Close
Menu

ਭਾਰਤ ਨਾਲ ‘ਪਾਕ ਸਾਫ਼’ ਰਿਸ਼ਤਿਆਂ ਦੀ ਖਾਹਿਸ਼: ਇਮਰਾਨ ਖ਼ਾਨ

-- 29 November,2018

ਕਰਤਾਰਪੁਰ, 29 ਨਵੰਬਰ
ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਪਾਕਿਸਤਾਨ, ਭਾਰਤ ਨਾਲ ‘ਮਜ਼ਬੂਤ’ ਅਤੇ ‘ਚੰਗੇ ਗੁਆਂਢੀਆਂ’ ਵਰਗੇ ਰਿਸ਼ਤੇ ਚਾਹੁੰਦਾ ਹੈ ਅਤੇ ਦੋਵੇਂ ਮੁਲਕ ਕਸ਼ਮੀਰ ਸਮੇਤ ਸਾਰੇ ਮਸਲਿਆਂ ਦਾ ਹੱਲ ਪੱਕੇ ਇਰਾਦੇ ਨਾਲ ਹੱਲ ਕਰ ਸਕਦੇ ਹਨ। ਉਨ੍ਹਾਂ ਇਹ ਗੱਲ ਪਾਕਿਸਤਾਨ ਦੇ ਕਰਤਾਰਪੁਰ ’ਚ ਦਰਬਾਰ ਸਾਹਿਬ ਗੁਰਦੁਆਰੇ ਵਾਲੇ ਲਾਂਘੇ ਦਾ ਨੀਂਹ ਪੱਥਰ ਰੱਖਣ ਸਮੇਂ ਆਖੀ। ਭਾਰਤ ਵੱਲੋਂ ਡੇਰਾ ਬਾਬਾ ਨਾਨਕ ’ਚ ਸੋਮਵਾਰ ਨੂੰ ਲਾਂਘੇ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਨਾਲ ਜੁੜੇ ਕਰਤਾਰਪੁਰ ਗੁਰਦੁਆਰੇ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਨੂੰ ਵੀਜ਼ਾ ਨਹੀਂ ਲੈਣਾ ਪਏਗਾ ਅਤੇ ਉਥੋਂ ਦੀ ਯਾਤਰਾ ਲਈ ਪਰਮਿਟ ਨਾਲ ਹੀ ਕੰਮ ਚੱਲ ਜਾਵੇਗਾ। ਸਮਾਗਮ ’ਚ ਥਲ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ, ਭਾਰਤ ਸਰਕਾਰ ਦੇ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਹਰਦੀਪ ਸਿੰਘ ਪੁਰੀ ਅਤੇ ਵਿਦੇਸ਼ੀ ਕੂਟਨੀਤਕ ਵੀ ਹਾਜ਼ਰ ਸਨ। ਇਮਰਾਨ ਖ਼ਾਨ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ,‘‘ਕਈ ਜੰਗਾਂ ਲੜਨ ਵਾਲੇ ਫਰਾਂਸ ਅਤੇ ਜਰਮਨੀ ਜੇਕਰ ਸ਼ਾਂਤੀ ਨਾਲ ਰਹਿ ਸਕਦੇ ਹਨ ਤਾਂ
ਭਾਰਤ ਅਤੇ ਪਾਕਿਸਤਾਨ ਵਿਚਕਾਰ ਸ਼ਾਂਤੀ ਕਿਉਂ ਨਹੀਂ ਹੋ ਸਕਦੀ?’’ ਉਨ੍ਹਾਂ ਕਿਹਾ ਕਿ ਖੁਦਾ ਵੱਲੋਂ ਦਿੱਤੇ ਮੌਕਿਆਂ ਨੂੰ ਪਾਕਿਸਤਾਨ ਅਤੇ ਭਾਰਤ ਨਹੀਂ ਸਮਝ ਸਕੇ। ‘ਜਦੋਂ ਵੀ ਮੈਂ ਭਾਰਤ ਗਿਆ ਤਾਂ ਮੈਨੂੰ ਦੱਸਿਆ ਗਿਆ ਕਿ ਸਿਆਸਤਦਾਨ ਇਕਜੁੱਟ ਹਨ ਪਰ ਫ਼ੌਜ ਦੋਵੇਂ ਮੁਲਕਾਂ ’ਚ ਦੋਸਤੀ ਨਹੀਂ ਹੋਣ ਦੇਵੇਗੀ।’ ਸਾਬਕਾ ਕ੍ਰਿਕਟਰ ਨੇ ਕਿਹਾ ਕਿ ਪਾਕਿਸਤਾਨ ਦੇ ਸਿਆਸੀ ਆਗੂ, ਫ਼ੌਜ ਅਤੇ ਹੋਰ ਅਦਾਰਿਆਂ ਦੇ ਵਿਚਾਰ ਇਕੋ ਜਿਹੇ ਹਨ ਅਤੇ ਉਹ ਸਾਰੇ ਭਾਰਤ ਨਾਲ ਚੰਗੇ ਗੁਆਂਢੀਆਂ ਵਰਗੇ ਰਿਸ਼ਤੇ ਚਾਹੁੰਦੇ ਹਨ। ‘ਬੱਸ ਇਕੋ ਕਸ਼ਮੀਰ ਦੀ ਸਮੱਸਿਆ ਹੈ। ਜੇਕਰ ਵਿਅਕਤੀ ਚੰਨ ’ਤੇ ਜਾ ਸਕਦਾ ਹੈ ਤਾਂ ਇਹੋ ਜਿਹੀਆਂ ਕਿਹੜੀਆਂ ਮੁਸ਼ਕਲਾਂ ਹਨ, ਜਿਨ੍ਹਾਂ ਦਾ ਅਸੀਂ ਹੱਲ ਨਹੀਂ ਕੱਢ ਸਕਦੇ।’’ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁਸ਼ਕਲ ਦੇ ਹੱਲ ਲਈ ਪੱਕਾ ਇਰਾਦਾ ਅਤੇ ਵੱਡੇ ਸੁਫਨੇ ਲੋੜੀਂਦੇ ਹਨ। ਇਕ ਵਾਰ ਵਪਾਰ ਸ਼ੁਰੂ ਹੋ ਗਿਆ ਅਤੇ ਰਿਸ਼ਤੇ ਬਣ ਗਏ ਤਾਂ ਸੋਚੋ ਦੋਵੇਂ ਮੁਲਕਾਂ ਨੂੰ ਕਿੰਨਾ ਲਾਭ ਹੋਵੇਗਾ। ‘ਭਾਰਤ ਜੇਕਰ ਦੋਸਤੀ ਲਈ ਇਕ ਕਦਮ ਪੁੱਟੇਗਾ ਤਾਂ ਪਾਕਿਸਤਾਨ ਦੋ ਕਦਮ ਵਧਾਏਗਾ।’ ਉਨ੍ਹਾਂ ਮੰਨਿਆ ਕਿ ਦੋਵੇਂ ਪਾਸਿਆਂ ਤੋਂ ਗਲਤੀਆਂ ਹੋਈਆਂ ਹਨ ਅਤੇ ਦੋਵੇਂ ਮੁਲਕਾਂ ਨੂੰ ਬੀਤੇ ’ਚ ਨਹੀਂ ਰਹਿਣਾ ਚਾਹੀਦਾ। ਮੁਸਲਮਾਨਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸੋਚੋ ਜੇਕਰ ਮਦੀਨਾ ਚਾਰ ਕਿਲੋਮੀਟਰ ਦੀ ਦੂਰੀ ’ਤੇ ਹੁੰਦਾ ਅਤੇ ਤੁਹਾਨੂੰ ਉਥੇ ਨਾ ਜਾਣ ਦਿੱਤਾ ਜਾਂਦਾ ਤਾਂ ਕਿਹੋ ਜਿਹਾ ਮਹਿਸੂਸ ਹੁੰਦਾ। ਇਹੋ ਜਿਹਾ ਸਿੱਖਾਂ ਨਾਲ 70 ਸਾਲਾਂ ਤਕ ਹੁੰਦਾ ਆਇਆ ਹੈ। ਸਿੱਖਾਂ ਨੂੰ ਉਨ੍ਹਾਂ ਭਰੋਸਾ ਦਿੱਤਾ ਕਿ ਕਰਤਾਰਪੁਰ ਸਾਹਿਬ ’ਚ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਅਗਲੇ ਸਾਲ ਸਹੂਲਤਾਂ ਹੁਣ ਨਾਲੋਂ ਕਿਤੇ ਵਧ ਬਿਹਤਰ ਹੋਣਗੀਆਂ।

Facebook Comment
Project by : XtremeStudioz