Close
Menu

ਭਾਰਤ ਨੇ ਟੀ-20 ਮੈਚਾਂ ਦੀ ਲੜੀ 3-0 ਨਾਲ ਜਿੱਤੀ

-- 12 November,2018

ਚੇਨੱਈ, 12 ਨਵੰਬਰ

ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਅਤੇ ਰਿਸ਼ਭ ਪੰਤ ਦੇ ਅਰਧਸੈਂਕੜੇ ਅਤੇ ਦੋਹਾਂ ਵਿਚਕਾਰ ਤੀਜੇ ਵਿਕਟ ਦੀ ਸੈਂਕੜੇ ਵਾਲੀ ਸਾਂਝੇਦਾਰੀ ਨਾਲ ਭਾਰਤ ਨੇ ਰੋਮਾਂਚਕ ਬਣੇ ਤੀਜਾ ਤੇ ਫਾਈਨਲ ਮੈਚ ਅੱਜ ਇੱਥੇ ਛੇ ਵਿਕਟਾਂ ਨਾਲ ਜਿੱਤ ਕੇ ਲੜੀ ਵਿੱਚ ਵੈਸਟਇੰਡੀਜ਼ ਦਾ ਕਲੀਨਸਵੀਪ ਕੀਤਾ।
ਭਾਰਤ ਨੇ ਟੀ-20 ਕੌਮਾਂਤਰੀ ਮੈਚਾਂ ਦੇ ਇਤਿਹਾਸ ਵਿੱਚ ਤੀਜੀ ਵਾਰ ਤਿੰਨ ਮੈਚਾਂ ਦੀ ਲੜੀ ਵਿੱਚ ਕਲੀਨਸਵੀਪ ਕੀਤਾ ਹੈ। ਇਸ ਤੋਂ ਪਹਿਲਾਂ ਉਹ ਆਸਟਰੇਲੀਆ ਨੂੰ ਉਸ ਦੀ ਸਰਜ਼ਮੀਂ ’ਤੇ ਜਦੋਂਕਿ ਸ੍ਰੀਲੰਕਾ ਨੂੰ ਆਪਣੀ ਸਰਜ਼ਮੀ ’ਤੇ ਇਸੇ ਫ਼ਰਕ ਨਾਲ ਹਰਾ ਚੁੱਕਾ ਹੈ। ਭਾਰਤ ਲਈ ਧਵਨ ਨੇ ਕਰੀਅਰ ਦੀ ਸਭ ਤੋਂ ਵਧੀਆ ਪਾਰੀ ਖੇਡਦੇ ਹੋਏ 62 ਗੇਂਦਾਂ ’ਚ ਦੋ ਛੱਕਿਆਂ ਅਤੇ 10 ਚੌਕਿਆਂ ਦੀ ਮਦਦ ਨਾਲ 92 ਦੌੜਾਂ ਬਣਾ ਕੇ ਫਾਰਮ ਵਿੱਚ ਵਾਪਸੀ ਕੀਤੀ। ਉਸ ਨੇ ਪੰਤ (38 ਗੇਂਦਾਂ ’ਚ 58 ਦੌੜਾਂ) ਦੇ ਨਾਲ ਤੀਜੇ ਵਿਕਟ ਲਈ 130 ਦੌੜਾਂ ਦੀ ਸਾਂਝੇਦਾਰੀ ਕੀਤੀ ਜਿਸ ਨਾਲ ਭਾਰਤ ਨੇ 182 ਦੌੜਾਂ ਦੇ ਟੀਚੇ ਨੂੰ ਚਾਰ ਵਿਕਟਾਂ ਗੁਆਉਣ ਮਗਰੋਂ 182 ਦੌੜਾਂ ਬਣਾ ਕੇ ਹਾਸਲ ਕਰ ਲਿਆ।
ਇਸ ਤੋਂ ਪਹਿਲਾਂ ਨਿਕੋਲਸ ਪੂਰਨ ਦੇ ਕਰੀਅਰ ਦੇ ਪਹਿਲੇ ਅਰਧ ਸੈਂਕੜੇ ਨਾਲ ਵੈਸਟਇੰਡੀਜ਼ ਨੇ ਭਾਰਤ ਖ਼ਿਲਾਫ਼ ਤੀਜੇ ਤੇ ਫਾਈਨਲ ਟੀ-20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਤਿੰਨ ਵਿਕਟਾਂ ’ਤੇ 181 ਦੌੜਾਂ ਬਣਾਈਆਂ। ਪੂਰਨ ਨੇ ਤੂਫਾਨੀ ਬੱਲੇਬਾਜ਼ੀ ਕਰਦੇ ਹੋਏ 25 ਗੇਂਦਾਂ ’ਚ ਚਾਰ ਛੱਕਿਆਂ ਅਤੇ ਚਾਰ ਚੌਕਿਆਂ ਦੀ ਮਦਦ ਨਾਲ ਨਾਬਾਦ 53 ਦੌੜਾਂ ਦੀ ਪਾਰੀ ਖੇਡਣ ਤੋਂ ਇਲਾਵਾ ਡੈਰੇਨ ਬਰਾਵੋ (37 ਗੇਂਦਾਂ ’ਚ ਨਾਬਾਦ 43) ਦੇ ਨਾਲ ਚੌਥੇ ਵਿਕਟ ਲਈ 87 ਦੌੜਾਂ ਦੀ ਅਟੁੱਟ ਸਾਂਝੇਦਾਰੀ ਕੀਤੀ ਜਿਸ ਨਾਲ ਵੈਸਟਇੰਡੀਜ਼ ਦੀ ਟੀਮ ਅੰਤਿਮ ਛੇ ਓਵਰਾਂ ’ਚ 80 ਦੌੜਾਂ ਬਣਾਉਣ ਵਿੱਚ ਸਫ਼ਲ ਰਹੀ।
ਭਾਰਤੀ ਗੇਂਦਬਾਜ਼ਾਂ ਨੇ ਦਿਸ਼ਾਹੀਨ ਗੇਂਦਬਾਜ਼ੀ ਕੀਤੀ ਜਿਸ ਦਾ ਫਾਇਦਾ ਵੈਸਟਇੰਡੀਜ਼ ਦੇ ਬੱਲੇਬਾਜ਼ਾਂ ਨੇ ਉਠਾਉਂਦੇ ਹੋਏ ਪਾਰੀ ਵਿੱਚ ਨੌਂ ਛੱਕੇ ਅਤੇ 13 ਚੌਕੇ ਮਾਰੇ। ਇਸ ਤੋਂ ਇਲਾਵਾ ਭਾਰਤ ਨੇ 16 ਵਾਈਡ ਸਣੇ ਕੁੱਲ 20 ਵਾਧੂ ਦੌੜਾਂ ਦਿੱਤੀਆਂ। ਯੁਜਵੇਂਦਰ ਚਹਿਲ ਭਾਰਤ ਦਾ ਸਭ ਤੋਂ ਸਫ਼ਲ ਗੇਂਦਬਾਜ਼ ਰਿਹਾ ਜਿਸ ਨੇ 28 ਦੌਡਾਂ ਦੇ ਕੇ ਦੋ ਵਿਕਟਾਂ ਲਈਆਂ। ਵਾਸ਼ਿੰਗਟਨ ਸੁੰਦਰ ਨੇ 33 ਦੌੜਾਂ ਦੇ ਕੇ ਇਕ ਵਿਕਟ ਹਾਸਲ ਕੀਤਾ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੇ ਵੈਸਟਇੰਡੀਜ਼ ਨੂੰ ਸ਼ਿਮਰੋਨ ਹੈੱਟਮੇਅਰ (26) ਅਤੇ ਸ਼ਾਈ ਹੋਪ (24) ਦੀ ਜੋੜੀ ਨੇ ਪਹਿਲੇ ਵਿਕਟ ਲਈ 51 ਦੌੜਾਂ ਜੋੜ ਕੇ ਚੰਗੀ ਸ਼ੁਰੂਆਤ ਦਿਵਾਈ। ਹੈਟਮੇਅਰ ਨੇ ਵਾਸ਼ਿੰਗਟਨ ਸੁੰਦਰ ਦੀ ਗੇਂਦ ’ਤੇ ਚੌਕੇ ਨਾਲ ਖਾਤਾ ਖੋਲ੍ਹਣ ਤੋਂ ਬਾਅਦ ਖਲੀਲ ਅਹਿਮ ਦੀ ਗੇਂਦ ’ਤੇ ਵੀ ਚੌਕਾ ਮਾਰਿਆ। ਹੈਟਮੇਅਰ ਨੇ ਸੁੰਦਰ ਦੇ ਅਗਲੇ ਓਵਰ ਵਿੱਚ ਵੀ ਦੋ ਚੌਕੇ ਮਾਰੇ। ਹੈੱਟਮੇਅਰ ਤੇ ਹੋਪ ਨੇ ਕ੍ਰਿਣਾਲ ਪੰਡਿਆ ਦੀ ਗੇਂਦ ’ਤੇ ਛੱਕੇ ਦੇ ਨਾਲ ਛੇ ਓਵਰਾਂ ’ਚ ਟੀਮ ਦਾ ਸਕੋਰ 51 ਦੌੜਾਂ ਤੱਕ ਪਹੁੰਚਾਇਆ। ਚਹਿਲ ਨੇ ਆਪਣੀ ਪਹਿਲੀ ਹੀ ਗੇਂਦ ’ਤੇ ਹੋਪ ਨੂੰ ਸੁੰਦਰ ਹੱਥੋਂ ਕੈਚ ਕਰਵਾ ਕੇ ਭਾਰਤ ਨੂੰ ਸਫ਼ਲਤਾ ਦਿਵਾਈ। ਪੂਰਨ ਨੇ ਭੁਵਨੇਸ਼ਵਰ ਦੇ ਚੌਕੇ ਨਾਲ ਵੈਸਟਇੰਡੀਜ਼ ਦਾ ਸਕੋਰ 100 ਦੌੜਾਂ ਤੋਂ ਉਪਰ ਪਹੁੰਚਾਇਆ। ਭੁਵਨੇਸ਼ਵਰ ਦੀ ਗੇਂਦ ’ਤੇ ਚਹਿਲ ਨੇ ਉਸ ਦਾ ਕੈਚ ਫੜਿਆ।

Facebook Comment
Project by : XtremeStudioz