Close
Menu

ਭਾਰਤ ਦੀਆਂ ਕ੍ਰਿਕਟ ਆਸਟਰੇਲੀਆ ਇਲੈਵਨ ਖ਼ਿਲਾਫ਼ 358 ਦੌੜਾਂ

-- 30 November,2018

ਸਿਡਨੀ, 30 ਨਵੰਬਰ
ਸ਼ਾਨਦਾਰ ਲੈਅ ਵਿੱਚ ਚੱਲ ਰਹੇ ਕਪਤਾਨ ਵਿਰਾਟ ਕੋਹਲੀ ਅਤੇ ਨੌਜਵਾਨ ਪ੍ਰਿਥਵੀ ਸ਼ਾਅ ਸਣੇ ਪੰਜ ਭਾਰਤੀ ਬੱਲੇਬਾਜ਼ਾਂ ਨੇ ਕ੍ਰਿਕਟ ਆਸਟਰੇਲੀਆ ਇਲੈਵਨ ਖ਼ਿਲਾਫ਼ ਅੱਜ ਨੀਮ ਸੈਂਕੜੇ ਜੜੇ। ਇਸ ਤਰ੍ਹਾਂ ਭਾਰਤ ਨੇ ਮੀਂਹ ਤੋਂ ਪ੍ਰਭਾਵਿਤ ਅਭਿਆਸ ਮੈਚ ਦੇ ਦੂਜੇ ਦਿਨ 358 ਦੌੜਾਂ ਬਣਾ ਲਈਆਂ। ਇਸ ਦੇ ਜਵਾਬ ਵਿੱਚ ਕ੍ਰਿਕਟ ਆਸਟਰੇਲੀਆ ਇਲੈਵਨ ਨੇ ਚਾਰ ਓਵਰਾਂ ਵਿੱਚ ਬਿਨਾ ਕੋਈ ਵਿਕਟ ਗੁਆਇਆਂ 24 ਦੌੜਾਂ ਬਣਾਈਆਂ ਹਨ। ਭਾਰਤ ਲਈ ਵਿਰਾਟ ਕੋਹਲੀ (64 ਦੌੜਾਂ), ਪ੍ਰਿਥਵੀ ਸ਼ਾਅ (66 ਦੌੜਾਂ), ਚੇਤੇਸ਼ਵਰ ਪੁਜਾਰਾ (54 ਦੌੜਾਂ), ਹਨੁਮਾ ਵਿਹਾਰੀ (53 ਦੌੜਾਂ) ਅਤੇ ਅਜਿੰਕਿਆ ਰਹਾਣੇ (56 ਦੌੜਾਂ) ਨੇ ਨੀਮ ਸੈਂਕੜੇ ਮਾਰੇ।
ਸਵੇਰੇ ਮੀਂਹ ਰੁਕਣ ਮਗਰੋਂ ਮੈਚ ਸ਼ੁਰੂ ਹੋਣ ’ਤੇ ਬਾਕੀ ਤਿੰਨ ਦਿਨਾਂ ਲਈ ਓਵਰਾਂ ਦੀ ਗਿਣਤੀ ਵਧਾ ਕੇ 98 ਦੌੜਾਂ ਕਰ ਦਿੱਤੀ ਗਈ। ਕ੍ਰਿਕਟ ਆਸਟਰੇਲੀਆ ਇਲੈਵਨ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ। ਭਾਰਤ ਦੀ 14 ਮੈਂਬਰੀ ਟੀਮ ਵਿੱਚ ਭੁਵਨੇਸ਼ਵਰ ਕੁਮਾਰ, ਜਸਪ੍ਰੀਤ ਬਮਰਾਹ, ਪਾਰਥਿਵ ਪਟੇਲ ਅਤੇ ਕੁਲਦੀਪ ਯਾਦਵ ਨੂੰ ਬਾਹਰ ਰੱਖਿਆ ਗਿਆ। ਇਸ ਅਭਿਆਸ ਮੈਚ ਨੂੰ ਪਹਿਲੀ ਸ਼੍ਰੇਣੀ ਮੈਚ ਦਾ ਦਰਜਾ ਨਹੀਂ ਮਿਲਿਆ ਸੀ। ਸਵੇਰ ਦੇ ਸੈਸ਼ਨ ਦੌਰਾਨ ਮੈਦਾਨ ’ਤੇ ਨਮੀ ਹੋਣ ਕਾਰਨ ਰਫ਼ਤਾਰ ਅਤੇ ਉਛਾਲ ਨਹੀਂ ਸੀ, ਪਰ 19 ਸਾਲ ਦੇ ਸ਼ਾਅ ਨੇ ਆਪਣੀ 69 ਗੇਂਦਾਂ ਦੀ ਪਾਰੀ ਵਿੱਚ 11 ਚੌਕੇ ਮਾਰੇ। ਕੇਐਲ ਦੀ ਖ਼ਰਾਬ ਲੈਅ ਜਾਰੀ ਰਹੀ ਅਤੇ ਉਹ ਤਿੰਨ ਦੌੜਾਂ ਬਣਾ ਕੇ ਆਊਟ ਹੋਇਆ। ਸ਼ਾਅ ਤੇ ਪੁਜਾਰਾ ਨੇ ਦੂਜੀ ਵਿਕਟ ਦੀ ਸਾਂਝੇਦਾਰੀ ਦੌਰਾਨ 80 ਦੌੜਾਂ ਬਣਾਈਆਂ।
ਸ਼ਾਅ ਨੂੰ ਡੇਨੀਅਲ ਫਾਲਿੰਜ਼ ਨੇ ਆਊਟ ਕੀਤਾ। ਲੰਚ ਸਮੇਂ ਸਕੋਰ ਦੋ ਵਿਕਟਾਂ ’ਤੇ 169 ਦੌੜਾਂ ਸੀ। ਪੁਜਾਰਾ ਨੇ 89 ਗੇਂਦਾਂ ਵਿੱਚ ਆਪਣਾ ਨੀਮ ਸੈਂਕੜਾ ਪੂਰਾ ਕੀਤਾ, ਜਦਕਿ ਕੋਹਲੀ ਨੇ 87 ਗੇਂਦਾਂ ਵਿੱਚ ਸੱਤ ਚੌਕਿਆਂ ਅਤੇ ਇੱਕ ਛੱਕੇ ਦੀ ਮਦਦ ਨਾਲ 64 ਦੌੜਾਂ ਦੀ ਪਾਰੀ ਖੇਡੀ। ਲੰਚ ਮਗਰੋਂ ਪੁਜਾਰਾ ਨੂੰ ਲਿਊਕ ਰੌਬਿਨਜ਼ ਨੇ ਅਤੇ ਕੋਹਲੀ ਨੂੰ 19 ਸਾਲ ਦੇ ਆਰੋਨ ਹਾਰਡੀ ਨੇ ਬਾਹਰ ਦਾ ਰਸਤਾ ਵਿਖਾਇਆ। ਰਹਾਣੇ ਅਤੇ ਵਿਹਾਰੀ ਨੇ ਪੰਜਵੀਂ ਵਿਕਟ ਲਈ 81 ਦੌੜਾਂ ਬਣਾਈਆਂ। ਡੀਆਰਸੀ ਸ਼ਾਰਟ ਨੇ ਵਿਹਾਰੀ ਨੂੰ ਆਊਟ ਕੀਤਾ। ਰੋਹਿਤ ਸ਼ਰਮਾ ਨੇ 55 ਗੇਂਦਾਂ ਵਿੱਚ 40 ਦੌੜਾਂ ਬਣਾਈਆਂ। ਹੇਠਲੇ ਕ੍ਰਮ ਦਾ ਕੋਈ ਬੱਲੇਬਾਜ਼ ਕਮਾਲ ਨਹੀਂ ਵਿਖਾ ਸਕਿਆ। ਆਰ ਅਸ਼ਵਿਨ ਖਾਤਾ ਵੀ ਨਹੀਂ ਖੋਲ੍ਹ ਸਕਿਆ। ਰਿਸ਼ਭ ਪੰਤ ਨੌਂ ਦੌੜਾਂ ਬਣਾ ਕੇ ਨਾਬਾਦ ਰਿਹਾ।

Facebook Comment
Project by : XtremeStudioz