Close
Menu

ਭਾਰਤ ਨਾਲ ਵਾਰਤਾ ਦੀ ਪੇਸ਼ਕਸ਼ ਨੂੰ ਲੈ ਕੇ ਇਮਰਾਨ ਖਾਨ ਆਲੋਚਨਾ ਦੇ ਸ਼ਿਕਾਰ : ਰਿਪੋਰਟ

-- 25 September,2018

ਇਸਲਾਮਾਬਾਦ — ਪਾਕਿਸਤਾਨ ਦੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸੰਸਦ ਨੂੰ ਵਿਸ਼ਵਾਸ ਵਿਚ ਲਏ ਬਿਨਾ ਅੱਤਵਾਦ ਅਤੇ ਕਸ਼ਮੀਰ ਸਮੇਤ ਖਾਸ ਮੁੱਦਿਆਂ ‘ਤੇ ਭਾਰਤ ਨਾਲ ਮੁੜ ਗੱਲਬਾਤ ਦੀ ਪੇਸ਼ਕਸ਼ ਕਰਨ ‘ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਆਲੋਚਨਾ ਕੀਤੀ ਹੈ। ਮੰਗਲਵਾਰ ਨੂੰ ਮੀਡੀਆ ਵੱਲੋਂ ਜਾਰੀ ਇਕ ਰਿਪੋਰਟ ਵਿਚ ਇਹ ਗੱਲ ਕਹੀ ਗਈ ਹੈ। ਸੰਸਦ ਦੇ ਉੱਪਰੀ ਸਦਨ ਸੈਨੇਟ ਦੀ ਸੋਮਵਾਰ ਸ਼ਾਮ ਬੈਠਕ ਹੋਈ। ਉਸ ਵਿਚ ਭਾਰਤ ਨਾਲ ਵਾਰਤਾ ਬਹਾਲ ਕਰਨ ਦੀ ਸਰਕਾਰ ਦੀਆਂ ਕੋਸ਼ਿਸ਼ਾਂ ਸਮੇਤ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਹੋਈ।

ਬੀਤੇ ਮਹੀਨੇ ਪ੍ਰਧਾਨ ਮੰਤਰੀ ਬਣੇ ਇਮਰਾਨ ਖਾਨ ਨੇ 14 ਤਰੀਕ ਨੂੰ ਪੀ.ਐੱਮ. ਮੋਦੀ ਨੂੰ ਇਕ ਪੱਤਰ ਲਿਖ ਕੇ ਇਸ ਮਹੀਨੇ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ ਦੇ ਮੌਕੇ ‘ਤੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਅਤੇ ਉਨ੍ਹਾਂ ਦੀ ਭਾਰਤੀ ਹਮਰੁਤਬਾ ਸੁਸ਼ਮਾ ਸਵਰਾਜ ਵਿਚਕਾਰ ਗੱਲਬਾਤ ਦਾ ਪ੍ਰਸਤਾਵ ਰੱਖਿਆ ਸੀ। ਪਾਕਿਸਤਾਨ ਸੈਨੇਟ ਦੇ ਸਾਬਕਾ ਸਭਾਪਤੀ ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਦੇ ਨੇਤਾ ਮੀਆਂ ਰਜ਼ਾ ਰੱਬਾਨੀ ਨੇ ਕਿਹਾ ਕਿ ਇਮਰਾਨ ਦੀ ਭਾਰਤ ਨਾਲ ਵਾਰਤਾ ਦੀ ਪੇਸ਼ਕਸ਼ ਕਸ਼ਮੀਰ ਦੀ ਸਥਿਤੀ ਦੇ ਮੱਦੇਨਜ਼ਰ ਉਨ੍ਹਾਂ ਦੀ ਸਮਝ ਤੋਂ ਪਰੇ ਹੈ। ਮੋਦੀ ਦਾ ਪੱਤਰ ਤਾਂ ਸਿੰਬੋਲਿਕ ਸੀ ਜਦਕਿ ਉਸ ਦੇ ਜਵਾਬ ਵਿਚ ਲਿਖੇ ਗਏ ਪੱਤਰ ਵਿਚ ਵਾਰਤਾ ਦੀ ਪੇਸ਼ਕਸ਼ ਕਰ ਦਿੱਤੀ ਗਈ।

ਉਨ੍ਹਾਂ ਨੇ ਇਮਰਾਨ ਦੇ ਪੱਤਰ ਦੀ ਇਸ ਭਾਸ਼ਾ ‘ਤੇ ਵੀ ਇਤਰਾਜ਼ ਕੀਤਾ ਕਿ ਪਾਕਿਸਤਾਨ ਅੱਤਵਾਦ ‘ਤੇ ਚਰਚਾ ਲਈ ਤਿਆਰ ਹੈ। ਜਮੀਅਤ ਉਲੇਮਾ-ਏ-ਇਸਲਾਮ ਫਜ਼ਲ ਦੇ ਸੈਨੇਟਰ ਅਬਦੁੱਲ ਗਫੂਰ ਹੈਦਰੀ ਨੇ ਸਵਾਲ ਕੀਤਾ ਕਿ ਕਿਵੇਂ ਕੋਈ ਵਿਅਕਤੀ ਭਾਰਤ ਨਾਲ ਵਾਰਤਾ ਦੀ ਪੇਸ਼ਕਸ਼ ਕਰ ਸਕਦਾ ਹੈ। ਉਨ੍ਹਾਂ ਨੇ ਸੰਸਦ ਮੈਂਬਰਾਂ ਨੂੰ ਵਿਸ਼ਵਾਸ ਵਿਚ ਨਾ ਲੈਣ ‘ਤੇ ਇਮਰਾਨ ਦੀ ਆਲੋਚਨਾ ਕੀਤੀ ਅਤੇ ਉਨ੍ਹਾਂ ਨੇ ਸਾਵਧਾਨੀ ਨਾਲ ਅੱੱਗੇ ਵੱਧਣ ਦੀ ਨਸੀਹਤ ਦਿੱਤੀ।

ਸਰਕਾਰ ਵੱਲੋਂ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਸਫਾਈ ਦਿੱਤੀ ਕਿ ਇਮਰਾਨ ਨੇ ਉਨ੍ਹਾਂ ਨੂੰ ਮਿਲੇ ਪੱਤਰ ਦਾ ਜਵਾਬ ਦਿੱਤਾ ਸੀ। ਪਾਕਿਸਤਾਨ ਜੰਮੂ-ਕਸ਼ਮੀਰ ਦੇ ਖਾਸ ਮੁੱਦੇ ਸਮੇਤ ਭਾਰਤ ਨਾਲ ਸਾਰੇ ਵਿਵਾਦਾਂ ਦਾ ਹੱਲ ਚਾਹੁੰਦਾ ਹੈ। ਉਨ੍ਹਾਂ ਨੇ ਕਿਹਾ,”ਦੋਵੇਂ ਦੇਸ਼ 70 ਸਾਲਾਂ ਤੋਂ ਲੜਦੇ ਆ ਰਹੇ ਹਨ। ਜੇ ਭਾਰਤ ਚਾਹੇਗਾ ਤਾਂ ਅਸੀਂ ਅਗਲੇ 70 ਸਾਲ ਵੀ ਲੜਾਈ ਜਾਰੀ ਰੱਖ ਸਕਦੇ ਹਾਂ। ਪਰ ਜੇ ਪਰਮਾਣੂ ਯੁੱਧ ਸ਼ੁਰੂ ਹੋ ਗਿਆ ਤਾਂ ਪੂਰਾ ਉਪ-ਮਹਾਂਦੀਪ ਤਬਾਹ ਹੋ ਜਾਵੇਗਾ।”

Facebook Comment
Project by : XtremeStudioz