Close
Menu

ਭਾਰਤ ਦੀ ਕੈਰੇਬਿਆਈ ਟੀਮ ’ਤੇ ਵੱਡੀ ਜਿੱਤ

-- 30 October,2018

ਮੁੰਬਈ, ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਅਤੇ ਅੰਬਾਤੀ ਰਾਇਡੂ ਦੇ ਸੈਂਕੜਿਆਂ ਮਗਰੋਂ ਖਲੀਲ ਅਹਿਮਦ ਦੀ ਤੂਫਾਨੀ ਗੇਂਦਬਾਜ਼ੀ ਨਾਲ ਭਾਰਤ ਨੇ ਚੌਥੇ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਮੈਚ ਵਿੱਚ ਅੱਜ ਇੱਥੇ ਵੈਸਟ ਇੰਡੀਜ਼ ਨੂੰ 224 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ਵਿੱਚ 2-1 ਦੀ ਲੀਡ ਬਣਾ ਲਈ ਹੈ। ਦੌੜਾਂ ਦੇ ਹਿਸਾਬ ਨਾਲ ਇਹ ਭਾਰਤ ਦੀ ਤੀਜੀ ਸਭ ਤੋਂ ਵੱਡੀ ਅਤੇ ਟੈਸਟ ਖੇਡਣ ਵਾਲੇ ਦੇਸ਼ ਖਿਲਾਫ਼ ਪਹਿਲੀ ਸਭ ਤੋਂ ਵੱਡੀ ਜਿੱਤ ਹੈ। ਇਸ ਤੋਂ ਪਹਿਲਾਂ ਮਾਰਚ 2007 ਵਿੱਚ ਭਾਰਤ ਨੇ ਪੋਰਟ ਆਫ ਸਪੇਨ ਵਿੱਚ ਬਰਮੂਡਾ ਨੂੰ 257 ਦੌੜਾਂ, ਜਦਕਿ ਜੂਨ 2008 ਦੌਰਾਨ ਕਰਾਚੀ ਵਿੱਚ ਹਾਂਗਕਾਂਗ ਨੂੰ 256 ਦੌੜਾਂ ਨਾਲ ਹਰਾਇਆ ਸੀ।

ਭਾਰਤ ਨੇ 50 ਓਵਰਾਂ ਵਿੱਚ ਸੱਤ ਵਿਕਟਾਂ ’ਤੇ 377 ਦੌੜਾਂ ਦਾ ਵੱਡਾ ਸਕੋਰ ਬਣਾਉਣ ਮਗਰੋਂ ਵੈਸਟ ਇੰਡੀਜ਼ ਨੂੰ 36.2 ਓਵਰਾਂ ਵਿੱਚ 153 ਦੌੜਾਂ ’ਤੇ ਢੇਰ ਕਰਕੇ ਕੈਰੇਬਿਆਈ ਟੀਮ ਖ਼ਿਲਾਫ਼ ਆਪਣੀ ਸਭ ਤੋਂ ਵੱਡੀ ਜਿੱਤ ਹਾਸਲ ਕੀਤੀ। ਮਹਿਮਾਨ ਟੀਮ ਵੱਲੋਂ ਸਭ ਤੋਂ ਵੱਧ ਨਾਬਾਦ 54 ਦੌੜਾਂ ਕਪਤਾਨ ਜੇਸਨ ਹੋਲਡਰ ਨੇ ਬਣਾਈਆਂ। ਉਸ ਤੋਂ ਇਲਾਵਾ ਵਿੰਡੀਜ਼ ਦਾ ਕੋਈ ਖਿਡਾਰੀ 20 ਦੌੜਾਂ ਦੇ ਅੰਕੜੇ ਨੂੰ ਪਾਰ ਨਹੀਂ ਕਰ ਸਕਿਆ। ਭਾਰਤ ਵੱਲੋਂ ਗੇਂਦਬਾਜ਼ ਖਲੀਲ ਅਹਿਮਦ ਨੇ (13 ਦੌੜਾਂ ਦੇ ਕੇ) ਅਤੇ ਕੁਲਦੀਪ ਨੇ (42 ਦੌੜਾਂ ਦੇ ਕੇ) ਤਿੰਨ-ਤਿੰਨ ਵਿਕਟਾਂ ਲਈਆਂ। ਰਵਿੰਦਰ ਜਡੇਜਾ ਅਤੇ ਭੁਵਨੇਸ਼ਵਰ ਕੁਮਾਰ ਨੇ ਇੱਕ-ਇੱਕ ਵਿਕਟ ਲਈ।
ਬ੍ਰੇਬੋਰਨ ਸਟੇਡੀਅਮ ਵਿੱਚ ਖੇਡੇ ਜਾ ਰਹੇ ਇਸ ਮੈਚ ਵਿੱਚ ਭਾਰਤ ਨੇ ਆਪਣੇ ਇੱਕ ਰੋਜ਼ਾ ਇਤਿਹਾਸ ਦਾ 11ਵਾਂ ਸਭ ਤੋਂ ਵੱਡਾ ਸਕੋਰ ਬਣਾਇਆ। ਭਾਰਤ ਦਾ ਵੈਸਟ ਇੰਡੀਜ਼ ਖ਼ਿਲਾਫ਼ ਇਹ ਦੂਜਾ ਸਭ ਤੋਂ ਵੱਡਾ ਸਕੋਰ ਹੈ। ਭਾਰਤ ਇੱਕ ਰੋਜ਼ਾ ਵਿੱਚ ਵੈਸਟ ਇੰਡੀਜ਼ ਖ਼ਿਲਾਫ਼ ਹੀ 418 ਦੌੜਾਂ ਦੇ ਸਭ ਤੋਂ ਵੱਡੇ ਸਕੋਰ ਦਾ ਰਿਕਾਰਡ ਰੱਖਦਾ ਹੈ। ਉਪ ਕਪਤਾਨ ਰੋਹਿਤ ਨੇ ਇੱਕ ਵਾਰ ਫਿਰ ਵਿਖਾ ਦਿੱਤਾ ਕਿ ਉਹ ਵੱਡੀ ਪਾਰੀ ਖੇਡਣ ਵਿੱਚ ਕਿੰਨਾ ਮਾਹਰ ਹੈ। ਰੋਹਿਤ ਨੇ ਸਿਰਫ਼ 137 ਗੇਂਦਾਂ ’ਤੇ 162 ਦੌੜਾਂ ਵਿੱਚ 20 ਚੌਕੇ ਅਤੇ ਚਾਰ ਛੱਕੇ ਮਾਰੇ। ਰਾਇਡੂ ਨੇ ਚੌਥੇ ਨੰਬਰ ’ਤੇ ਆਪਣੇ ਕਪਤਾਨ ਵਿਰਾਟ ਕੋਹਲੀ ਦੇ ਭਰੋਸੇ ਨੂੰ ਸਹੀ ਸਾਬਤ ਕਰਦਿਆਂ 81 ਗੇਂਦਾਂ ’ਤੇ 100 ਦੌੜਾਂ ਵਿੱਚ ਅੱਠ ਚੌਕੇ ਅਤੇ ਚਾਰ ਛੱਕੇ ਮਾਰੇ। ਰੋਹਿਤ ਦਾ ਇੱਕ ਰੋਜ਼ਾ ਵਿੱਚ ਇਹ 21ਵਾਂ ਅਤੇ ਰਾਇਡੂ ਦਾ ਤੀਜਾ ਸੈਂਕੜਾ ਹੈ।
ਲੜੀ ਵਿੱਚ ਲਗਾਤਾਰ ਤਿੰਨ ਸੈਂਕੜੇ ਮਾਰਨ ਵਾਲਾ ਕਪਤਾਨ ਵਿਰਾਟ ਕੋਹਲੀ ਇਸ ਵਾਰ ਸਿਰਫ਼ 16 ਦੌੜਾਂ ਹੀ ਬਣਾ ਸਕਿਆ। ਵਿਰਾਟ ਨੂੰ ਕੇਮਾਰ ਰੋਚ ਨੇ ਵਿਕਟਕੀਪਰ ਸ਼ਾਈ ਹੋਪ ਹੱਥੋਂ ਕੈਚ ਕਰਵਾਇਆ। ਇਸ ਤਰ੍ਹਾਂ ਛੇਤੀ ਆਊਟ ਹੋਣ ਨਾਲ ਉਹ ਸ੍ਰੀਲੰਕਾ ਦੇ ਕੁਮਾਰ ਸੰਗਾਕਾਰਾ ਦੇ ਲਗਾਤਾਰ ਚਾਰ ਸੈਂਕੜੇ ਬਣਾਉਣ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਕਰਨ ਤੋਂ ਖੁੰਝ ਗਿਆ। ਸਲਾਮੀ ਬੱਲੇਬਾਜ਼ ਧਵਨ ਨੇ 40 ਗੇਂਦਾਂ ’ਤੇ 38 ਦੌੜਾਂ ਵਿੱਚ ਚਾਰ ਚੌਕੇ ਅਤੇ ਦੋ ਛੱਕੇ ਮਾਰੇ। ਵਿਕਟਕੀਪਰ ਮਹਿੰਦਰ ਸਿੰਘ ਧੋਨੀ ਨੇ 15 ਗੇਂਦਾਂ ’ਤੇ ਦੋ ਚੌਕਿਆਂ ਦੀ ਮਦਦ ਨਾਲ 23 ਦੌੜਾਂ ਬਣਾਈਆਂ। ਆਖ਼ਰੀ ਦੋ ਇੱਕ ਰੋਜ਼ਾ ਲਈ ਭਾਰਤੀ ਟੀਮ ਵਿੱਚ ਵਾਪਸ ਲਏ ਗਏ ਕੇਦਾਰ ਜਾਧਵ ਨੇ ਨਾਬਾਦ 16 ਅਤੇ ਰਵਿੰਦਰ ਜਡੇਜਾ ਨੇ ਨਾਬਾਦ ਸੱਤ ਦੌੜਾਂ ਬਣਾਈਆਂ। ਰੋਹਿਤ ਨੇ ਇਸ ਦੇ ਗੁਹਾਟੀ ਵਿੱਚ ਖੇਡੇ ਗਏ ਪਹਿਲੇ ਮੈਚ ਵਿੱਚ ਨਾਬਾਦ 152 ਦੌੜਾਂ ਬਣਾਈਆਂ ਸਨ ਅਤੇ ਇਸ ਵਾਰ ਉਸ ਨੇ 162 ਦੌੜਾਂ ਬਣਾਈਆਂ ਹਨ। ਰੋਹਿਤ ਅਤੇ ਸ਼ਿਖਰ ਨੇ ਪਹਿਲੀ ਵਿਕਟ ਲਈ 11.5 ਓਵਰਾਂ ਵਿੱਚ 71 ਦੌੜਾਂ ਦੀ ਸਾਂਝੇਦਾਰੀ ਕੀਤੀ। ਜਦੋਂ ਲੱਗ ਰਿਹਾ ਸੀ ਕਿ ਰੋਹਿਤ ਇੱਕ ਰੋਜ਼ਾ ਵਿੱਚ ਚੌਥਾ ਦੂਹਰਾ ਸੈਂਕੜਾ ਬਣਾਉਣ ਵੱਲ ਵਧ ਰਿਹਾ ਹੈ ਤਾਂ ਉਹ ਐਸ਼ਲੇ ਨਰਸ ਦੀ ਗੇਂਦ ’ਤੇ ਚੰਦਰਪਾਲ ਹੇਮਰਾਜ ਨੂੰ ਕੈਚ ਦੇ ਬੈਠਿਆ। ਰੋਹਿਤ ਦੀ ਵਿਕਟ 44ਵੇਂ ਓਵਰ ਵਿੱਚ 312 ਦੌੜਾਂ ਦੇ ਸਕੋਰ ’ਤੇ ਡਿੱਗੀ।
ਲੈਅ ਵਿੱਚ ਪਰਤੇ ਸ਼ਿਖਰ ਨੇ 38 ਦੌੜਾਂ ਬਣਾਈਆਂ, ਪਰ ਉਹ ਚੰਗੀ ਸ਼ੁਰੂਆਤ ਨੂੰ ਵੱਡੇ ਸਕੋਰ ਵਿੱਚ ਨਹੀਂ ਬਦਲ ਸਕਿਆ। ਕੀਮੋ ਪਾਲ ਨੇ ਉਸ ਨੂੰ ਆਊਟ ਕੀਤਾ।
ਰਾਇਡੂ ਆਪਣਾ ਸੈਂਕੜਾ ਪੂਰਾ ਕਰਨ ਮਗਰੋਂ ਫੈਬੀਅਨ ਐਲਨ ਦੇ ਸਿੱਧੇ ਥਰੋਅ ’ਤੇ ਰਨ ਆਊਟ ਹੋ ਗਿਆ। ਧੋਨੀ ਨੇ 23 ਦੌੜਾਂ ਦੀ ਤੇਜ਼ ਪਾਰੀ ਖੇਡੀ। ਉਸ ਨੂੰ ਰੋਚ ਨੇ ਆਊਟ ਕੀਤਾ। ਇਸ ਤੋਂ ਪਿਛਲੀ ਗੇਂਦ ’ਤੇ ਧੋਨੀ ਨੂੰ ਜੀਵਨਦਾਨ ਵੀ ਮਿਲਿਆ ਸੀ, ਜਾਧਵ ਨੇ ਨਾਬਾਦ 16 ਦੌੜਾਂ ਬਣਾ ਕੇ ਭਾਰਤ ਨੂੰ 377 ਤੱਕ ਪਹੁੰਚਾਇਆ। ਰੋਚ ਨੇ (74 ਦੌੜਾਂ ਦੇ ਕੇ) ਦੋ, ਨਰਸ (57 ਦੌੜਾਂ ਦੇ ਕੇ) ਅਤੇ ਪਾਲ ਨੇ (88 ਦੌੜਾਂ ਦੇ ਕੇ) ਇੱਕ-ਇੱਕ ਵਿਕਟ ਲਈ।

Facebook Comment
Project by : XtremeStudioz