Close
Menu

ਭਾਰਤ ਤੇ ਸ੍ਰੀਲੰਕਾ ਵਿਚਾਲੇ ਚਾਰ ਸਮਝੌਤਿਆਂ ’ਤੇ ਦਸਤਖ਼

-- 14 March,2015

PM in Sri Lanka

ਕੋਲੰਬੋ, 14 ਮਾਰਚ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ੍ਰੀਲੰਕਾ ਦੇ ਕੀਤੇ ਜਾ ਰਹੇ ਦੌਰੇ ਦੌਰਾਨ ਦੋਹਾਂ ਦੇਸ਼ਾਂ ਵਿੱਚ ਚਾਰ ਸਮਝੌਤਿਆਂ ’ਤੇ ਹਸਤਾਖਰ ਹੋਏ ਹਨ। ਜ਼ਿਕਰਯੋਗ ਹੈ ਕਿ ਬੀਤੇ 28 ਸਾਲਾਂ ਮਗਰੋਂ ਭਾਰਤ ਦੇ ਕਿਸੇ ਪ੍ਰਧਾਨ ਮੰਤਰੀ ਵੱਲੋਂ ਸ੍ਰੀਲੰਕਾ ਦਾ ਦੌਰਾ ਕੀਤਾ ਗਿਆ ਹੈ। ਸ੍ਰੀ ਮੋਦੀ ਹਿੰਦ ਮਹਾਂਸਾਗਰ ਦੇ ਤਿੰਨ ਦੇਸ਼ਾਂ ਦੇ ਦੌਰੇ ’ਤੇ ਹਨ ਅਤੇ ਇਸੇ ਦੌਰੇ ਤਹਿਤ ਉਹ ਅੱਜ ਸਵੇਰੇ ਸ੍ਰੀਲੰਕਾ ਪੁੱਜੇ। ਉਨ੍ਹਾਂ ਨੇ ਰਾਸ਼ਟਰਪਤੀ ਮੈਤਰੀਪਾਲਾ ਸ੍ਰੀਸੇਨਾ ਨਾਲ ਮੁਲਾਕਾਤ ਕੀਤੀ ਅਤੇ ਖੇਤਰੀ ਮੁੱਦਿਆਂ ਬਾਰੇ ਚਰਚਾ ਕੀਤੀ।
ਸ੍ਰੀ ਮੋਦੀ ਨੇ ਕਿਹਾ ਕਿ ਸ੍ਰੀਲੰਕਾ ਦੇ ਤ੍ਰਿਨਕੋਮਾਲੀ ਕਸਬੇ ਨੂੰ ਪੈਟਰੋਲੀਅਮ ਹੱਬ ਵਜੋਂ ਵਿਕਸਤ ਕਰਨ ਲਈ ਭਾਰਤ ਵੱਲੋਂ ਸ੍ਰੀਲੰਕਾ ਦੀ ਮਦਦ ਕੀਤੀ ਜਾਵੇਗੀ ਅਤੇ ਇਸ ਮੰਤਵ ਲਈ ਇੰਡੀਅਨ ਆਇਲ ਕਾਰਪੋਰੇਸ਼ਨ ਅਤੇ ਸਿਲੋਨ ਪੈਟਰੋਲੀਅਮ ਕਾਰਪੋਰੇਸ਼ਨ ਵਿੱਚ ਸਮਝੌਤਾ ਵੀ ਹੋਇਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਰਾਸ਼ਟਰਪਤੀ ਮੈਤਰੀਪਾਲਾ ਨਾਲ ਹੋਈ ਮੀਟਿੰਗ ਦੇ ਨਤੀਜੇ ਸਾਰਥਕ ਰਹਿਣਗੇ ਅਤੇ ਦੋਹਾਂ ਦੇਸ਼ਾਂ ਦੇ ਸਬੰਧਾਂ ਨੂੰ ਸੁਧਾਰਨ ਵਿੱਚ ਵੱਡੀ ਭੂਮਿਕਾ ਨਿਭਾਉਣਗੇ।
ਭਾਰਤ ਅਤੇ ਸ੍ਰੀਲੰਕਾ ਵਿਚਕਾਰ ਹੋਏ ਚਾਰ ਸਮਝੌਤਿਆਂ ਤਹਿਤ ਵੀਜ਼ਾ, ਕਸਟਮ, ਨੌਜਵਾਨਾਂ ਦਾ ਵਿਕਾਸ ਤੇ ਸ੍ਰੀਲੰਕਾ ਵਿੱਚ ਰਬਿੰਦਰਨਾਥ ਟੈਗੋਰ ਮੈਮੋਰੀਅਲ ਉਸਾਰਨ ਬਾਰੇ ਸਾਂਝੇ ਯਤਨ ਕਰਨ ਬਾਰੇ ਹਸਤਾਖਰ ਹੋਏ ਹਨ। ਸ੍ਰੀ ਮੋਦੀ ਨੇ ਕਿਹਾ ਕਿ ਇਨ੍ਹਾਂ ਸਮਝੌਤਿਆਂ ਨਾਲ ਭਾਰਤ ਤੇ ਸ੍ਰੀਲੰਕਾ ਦੇ ਆਰਥਿਕ ਵਿਕਾਸ ਵਿੱਚ ਤੇਜ਼ੀ ਆਵੇਗੀ। ਉਨ੍ਹਾਂ ਨੇ ਸ੍ਰੀਲੰਕਾ ਵਿੱਚ ਰੇਲਵੇ ਸੈਕਟਰ ਦੇ ਵਿਕਾਸ ਲਈ ਭਾਰਤ ਤਰਫੋਂ 318 ਮਿਲੀਅਨ ਅਮਰੀਕੀ ਡਾਲਰ ਦਾ ਕਰਜ਼ਾ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ ਗਿਆ।
ਇਸੇ ਤਰ੍ਹਾਂ ਭਾਰਤੀ ਰਿਜ਼ਰਵ ਬੈਂਕ ਅਤੇ ਸੈਂਟਰਲ ਬੈਂਕ ਆਫ ਸ੍ਰੀਲੰਕਾ ਵਿੱਚ ਕਰੰਸੀ ਦੀ ਅਦਲਾ-ਬਦਲੀ ਸਬੰਧੀ ਸਮਝੌਤਾ ਵੀ ਹੋਇਆ। ਇਸ ਕਾਰਵਾਈ ਤਹਿਤ 1.5 ਬਿਲੀਅਨ ਅਮਰੀਕੀ ਡਾਲਰ ਦੀ ਰਾਸ਼ੀ ਨੂੰ ਸਵੈਪ ਕੀਤਾ ਜਾਵੇਗਾ ਤਾਂ ਕਿ ਸ੍ਰੀਲੰਕਾ ਦੀ ਕਰੰਸੀ ਨੂੰ ਸਥਿਰਤਾ ਮਿਲ ਸਕੇ। ਸ੍ਰੀ ਮੋਦੀ ਨੇ ਸ੍ਰੀਲੰਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਮੈਤਰੀਪਾਲਾ ਸ੍ਰੀਸੇਨਾ ਦੀ ਕਾਰਗੁਜ਼ਾਰੀ ਦੀ ਸ਼ਲਾਘਾ ਕੀਤੀ ਅਤੇ ਭਾਰਤ ਤਰਫੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਇਸੇ ਤਰ੍ਹਾਂ ਸ੍ਰੀ ਮੋਦੀ  ਨੇ ਸ੍ਰੀਲੰਕਾ ਵਿੱਚ ਰਹਿ ਰਹੇ ਤਾਮਿਲ ਮੂਲ ਦੇ ਲੋਕਾਂ ਦੇ ਵਿਕਾਸ ਦੀ ਵੀ ਵਚਨਬੱਧਤਾ ਦੁਹਰਾਈ।
ਇਸ ਮਗਰੋਂ ਸ੍ਰੀ ਮੋਦੀ ਅਤੇ ਸ੍ਰੀ ਮੈਤਰੀਪਾਲਾ ਵੱਲੋਂ ਸਾਂਝੀ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਮੈਤਰੀਪਾਲਾ ਨੇ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਦੌਰਾਨ ਭਾਰਤ ਤੇ ਸ੍ਰੀਲੰਕਾ ਦੇ ਆਪਸੀ ਸਬੰਧਾਂ ਵਿੱਚ ਥੋੜ੍ਹੀ ਖਟਾਸ ਆ ਗਈ ਸੀ, ਜਿਸ ਕਾਰਨ ਭਾਰਤ ਦੇ ਕਿਸੇ ਪ੍ਰਧਾਨ ਮੰਤਰੀ ਨੇ 28 ਸਾਲਾਂ ਮਗਰੋਂ ਸ੍ਰੀਲੰਕਾ ਦਾ ਦੌਰਾ ਕੀਤਾ ਹੈ। ‘ਦੇਰ ਆਏ ਦਰੁਸਤ ਆਏ’ ਦੀ ਕਹਾਵਤ ਨੂੰ ਸੱਚ ਮੰਨਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਵੱਲੋਂ ਸ੍ਰੀਲੰਕਾ ਦਾ ਕੀਤਾ ਗਿਆ ਇਹ ਦੌਰਾ ਕਿਸੇ ‘ਅਸੀਸ’ ਤੋਂ ਘੱਟ ਨਹੀਂ ਹੈ।

Facebook Comment
Project by : XtremeStudioz