Close
Menu

ਭਾਰਤ ਦੀ ਕਿਸੇ ਇਲਾਕੇ ’ਤੇ ਕਬਜ਼ੇ ਦੀ ਕੋਈ ਤਮੰਨਾ ਨਹੀਂ: ਜਨਰਲ ਰਾਵਤ

-- 02 November,2018

ਨਵੀਂ ਦਿੱਲੀ, 2 ਨਵੰਬਰ
ਥਲ ਸੈਨਾ ਮੁਖੀ ਜਨਰਲ ਬਿਪਿਨ ਰਾਵਤ ਨੇ ਕਿਹਾ ਹੈ ਕਿ ਭਾਰਤ ਦੀ ਕਿਸੇ ਇਲਾਕੇ ’ਤੇ ਕਬਜ਼ੇ ਦੀ ਕੋਈ ਤਮੰਨਾ ਨਹੀਂ ਹੈ ਪਰ ਮੁੱਖ ਮੰਤਵ ਮੁਲਕ ਅੰਦਰ ਆਰਥਿਕ ਤਰੱਕੀ ਅਤੇ ਸਮਾਜਿਕ-ਸਿਆਸੀ ਵਿਕਾਸ ਲਈ ਸੁਰੱਖਿਆ ਦਾ ਮਾਹੌਲ ਯਕੀਨੀ ਬਣਾਉਣਾ ਹੈ। ਹਿੰਦ-ਪ੍ਰਸ਼ਾਂਤ ਖ਼ਿੱਤੇ ’ਚ ਚੁਣੌਤੀਆਂ ਸਬੰਧੀ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਜਨਰਲ ਰਾਵਤ ਨੇ ਪੂਰਬੀ ਏਸ਼ੀਆ ਅਤੇ ਦੱਖਣੀ ਚੀਨ ਸਾਗਰ ’ਚ ਸਮੁੰਦਰੀ ਹੱਦਾਂ ਦੇ ਰੇੜਕੇ ’ਤੇ ਫਿਕਰ ਜਤਾਇਆ ਅਤੇ ਕਿਹਾ ਕਿ ਇਸ ਨਾਲ ਕੌਮਾਂਤਰੀ ਪਾਣੀਆਂ ’ਚ ਚੁਣੌਤੀ ਮਿਲ ਰਹੀ ਹੈ। ਉਨ੍ਹਾਂ ਕਿਹਾ,‘‘ਸਾਡੀ ਸੁਰੱਖਿਆ ਨੀਤੀ ਦੇ ਦੋ ਮੂਲ ਆਧਾਰ ਹਨ। ਪਹਿਲਾਂ ਸਾਡੀ ਕਿਸੇ ਇਲਾਕੇ ’ਤੇ ਕਬਜ਼ੇ ਦੀ ਕੋਈ ਤਮੰਨਾ ਨਹੀਂ ਹੈ ਅਤੇ ਦੂਜਾ ਅਸੀਂ ਆਪਣੀ ਵਿਚਾਰਧਾਰਾ ਕਿਸੇ ਹੋਰ ’ਤੇ ਥੋਪਣਾ ਨਹੀਂ ਚਾਹੁੰਦੇ ਹਾਂ। ਸਾਡਾ ਮੁੱਖ ਮੰਤਵ ਬਾਹਰੀ ਅਤੇ ਅੰਦਰੂਨੀ ਸੁਰੱਖਿਆ ਦਾ ਮਾਹੌਲ ਪੈਦਾ ਕਰਕੇ ਆਰਥਿਕ ਤਰੱਕੀ ਅਤੇ ਸਮਾਜਿਕ-ਸਿਆਸੀ ਵਿਕਾਸ ਨੂੰ ਯਕੀਨੀ ਬਣਾਉਣਾ ਹੈ। ਇਸ ਲਈ ਹਿੰਦ-ਪ੍ਰਸ਼ਾਂਤ ਖ਼ਿੱਤੇ ’ਚ ਸਥਿਰਤਾ ਜ਼ਰੂਰੀ ਹੈ।’’ ਉਨ੍ਹਾਂ ਕਿਹਾ ਕਿ ਭਾਰਤ ਹਿੰਦ-ਪ੍ਰਸ਼ਾਂਤ ਮਹਾਸਾਗਰ ’ਚ ਨੇਮਾਂ ’ਤੇ ਆਧਾਰਿਤ ਪ੍ਰਬੰਧ ਪ੍ਰਤੀ ਵਚਨਬੱਧ ਹੈ। ਥਲ ਸੈਨਾ ਮੁਖੀ ਨੇ ਕਿਹਾ ਕਿ ਮਾਨਵੀ ਅਤੇ ਆਫ਼ਤ ਰਾਹਤ ਅਪਰੇਸ਼ਨਾਂ, ਖੋਜ ਅਤੇ ਰਾਹਤ ਮਿਸ਼ਨਾਂ, ਸਮੁੰਦਰ ਦੇ ਸੰਚਾਰ ਰਸਤਿਆਂ ਦੀ ਰਾਖੀ ਅਤੇ ਭਾਰਤ ਦੇ ਟਾਪੂ ਵਾਲੇ ਇਲਾਕਿਆਂ ਦੀ ਸੁਰੱਖਿਆ ’ਤੇ ਫ਼ੌਜ ਕੰਮ ਕਰ ਰਹੀ ਹੈ। ਭਾਰਤ ’ਚ ਆਸਟਰੇਲੀਆ ਦੀ ਹਾਈ ਕਮਿਸ਼ਨਰ ਹਰਿੰਦਰ ਸਿੱਧੂ ਨੇ ਸੈਮੀਨਾਰ ’ਚ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਜੇਕਰ ਸੱਦਾ ਮਿਲਿਆ ਤਾਂ ਆਸਟਰੇਲੀਆ ਮਾਲਾਬਾਰ ਅਭਿਆਸ ’ਚ ਸ਼ਾਮਲ ਹੋਣ ਦਾ ਇਛੁੱਕ ਹੈ। ਉਨ੍ਹਾਂ ਕਿਹਾ ਕਿ ਹਿੰਦ ਅਤੇ ਪ੍ਰਸ਼ਾਂਤ ਸਾਗਰਾਂ ’ਚ ਮਿਲ ਕੇ ਕੰਮ ਕਰਨ ਵਾਲੇ ਮੁਲਕ ਨਾਲ ਅਭਿਆਸ ਕਰਨਾ ਆਸਟਰੇਲੀਆ ਲਈ ਢੁੱਕਵਾਂ ਕਦਮ ਹੋਵੇਗਾ। ਮਾਲਾਬਾਰ ਤਿੰਨ ਮੁਲਕਾਂ ਭਾਰਤ, ਅਮਰੀਕਾ ਅਤੇ ਜਪਾਨ ਦੀਆਂ ਜਲ ਸੈਨਾਵਾਂ ਵਿਚਕਾਰ ਅਭਿਆਸ ਦਾ ਨਾਮ ਹੈ।

Facebook Comment
Project by : XtremeStudioz