Close
Menu

ਭਾਰਤ ਨੇ ਗੋਲਡ ਮੈਡਲਾਂ ਪੱਖੋਂ ਗਲਾਸਗੋ ਖੇਡਾਂ ਨੂੰ ਪਿੱਛੇ ਛੱਡਿਆ, 9ਵੇਂ ਦਿਨ ਹੋਏ 17 ਗੋਲਡ

-- 13 April,2018

ਗੋਲਡ ਕੋਸਟ, 13 ਅਪਰੈਲ
ਨਿਸ਼ਾਨੇਬਾਜ਼ਾਂ ਅਤੇ ਪਹਿਲਵਾਨਾਂ ਦੇ ਸੁਨਹਿਰੀ ਪ੍ਰਦਰਸ਼ਨ ਕਾਰਨ ਭਾਰਤ ਨੇ ਗੋਲਡ ਕੋਸਟ ਵਿੱਚ ਗਲਾਸਗੋ ਦੇ ਆਪਣੇ ਪਿਛਲੇ ਪ੍ਰਦਰਸ਼ਨ ਨੂੰ ਪਿੱਛੇ ਛੱਡ ਦਿੱਤਾ ਹੈ। ਭਾਰਤ ਨੇ ਚਾਰ ਸਾਲ ਪਹਿਲਾਂ 15 ਸੋਨੇ ਸਣੇ ਕੁੱਲ 64 ਤਗ਼ਮੇ ਜਿੱਤੇ ਸਨ, ਜਦਕਿ ਗੋਲਡ ਕੋਸਟ ਵਿੱਚ ਭਾਰਤ ਦੇ ਤਗ਼ਮਿਆਂ ਦੀ ਗਿਣਤੀ 17 ਸੋਨੇ, 11 ਚਾਂਦੀ ਅਤੇ 14 ਕਾਂਸੀ ਸਣੇ 42 ਤਗ਼ਮਿਆਂ ’ਤੇ ਪਹੁੰਚ ਚੁੱਕੀ ਹੈ। ਇਹ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤ ਦਾ ਚੌਥਾ ਸਭ ਤੋਂ ਸਫਲ ਪ੍ਰਦਰਸ਼ਨ ਹੈ। ਭਾਰਤ ਨੇ ਖੇਡਾਂ ਦੇ ਨੌਵੇਂ ਦਿਨ ਸ਼ੁੱਕਰਵਾਰ ਨੂੰ ਨਿਸ਼ਾਨੇਬਾਜ਼ੀ ਵਿੱਚ ਦੋ ਸੋਨੇ ਸਣੇ ਤਿੰਨ, ਕੁਸ਼ਤੀ ਵਿੱਚ ਇੱਕ ਸੋਨੇ ਸਣੇ ਚਾਰ ਤਗ਼ਮੇ, ਟੇਬਲ ਟੈਨਿਸ ਵਿੱਚ ਇੱਕ ਚਾਂਦੀ ਅਤੇ ਮੁੱਕੇਬਾਜ਼ੀ ਵਿੱਚ ਤਿੰਨ ਕਾਂਸੀ ਦੇ ਤਗ਼ਮੇ ਜਿੱਤੇ। ਭਾਰਤ ਤਗ਼ਮਾ ਸੂਚੀ ਵਿੱਚ ਤੀਜੇ ਸਥਾਨ ’ਤੇ ਹੈ।
ਭਾਰਤ ਦੇ 15 ਸਾਲ ਦੇ ਅਨੀਸ਼ ਭਨਵਾਲਾ ਨੇ ਪੁਰਸ਼ਾਂ ਦੇ 25 ਮੀਟਰ ਰੈਪਿਡ ਫਾਇਰ ਪਿਸਟਲ ਮੁਕਾਬਲੇ ਵਿੱਚ ਰਿਕਾਰਡ ਬਣਾਉਂਦਿਆਂ ਸੁਨਹਿਰੀ ਤਗ਼ਮਾ ਜਿੱਤ ਕੇ ਇਤਿਹਾਸ ਸਿਰਜ ਦਿੱਤਾ। ਅਨੀਸ਼ ਰਾਸ਼ਟਰਮੰਡਲ ਖੇਡਾਂ ਵਿੱਚ ਸੋਨਾ ਜਿੱਤਣ ਵਾਲਾ ਉਮਰ ਵਿੱਚ ਸਭ ਤੋਂ ਛੋਟਾ ਭਾਰਤੀ ਨਿਸ਼ਾਨੇਬਾਜ਼ ਵੀ ਬਣ ਗਿਆ ਹੈ। ਅਨੀਸ਼ ਤੋਂ ਇਲਾਵਾ ਤੇਜਸਵਿਨੀ ਸਾਵੰਤ ਨੇ 50 ਮੀਟਰ ਰਾਈਫਲ ਥ੍ਰੀ ਪੋਜੀਸ਼ਨ ਵਿੱਚ ਸੋਨਾ ਅਤੇ ਅੰਜੁਮ ਮੋਦਗਿਲ ਨੇ ਚਾਂਦੀ ਦਾ ਤਗ਼ਮਾ ਜਿੱਤਿਆ। ਮਹਿਲਾ ਟਰੈਪ ਵਿੱਚ ਸ਼੍ਰੇਅਸੀ ਸਿੰਘ ਨੂੰ ਪੰਜਵਾਂ ਸਥਾਨ ਮਿਲਿਆ। ਭਾਰਤ ਹੁਣ ਤਕ ਗੋਲਡ ਕੋਸਟ ਵਿੱਚ ਨਿਸ਼ਾਨੇਬਾਜ਼ੀ ’ਚ ਛੇ ਸੋਨੇ ਸਣੇ ਕੁੱਲ 15 ਤਗ਼ਮੇ ਜਿੱਤ ਚੁੱਕਿਆ ਹੈ।ਇਨ੍ਹਾਂ ਤੋਂ ਇਲਾਵਾ ਟੇਬਲ ਟੈਨਿਸ ਵਿੱਚ ਮਾਨਿਕਾ ਬਤਰਾ ਅਤੇ ਮਾਉਮਾ ਦਾਸ ਦੀ ਜੋੜੀ ਦੇ ਮਹਿਲਾ ਡਬਲਜ਼ ਮੁਕਾਬਲੇ ਦੇ ਫਾਈਨਲ ਵਿੱਚ ਹਾਰਨ ਕਾਰਨ ਭਾਰਤ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ, ਜਦਕਿ ਅਚੰਤ ਸ਼ਰਤ ਕਮਲ ਅਤੇ ਜੀ ਸਾਥਿਆਨ ਪੁਰਸ਼ ਡਬਲਜ਼ ਦੇ ਫਾਈਨਲ ਵਿੱਚ ਪਹੁੰਚ ਗਏ ਹਨ। ਦੀਪਿਕਾ ਕਾਰਤਿਕ ਪੱਲੀਕਲ ਅਤੇ ਸੌਰਵ ਘੋਸ਼ਾਲ ਨੇ ਸਕੁਐਸ਼ ਮੁਕਾਬਲੇ ਦੇ ਮਿਕਸਡ ਡਬਲਜ਼ ਫਾਈਨਲ ਵਿੱਚ ਪਹੁੰਚ ਕੇ ਦੇਸ਼ ਲਈ ਇੱਕ ਤਗ਼ਮਾ ਪੱਕਾ ਕੀਤਾ। ਦੁਨੀਆਂ ਦੇ ਨੰਬਰ ਇੱਕ ਸ਼ਟਲਰ ਬਣੇ ਕਿਦੰਬੀ ਸ਼੍ਰੀਕਾਂਤ, ਓਲੰਪਿਕ ਚਾਂਦੀ ਦਾ ਤਗ਼ਮਾ ਜੇਤੂ ਪੀਵੀ ਸਿੰਧੂ, ਸਾਇਨਾ ਨੇਹਵਾਲ ਅਤੇ ਐਚ ਪ੍ਰਣਯ ਨੇ ਬੈਡਮਿੰਟਨ ਸਿੰਗਲਜ਼ ਮੁਕਾਬਲਿਆਂ ਦੇ ਸੈਮੀ ਫਾਈਨਲ ਵਿੱਚ ਥਾਂ ਬਣਾਈ ਹੈ। ਅਮਿਤ ਫੰਗਲ (46-49 ਕਿਲੋ), ਗੌਰਵ ਸੋਲੰਕੀ (52 ਕਿਲੋ), ਮਨੀਸ਼ ਕੌਸ਼ਿਕ (60 ਕਿਲੋ), ਵਿਕਾਸ ਕ੍ਰਿਸ਼ਨਨ (75) ਅਤੇ ਸਤੀਸ਼ ਕੁਮਾਰ (91 ਤੋਂ ਵੱਧ) ਨੇ ਮੁੱਕੇਬਾਜ਼ੀ ਮੁਕਾਬਲੇ ਵਿੱਚ ਆਪਣੇ-ਆਪਣੇ ਵਰਗ ਜਿੱਤ ਕੇ ਫਾਈਨਲ ਵਿੱਚ ਥਾਂ ਬਣਾਈ ਹੈ, ਜਿੱਥੇ ਉਹ ਸੁਨਹਿਰੇ ਤਗ਼ਮੇ ਲਈ ਭਿੜਨਗੇ। ਜਦਕਿ ਤਿੰਨ ਮੁੱਕੇਬਾਜ਼ਾਂ ਨਮਨ ਤੰਵਰ, ਮਨੋਜ ਕੁਮਾਰ ਅਤੇ ਮੁਹੰਮਦ ਹੁਸਾਮੁਦੀਨ ਨੂੰ ਸੈਮੀ ਫਾਈਨਲ ਵਿੱਚ ਹਾਰ ਕੇ ਕਾਂਸੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਭਾਰਤ ਦੇ ਅੱਠ ਪੁਰਸ਼ ਮੁੱਕੇਬਾਜ਼ ਅੱਜ ਸੈਮੀ ਫਾਈਨਲ ਵਿੱਚ ਉਤਰੇ ਜਿਨ੍ਹਾਂ ਵਿੱਚ ਪੰਜ ਨੂੰ ਜਿੱਤ ਮਿਲੀ। ਪੰਜ ਵਾਰ ਦੀ ਵਿਸ਼ਵ ਚੈਂਪੀਅਨ ਅਤੇ ਓਲੰਪਿਕ ਤਗ਼ਮਾ ਜੇਤੂ ਐਮਸੀ ਮੇਰੀਕੌਮ ਪਹਿਲਾਂ ਹੀ ਫਾਈਨਲ ਵਿੱਚ ਪਹੁੰਚ ਚੁੱਕੀ ਹੈ। ਭਾਰਤ ਦੇ ਛੇ ਮੁੱਕੇਬਾਜ਼ ਸ਼ਨਿਚਰਵਾਰ ਨੂੰ ਦੇਸ਼ ਨੂੰ ਸੋਨ ਦਿਵਾਉਣ ਲਈ ਉਤਰਨਗੇ। ਹਰਿਆਣਾ ਦੇ 15 ਸਾਲਾ ਨਿਸ਼ਾਨੇਬਾਜ਼ ਅਨੀਸ਼ ਨੇ ਆਪਣੇ ਹੀ ਦੇਸ਼ ਦੀ ਮਨੂ ਭਾਕਰ ਦਾ ਰਿਕਾਰਡ ਤੋੜਿਆ। ਇਸੇ ਸੂਬੇ ਦੀ 16 ਸਾਲਾ ਨਿਸ਼ਾਨੇਬਾਜ਼ ਮਨੂ ਨੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਅਨੀਸ਼ ਨੇ 25 ਮੀਟਰ ਰੈਪਿਡ ਫਾਇਰ ਪਿਸਟਲ ਮੁਕਾਬਲੇ ਵਿੱਚ 30 ਅੰਕਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ। ਇਸੇ ਮੁਕਾਬਲੇ ਵਿੱਚ ਇੱਕ ਹੋਰ ਭਾਰਤੀ ਨੀਰਜ ਕੁਮਾਰ ਛੇ ਖਿਡਾਰੀਆਂ ਦੇ ਫਾਈਨਲ ਵਿੱਚ ਪੰਜਵੇਂ ਸਥਾਨ ’ਤੇ ਰਿਹਾ। ਕੁਆਲੀਫੀਕੇਸ਼ਨ ਵਿੱਚ ਵੀ ਅਨੀਸ਼ 580 ਦਾ ਕੁੱਲ ਸਕੋਰ ਬਣਾ ਕੇ ਚੋਟੀ ’ਤੇ ਰਿਹਾ। ਦੂਜੇ ਪਾਸੇ 37 ਸਾਲਾ ਤੇਜਸਵਿਨੀ ਨੇ ਮਹਿਲਾਵਾਂ ਦੇ 50 ਮੀਟਰ ਰਾਈਫਲ ਥ੍ਰੀ ਪੋਜੀਸ਼ਨ ਮੁਕਾਬਲੇ ਦੇ ਫਾਈਨਲ ਵਿੱਚ ਰਾਸ਼ਟਰਮੰਡਲ ਖੇਡਾਂ ਦਾ ਰਿਕਾਰਡ ਬਣਾਉਂਦਿਆਂ ਸਭ ਤੋਂ ਵੱਧ 457.9 ਦੇ ਸਕੋਰ ਨਾਲ ਸੋਨ ਤਗ਼ਮੇ ’ਤੇ ਕਬਜ਼ਾ ਕੀਤਾ, ਜਦਕਿ ਇਸੇ ਮੁਕਾਬਲੇ ਵਿੱਚ ਹਮਵਤਨ ਅੰਜੁਮ ਮੋਦਗਿਲ ਨੇ ਦੂਜਾ ਸਥਾਨ ਹਾਸਲ ਕਰਕੇ ਚਾਂਦੀ ਦਾ ਤਗ਼ਮਾ ਜਿੱਤਿਆ। ਅੰਜੁਮ ਨੇ 455.7 ਦਾ ਸਕੋਰ ਬਣਾਇਆ। ਅਰਜੁਨ ਐਵਾਰਡੀ ਤੇਜਸਵਿਨੀ ਦਾ ਰਾਸ਼ਟਰਮੰਡਲ ਖੇਡਾਂ ਵਿੱਚ ਇਹ ਸੱਤਵਾਂ ਤਗ਼ਮਾ ਹੈ। ਮਹਿਲਾ ਟਰੈਪ ਵਿੱਚ ਸ਼੍ਰੇਅਸੀ ਸਿੰਘ ਗੋਲਡ ਕੋਸਟ ਵਿੱਚ ਆਪਣੇ ਦੂਜੇ ਫਾਈਨਲ ਵਿੱਚ ਪਹੁੰਚੀ, ਜਿੱਥੋਂ ਉਹ ਅੱਗੇ ਨਹੀਂ ਵਧ ਸਕੀ ਅਤੇ ਬਾਹਰ ਹੋ ਗਈ। ਸ਼੍ਰੇਅਸੀ ਨੇ ਇਸ ਤੋਂ ਪਹਿਲਾਂ ਡਬਲ ਟਰੈਪ ਵਿੱਚ ਸੋਨ ਤਗ਼ਮਾ ਜਿੱਤਿਆ ਸੀ।

ਹਾਕੀ: ਭਾਰਤ ਨੂੰ ਨਿਊਜ਼ੀਲੈਂਡ ਹੱਥੋਂ 3-2 ਨਾਲ ਹਾਰ
ਹਾਕੀ ਵਿੱਚ ਦੇਸ਼ ਨੂੰ ਨਿਰਾਸ਼ਾ ਹੱਥ ਲੱਗੀ। ਭਾਰਤੀ ਪੁਰਸ਼ ਹਾਕੀ ਟੀਮ ਮਹਿਲਾ ਟੀਮ ਵਾਂਗ 21ਵੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਆਪਣੀ ਹੋਣੀ ਨਹੀਂ ਬਦਲ ਸਕੀ ਅਤੇ ਉਸ ਨੂੰ ਸੈਮੀ ਫਾਈਨਲ ਵਿੱਚ ਹਾਰਨ ਮਗਰੋਂ ਹੁਣ ਕਾਂਸੀ ਦੇ ਤਗ਼ਮੇ ਲਈ ਖੇਡਣਾ ਹੋਵੇਗਾ। ਭਾਰਤ ਨੂੰ ਸੈਮੀ ਫਾਈਨਲ ਵਿੱਚ ਨਿਊਜ਼ੀਲੈਂਡ ਨੇ 3-2 ਗੋਲਾਂ ਨਾਲ ਹਰਾ ਦਿੱਤਾ। ਭਾਰਤੀ ਮਹਿਲਾ ਟੀਮ ਵੀ ਬੀਤੇ ਕੱਲ੍ਹ ਸੈਮੀ ਫਾਈਨਲ ਵਿੱਚ ਆਸਟਰੇਲੀਆ ਤੋਂ 0-1 ਨਾਲ ਹਾਰ ਗਈ ਸੀ। ਪੁਰਸ਼ ਟੀਮ ਦੀ ਇਸ ਹਾਰ ਨਾਲ ਭਾਰਤ ਦਾ ਲਗਾਤਾਰ ਤੀਜੀਆਂ ਰਾਸ਼ਟਰਮੰਡਲ ਖੇਡਾਂ ਦੇ ਫਾਈਨਲ ਵਿੱਚ ਖੇਡਣ ਦਾ ਸੁਪਨਾ ਟੁੱਟ ਗਿਆ ਹੈ।

Facebook Comment
Project by : XtremeStudioz