Close
Menu

ਭਾਰਤ ਦੀ ਪਾਕਿ ’ਤੇ ਹਮਲੇ ਦੀ ਯੋਜਨਾ: ਕੁਰੈਸ਼ੀ

-- 08 April,2019

ਇਸਲਾਮਾਬਾਦ, 8 ਅਪਰੈਲ
ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਹੈ ਕਿ ਭਾਰਤ ਨੇ ਪਾਕਿ ’ਤੇ ਹਮਲੇ ਦੀ ਯੋਜਨਾ ਬਣਾਈ ਹੈ। ਉਨ੍ਹਾਂ ਕਿਹਾ ਕਿ ਅਜਿਹਾ 16 ਤੋਂ 20 ਅਪਰੈਲ ਵਿਚਾਲੇ ਹੋ ਸਕਦਾ ਹੈ ਤੇ ਇਸ ਲਈ ਜੰਮੂ ਕਸ਼ਮੀਰ ਵਿਚ ਕਿਸੇ ‘ਘਟਨਾ’ ਨੂੰ ਬਹਾਨਾ ਬਣਾਇਆ ਜਾ ਸਕਦਾ ਹੈ। ਉਨ੍ਹਾਂ ਆਲਮੀ ਭਾਈਚਾਰੇ ਨੂੰ ਭਾਰਤ ਦੀ ਇਸ ‘ਗ਼ੈਰਜ਼ਿੰਮੇਵਰਾਨਾ ਰਵੱਈਏ’ ਲਈ ਖਿਚਾਈ ਕਰਨ ਲਈ ਕਿਹਾ ਹੈ। ਕੁਰੈਸ਼ੀ ਨੇ ਮੁਲਤਾਨ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸਲਾਮਾਬਾਦ ਕੋਲ ‘ਭਰੋਸੇਯੋਗ ਖੁਫ਼ੀਆ ਜਾਣਕਾਰੀ ਹੈ ਕਿ ਭਾਰਤ ਨਵੀਂ ਯੋਜਨਾ ਬਣਾ ਰਿਹਾ ਹੈ’ ਤੇ ਪਾਕਿ ’ਤੇ ਹਮਲਾ ਕਰੇਗਾ। ਕੁਰੈਸ਼ੀ ਨੇ ਕਿਹਾ ਕਿ ਉਹ ਜ਼ਿੰਮੇਵਾਰ ਅਹੁਦੇ ’ਤੇ ਹਨ ਤੇ ਜ਼ਿੰਮੇਵਾਰੀ ਨਾਲ ਹੀ ਬੋਲ ਰਹੇ ਹਨ। ਪਾਕਿ ਵਿਦੇਸ਼ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਉਨ੍ਹਾਂ ਮੂੰਹੋਂ ਨਿਕਲੇ ਬੋਲ ਕੌਮਾਂਤਰੀ ਮੀਡੀਆ ਤੱਕ ਪੁੱਜਣਗੇ। ਉਨ੍ਹਾਂ ਕਿਹਾ ਕਿ ਭਾਰਤ ਨੇ ਹਮਲੇ ਦੀ ਤਿਆਰੀ ਕਰ ਲਈ ਹੈ ਤੇ ਪੂਰੀ ਸੰਭਾਵਨਾ ਹੈ ਕਿ ਪਾਕਿ ’ਤੇ ਇਕ ਹੋਰ ਹਮਲਾ ਹੋਵੇ। ਕੁਰੈਸ਼ੀ ਨੇ ਕਿਹਾ ਕਿ ਪੁਲਵਾਮਾ ਹਮਲੇ ਜਿਹੀ ਕਿਸੇ ‘ਘਟਨਾ’ ਨੂੰ ਪਾਕਿ ’ਤੇ ਕੂਟਨੀਤਕ ਦਬਾਅ ਵਧਾਉਣ ਲਈ ਵਰਤੇ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਹੋਣ ਦੀ ਸੂਰਤ ਵਿਚ ਖਿੱਤੇ ਦੀ ਸ਼ਾਂਤੀ ਤੇ ਸਥਿਰਤਾ ਨੂੰ ਪੁੱਜਣ ਵਾਲੇ ਨੁਕਸਾਨ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਕੁਰੈਸ਼ੀ ਨੇ ਕਿਹਾ ਕਿ ਪਾਕਿ ਨੇ ਇਸ ਬਾਰੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਨੂੰ ਜਾਣੂ ਕਰਵਾ ਦਿੱਤਾ ਹੈ। ਉਨ੍ਹਾਂ 26 ਫਰਵਰੀ ਨੂੰ ਭਾਰਤ ਵੱਲੋਂ ਪਾਕਿ ਖ਼ਿਲਾਫ਼ ਕੀਤੀ ਕਾਰਵਾਈ ’ਤੇ ਚੁੱਪ ਰਹਿਣ ਲਈ ਕੌਮਾਂਤਰੀ ਭਾਈਚਾਰੇ ਦੀ ਨਿਖੇਧੀ ਕੀਤੀ। ਉਹ ਬਾਲਾਕੋਟ ’ਤੇ ਕੀਤੇ ਹਵਾਈ ਹਮਲੇ ਵੱਲ ਇਸ਼ਾਰਾ ਕਰ ਰਹੇ ਸਨ।

Facebook Comment
Project by : XtremeStudioz