂ ਪਹਿਲਾਂ ਸ੍ਰੀ ਮੋਦੀ ਦਾ 7 ਸ਼ਤਾਬਦੀਆਂ ਪੁਰਾਣੇ ਲੇਸ ਇਨਵੈਲੀਦੇਸ ਵਿਖੇ ਰਸਮੀ ਸਵਾਗਤ ਕੀਤਾ ਗਿਆ | ਸਵਾਗਤੀ ਸਮਾਰੋਹ ਪਿੱਛੋਂ ਸ੍ਰੀ ਮੋਦੀ ਨੇ ਫਰਾਂਸ ਦੇ ਸੀ. ਈ. ਓਜ਼ ਨਾਲ ਮੀਟਿੰਗ ਕੀਤੀਆਂ ਜਿਨ੍ਹਾਂ ਦਾ ਵਪਾਰ ਮੁੱਖ ਰੂਪ ਵਿਚ ਇਨ੍ਹਾਂ ਦੋ ਖੇਤਰਾਂ ‘ਤੇ ਕੇਂਦਰਿਤ ਹੈ | ਭਾਰਤ ਸ੍ਰੀ ਮੋਦੀ ਵਲੋਂ ਸ਼ੁਰੂ ਕੀਤੇ ‘ਮੇਕ ਇਨ ਇੰਡੀਆ’ ਪੋ੍ਰਗਰਾਮ ਵਿਚ ਸ਼ਮੂਲੀਅਤ ਰਾਹੀਂ ਬੁਨਿਆਦੀ ਢਾਂਚੇ ਅਤੇ ਰੱਖਿਆ ਖੇਤਰ ਵਿਚ ਫਰਾਂਸ ਦਾ ਨਿਵੇਸ਼ ਅਤੇ ਤਕਨਾਲੋਜੀ ਨੂੰ ਸੱਦਾ ਦੇਣ ਲਈ ਭਾਰਤ ਉਤਸਕ ਹੈ |
ਇਲੀਸੀ ਪੈਲੇਸ ਵਿਖੇ ਸਵਾਗਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅੱਜ ਫਰਾਂਸ ਦੀ ਤਿੰਨ ਦਿਨਾ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਇਲੀਸੀ ਪੈਲੇਸ ਵਿਖੇ ਰਸਮੀ ਸਵਾਗਤ ਕੀਤਾ ਗਿਆ |

Facebook Comment
Project by : XtremeStudioz