Close
Menu

ਭਾਰਤ ਨੇ ਛੇ ਸੋਨ ਤਗ਼ਮਿਆਂ ਨਾਲ ਜਿੱਤਿਆ ਟਰੈਕ ਏਸ਼ੀਆ ਕੱਪ

-- 24 September,2018

ਨਵੀਂ ਦਿੱਲੀ, ਭਾਰਤੀ ਸਾਈਕਲਿਸਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੱਜ ਅੰਤਿਮ ਦਿਨ ਇੰਦਰਾ ਗਾਂਧੀ ਸਟੇਡੀਅਮ ਕੰਪਲੈਕਸ ਸਥਿਤ ਸਾਈਕਲਿੰਗ ਵੈਲੋਡ੍ਰੋਮ ਵਿੱਚ ਛੇ ਸੋਨ ਤਗ਼ਮਿਆਂ ਸਣੇ 13 ਤਗ਼ਮੇ ਜਿੱਤ ਕੇ ਟਰੈਕ ਏਸ਼ੀਆ ਕੱਪ ਦਾ ਖ਼ਿਤਾਬ ਆਪਣੇ ਨਾਮ ਕਰ ਲਿਆ ਹੈ।

ਮੇਜ਼ਬਾਨ ਭਾਰਤ ਨੇ ਛੇ ਸੋਨੇ, ਪੰਜ ਚਾਂਦੀ ਅਤੇ ਦੋ ਕਾਂਸੀ ਦੇ ਤਗ਼ਮੇ ਜਿੱਤ ਕੇ ਚੋਟੀ ਦਾ ਸਥਾਨ ਹਾਸਲ ਕੀਤਾ, ਜਦਕਿ ਇੰਡੋਨੇਸ਼ੀਆ ਚਾਰ ਸੋਨੇ, ਤਿੰਨ ਚਾਂਦੀ ਅਤੇ ਇੱਕ ਕਾਂਸੀ ਦੇ ਤਗ਼ਮਾ ਜਿੱਤ ਕੇ ਦੂਜੇ ਸਥਾਨ ’ਤੇ ਰਿਹਾ। ਹਾਂਗਕਾਂਗ ਨੇ ਚਾਰ ਸੋਨੇ ਅਤੇ ਦੋ ਕਾਂਸੀ ਦੇ ਤਗ਼ਮੇ ਨਾਲ ਤੀਜਾ ਸਥਾਨ ਮੱਲਿਆ। ਭਾਰਤੀ ਓਲੰਪਿਕ ਸੰਘ ਦੇ ਜਨਰਲ ਸਕੱਤਰ ਰਾਜੀਵ ਮਹਿਤਾ ਨੇ ਸਮਾਰੋਹ ਦੀ ਸਮਾਪਤੀ ਮੌਕੇ ਜੇਤੂਆਂ ਨੂੰ ਸਨਮਾਨਿਤ ਕੀਤਾ।
ਅੰਤਿਮ ਦਿਨ ਦਾ ਫਾਈਨਲ ਪੁਰਸ਼ ਜੂਨੀਅਰ 200 ਮੀਟਰ ਸਪ੍ਰਿੰਟ ਸੀ। ਇਸ ਵਿੱਚ ਭਾਰਤ ਦੇ ਉਭਰਦੇ ਸਟਾਰ ਐਸੋ ਐਲਬੇਨ ਨੇ ਕਜ਼ਾਖ਼ਿਸਤਾਨ ਦੇ ਦਿਮਿਤਰੀ ਰੇਜ਼ਾਨੋਵ ਨੂੰ ਸਖ਼ਤ ਮੁਕਾਬਲੇ ਵਿੱਚ ਹਰਾ ਕੇ ਸੋਨ ਤਗ਼ਮਾ ਜਿੱਤ ਲਿਆ। ਐਸੋ ਨੇ 10.500 ਸੈਕਿੰਡ ਦਾ ਸਮਾਂ ਲਿਆ। ਰੇਜ਼ਾਲੋਵ ਨੇ 10.863 ਸੈਕਿੰਡ ਦਾ ਸਮਾਂ ਕੱਢ ਕੇ ਚਾਂਦੀ ਦਾ ਤਗ਼ਮਾ ਜਿੱਤਿਆ। ਭਾਰਤ ਦੇ ਜੇਮਜ਼ ਸਿੰਘ ਨੇ 11.132 ਸੈਕਿੰਡ ਦਾ ਸਮਾਂ ਕੱਢ ਕੇ ਕਾਂਸੀ ਦਾ ਤਗ਼ਮਾ ਜਿੱਤਿਆ।
ਭਾਰਤ ਨੇ ਦਿਨ ਦਾ ਦੂਜਾ ਸੋਨਾ ਮਹਿਲਾ ਜੂਨੀਅਰ 200 ਮੀਟਰ ਸਪ੍ਰਿੰਟ ਵਿੱਚ ਜਿੱਤਿਆ। ਮਹਾਰਾਸ਼ਟਰ ਦੀ ਮਿਊਰੀ ਲੂਟੇ ਨੇ 12.263 ਸੈਕਿੰਡ ਦਾ ਸਮਾਂ ਕੱਢ ਕੇ ਸੋਨ ਤਗ਼ਮਾ ਆਪਣੇ ਨਾਮ ਕੀਤਾ। ਥਾਈਲੈਂਡ ਨੇ ਚਾਂਦੀ ਅਤੇ ਕਜ਼ਾਖ਼ਿਸਤਾਨ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਮਿਊਰੀ ਦਾ ਇਹ ਦੂਜਾ ਸੋਨਾ ਸੀ। ਮਹਿਲਾ ਇਲੀਟ ਕਿਰਿਨ ਫਾਈਨਲ ਵਿੱਚ ਭਾਰਤ ਦੀ ਸੋਨਾਲੀ ਚਾਨੂ ਥੋੜ੍ਹੇ ਜਿਹੇ ਫ਼ਰਕ ਨਾਲ ਕਾਂਸੀ ਦੇ ਤਗ਼ਮੇ ਤੋਂ ਖੁੰਝ ਗਈ।
ਇਸ ਮੁਕਾਬਲੇ ਦਾ ਸੋਨਾ ਹਾਂਗਕਾਗ, ਚਾਂਦੀ ਇੰਡੋਨੇਸ਼ੀਆ ਅਤੇ ਕਾਂਸੀ ਮਲੇਸ਼ੀਆ ਨੇ ਜਿੱਤੀ। ਭਾਰਤੀ ਸਟਾਰ ਦੇਬੋਰਾਹ ਇਸ ਮੁਕਾਬਲੇ ਵਿੱਚ ਛੇਵੇਂ ਸਥਾਨ ’ਤੇ ਰਹੀ।
ਪੁਰਸ਼ ਇਲੀਟ ਕਿਰਿਨ ਫਾਈਨਲ ਵਿੱਚ ਭਾਰਤੀ ਸਾਈਕਲਿਸਟ ਚੌਥੇ ਅਤੇ ਪੰਜਵੇਂ ਸਥਾਨ ’ਤੇ ਰਹੇ। ਸਾਈਕਲਿੰਗ ਅਕੈਡਮੀ ਸੈਨਕਾ ਦੇ ਅਮਰਜੀਤ ਸਿੰਘ ਨੇਗੀ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਕਜ਼ਾਖ਼ਿਸਤਾਨ ਨੇ ਸੋਨਾ ਅਤੇ ਇੰਡੋਨੇਸ਼ੀਆ ਨੇ ਚਾਂਦੀ ਦਾ ਤਗ਼ਮਾ ਜਿੱਤਿਆ।

Facebook Comment
Project by : XtremeStudioz