Close
Menu

ਭਾਰਤ ਨੇ ਸੰਯੁਕਤ ਅਰਬ ਅਮੀਰਾਤ ਨੂੰ 9 ਵਿਕਟਾਂ ਨਾਲ ਹਰਾਇਆ

-- 28 February,2015

* ਲਗਾਤਾਰ ਤਿੰਨ ਜਿੱਤਾਂ ਨਾਲ ਟੀਮ ਇੰਡੀਆ ਪੂਲ ‘ਏ’ ਦੇ ਸਿਖਰ ‘ਤੇ * ਯੂ.ਏ.ਈ. ਦੇ ਸਿਰਫ਼
ਤਿੰਨ ਖਿਡਾਰੀ ਦੋਹਰੇ ਅੰਕੜੇ ਤਕ ਪੁੱਜੇ

ਪਰਥ, ਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਦੀ ਅਗਵਾਈ ਵਿੱਚ ਵਾਕਾ ਦੀ ਤੇਜ਼ ਅਤੇ ਉਛਾਲ ਵਾਲੀ ਪਿੱਚ ‘ਤੇ ਭਾਰਤ ਨੇ ਅੱਜ ਇਥੇ ਸੰਯੁਕਤ ਅਰਬ ਅਮੀਰਾਤ (ਯੂਏਈ) ਨੂੰ ਕ੍ਰਿਕਟ ਦਾ ਵੱਡਾ ਸਬਕ ਸਿਖਾਇਆ ਅਤੇ 9 ਵਿਕਟਾਂ ਨਾਲ ਧਮਾਕੇਦਾਰ ਜਿੱਤ ਦਰਜ ਕਰਕੇ ਕ੍ਰਿਕਟ ਵਿਸ਼ਵ ਕੱਪ ਵਿੱਚ ਆਪਣੀ ਜੇਤੂ ਮੁਹਿੰਮ ਜਾਰੀ ਰੱਖੀ।
ਯੂ.ਏ.ਈ. ਨੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਟੀਮ ਆਪਣੇ ਪਿਛਲੇ ਦੋ ਮੈਚਾਂ ਵਾਂਗ ਇਸ ਵਾਰ ਵੀ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ। ਭਾਰਤੀ ਟੀਮ ਦੀ ਅਹਿਮ ਗੇਂਦਬਾਜ਼ੀ ਅੱਗੇ ਯੂਏਈ ਦੀ ਟੀਮ 31.3 ਓਵਰਾਂ ਵਿੱਚ 102 ਦੌੜਾਂ ‘ਤੇ ਸਿਮਟ ਗਈ। ਵਿਸ਼ਵ ਕੱਪ ਵਿੱਚ ਭਾਰਤ ਦੇ ਖ਼ਿਲਾਫ਼ ਯੂਏਈ ਦਾ ਇਹ ਸਭ ਤੋਂ ਘੱਟ ਸਕੋਰ ਸੀ।
ਭਾਰਤੀ ਟੀਮ ਨੇ ਇਕ ਵਿਕਟ ‘ਤੇ 104 ਦੌੜਾਂ ਬਣਾ ਕੇ ਰਿਕਾਰਡ 187 ਗੇਂਦਾਂ ਬਾਕੀ ਰਹਿੰਦਿਆਂ ਆਸਾਨੀ ਨਾਲ ਮੈਚ ਜਿੱਤ ਲਿਆ। ਪਿਛਲੇ ਦੋ ਮੈਚਾਂ ਵਿੱਚ ਵਧੀਆ ਪ੍ਰਦਰਸ਼ਨ ਨਾ ਕਰਨ ਵਾਲੇ ਰੋਹਿਤ ਸ਼ਰਮਾ (ਨਾਬਾਦ-57) ਨੇ ਟੀਮ ਇੰਡੀਆ ਦੇ ਆਉਣ ਵਾਲੇ ਵੱਡੇ ਮੈਚਾਂ ਤੋਂ ਪਹਿਲਾਂ ਬੱਲੇਬਾਜ਼ੀ ਦਾ ਅਭਿਆਸ ਕੀਤਾ ਜਦੋਂਕਿ ਵਿਰਾਟ ਕੋਹਲੀ (ਨਾਬਾਦ-33) ਨੇ ਬੱਲੇਬਾਜ਼ੀ ਦੀ ਸਿਰਫ ਫਾਰਮੈਲਟੀ ਹੀ ਨਿਭਾਈ।
ਸ਼ਿਖਰ ਧਵਨ (14) ਦੇ ਆਊੂੂਟ ਹੋਣ ਕਾਰਨ ਭਾਰਤ ਦੂਸਰੀ ਵਾਰ ਦਸ ਵਿਕਟਾਂ ਨਾਲ ਜਿੱਤ ਦਰਜ ਕਰਨ ਤੋਂ ਵਾਂਝਾ ਰਹਿ ਗਿਆ। ਲਗਾਤਾਰ ਤਿੰਨ ਜਿੱਤਾਂ ਦਰਜ ਕਰਕੇ ਭਾਰਤ ਛੇ ਅੰਕਾਂ ਨਾਲ ਪੂਲ ‘ਏ’ ਵਿੱਚ ਸਿਖਰ ‘ਤੇ ਹੈ। ਯੂਏਈ ਦਾ ਇਹ ਤੀਸਰਾ ਮੈਚ ਸੀ ਪਰ ਉਸ ਨੂੰ ਅਜੇ ਵੀ ਜਿੱਤ ਦੀ ਉਡੀਕ ਹੈ।
ਟੀਮ ਇੰਡੀਆ ਦੇ ਗੇਂਦਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕਰਦਿਆਂ ਭਾਰਤ ਦੀ ਜਿੱਤ ਆਸਾਨ ਬਣਾ ਦਿੱਤੀ। ਅਸ਼ਵਿਨ ਨੇ 6.3 ਓਵਰਾਂ ਵਿੱਚ 25 ਦੌੜਾਂ ਦੇ ਕੇ ਚਾਰ ਖਿਡਾਰੀ ਆਊੂੂਟ ਕੀਤੇ। ਉਸ ਨੇ ਆਪਣੇ ਕਰੀਅਰ ਵਿੱਚ ਪਹਿਲੀ ਵਾਰ ਇਕ ਪਾਰੀ ਵਿੱਚ ਚਾਰ ਖਿਡਾਰੀ ਆਊੂਟ ਕੀਤੇ ਹਨ। ਇਸੇ ਤਰ੍ਹਾਂ ਉਮੇਸ਼ ਯਾਦਵ ਨੇ 15 ਦੌੜਾਂ ਦੇ ਕੇ ਦੋ ਖਿਡਾਰੀ ਆਊੂਟ ਕੀਤੇ, ਭੁਵਨੇਸ਼ਵਰ ਕੁਮਾਰ ਨੇ 19 ਦੌੜਾਂ ਦੇ ਕੇ ਇਕ ਵਿਕਟ ਲਿਆ, ਮੋਹਿਤ ਸ਼ਰਮਾ ਨੇ 16 ਦੌੜਾਂ ਦੇ ਕੇ ਇਕ ਖਿਡਾਰੀ ਨੂੰ ਆਊੂਟ ਕੀਤਾ ਤੇ ਰਵਿੰਦਰ ਜਡੇਜਾ ਨੇ 23 ਦੌੜਾਂ ਦੇ ਕੇ ਦੋ ਖਿਡਾਰੀ ਪੈਵੀਲੀਅਨ ਭੇਜੇ।
ਯੂਏਈ ਤਰਫੋਂ ਸਿਰਫ ਤਿੰਨ ਬੱਲੇਬਾਜ਼ ਦੋਹਰੇ ਅੰਕ ਤਕ ਪਹੁੰਚੇ, ਜਿਨ੍ਹਾਂ ਵਿੱਚੋਂ ਸ਼ੈਮਨ ਅਨਵਰ ਨੇ ਸਭ ਤੋਂ ਵਧ 35 ਦੌੜਾਂ ਬਣਾਈਆਂ। ਟੀਮ ਦੀ ਪਾਰੀ ਖਤਮ ਹੋਣ ਮਗਰੋਂ ਭਾਰਤੀ ਖਿਡਾਰੀਆਂ ਨੇ ਪਿੱਚ ਸੰਭਾਲੀ ਅਤੇ ਦੱਖਣੀ ਅਫਰੀਕਾ ਖ਼ਿਲਾਫ਼ 137 ਦੌੜਾਂ ਬਣਾਉਣ ਵਾਲੇ ਸ਼ਿਖਰ ਧਵਨ ਨੇ ਮੁਹੰਮਦ ਨਵੀਦ ਦੀਆਂ ਗੇਂਦਾਂ ‘ਤੇ ਦੋ ਚੌਕੇ ਜੜ ਕੇ ਆਪਣੇ ਤਿੱਖੇ ਤੇਵਰ ਦਿਖਾਏ। ਇਸ ਮਗਰੋਂ ਰੋਹਿਤ ਸ਼ਰਮਾ
ਨੇ ਮੰਜੁਲਾ ਗੁਰੰਗ ਦੀ ਗੇਂਦ ‘ਤੇ ਛੱਕਾ ਮਾਰਿਆ। ਇਸ ਤੋਂ ਬਾਅਦ ਸ਼ਿਖਰ ਧਵਨ ਨੇ ਨਵੀਦ ਦੇ ਅਗਲੇ ਓਵਰ ਵਿੱਚ ਬੈਕਵਰਡ ਪੁਆਇੰਟ ‘ਤੇ ਕੈਚ ਫੜਾ ਦਿੱਤਾ। ਇਸ ਨਾਲ ਭਾਰਤ ਵਿਸ਼ਵ ਕੱਪ ਵਿੱਚ ਦੂਸਰੀ ਵਾਰ ਦਸ ਵਿਕਟਾਂ ਨਾਲ ਜਿੱਤ ਹਾਸਲ ਕਰਨ ਤੋਂ ਵਾਂਝਾ ਰਹਿ ਗਿਆ। ਇਸ ਮਗਰੋਂ ਕੋਹਲੀ ਤੇ ਰੋਹਿਤ ਨੇ ਕੋਈ ਵਿਕਟ ਨਹੀਂ ਡਿੱਗਣ ਦਿੱਤਾ। ਇਹ ਦੋਵੇਂ ਖਿਡਾਰੀ ਆਸਾਨੀ ਨਾਲ ਦੌੜਾਂ ਬਣਾਉਂਦੇ ਰਹੇ। ਰੋਹਿਤ ਨੇ ਤੌਕੀਰ ਦੀ ਗੇਂਦ ‘ਤੇ ਚੌਕਾ ਮਾਰ ਕੇ ਇਕ-ਰੋਜ਼ਾ ਮੈਚਾਂ ਵਿੱਚ ਆਪਣਾ 24ਵਾਂ ਅਤੇ ਵਿਸ਼ਵ ਕੱਪ ਵਿੱਚ ਆਪਣਾ ਪਹਿਲਾ ਅਰਧ-ਸੈਂਕੜਾ ਪੂਰਾ ਕੀਤਾ। ਭਾਰਤ ਨੇ 18.5 ਓਵਰਾਂ ਵਿੱਚ ਟੀਚਾ ਹਾਸਲ ਕਰ ਲਿਆ ਅਤੇ ਇਸ ਤਰ੍ਹਾਂ ਟੀਮ ਇੰਡੀਆ ਨੇ ਵਿਸ਼ਵ ਕੱਪ ਵਿੱਚ ਸਭ ਤੋਂ ਜ਼ਿਆਦਾ ਗੇਂਦਾਂ ਬਾਕੀ ਰਹਿੰਦਿਆਂ ਆਪਣੀ ਜਿੱਤ ਦਾ ਨਵਾਂ ਰਿਕਾਰਡ ਬਣਾਇਆ। ਭਾਰਤ ਦੀ ਇਹ ਇਕ-ਰੋਜ਼ਾ ਮੈਚਾਂ ਵਿੱਚ 440ਵੀਂ ਜਿੱਤ ਹੈ।
ਸ਼ੁਰੂਆਤੀ 20 ਓਵਰਾਂ ਵਿੱਚ ਇਹ ਮੈਚ ਬੇਰੰਗ ਲਗ ਰਿਹਾ ਸੀ ਜਦੋਂ ਯੂਏਈ ਦੀ ਟੀਮ 6 ਵਿਕਟਾਂ ‘ਤੇ 54 ਦੌੜਾਂ ਬਣ ਕੇ ਸੰਘਰਸ਼ ਕਰ ਰਹੀ ਸੀ। ਯੂਏਈ ਦੇ ਬੱਲੇਬਾਜ਼ਾਂ ਦੇ ਕੁਝ ਸ਼ਾਟ ਦੇਖ ਕੇ ਲਗ ਰਿਹਾ ਸੀ ਕਿ ਆਖਰ ਆਈਸੀਸੀ ਅਗਲੀ ਵਾਰ ਤੋਂ ਇਸ ਟੂਰਨਾਮੈਂਟ ਨੂੰ ਦਸ ਟੀਮਾਂ ਦਾ ਬਣਾਉਣ ਬਾਰੇ ਕਿਉਂ ਸੋਚ ਰਹੀ ਹੈ। ਭੁਵਨੇਸ਼ਵਰ ਨੇ ਅਮਜਦ ਅਲੀ (4) ਨੂੰ ਆਊੂੂਟ ਕਰਕੇ ਚੰਗੀ ਸ਼ੁਰੂਆਤ ਕੀਤੀ। ਅਮਜਦ ਅਲੀ ਨੇ ਹੁਕ ਸ਼ਾਟ ਮਾਰ ਕੇ ਆਪਣਾ ਵਿਕਟ ਗਵਾਇਆ। ਉਸ ਦੇ ਸਾਥੀ ਐਂਡੀ ਬੇਰੇਂਗਰ ਨੇ ਵੀ ਯਾਦਵ ਦੀ ਗੇਂਦ ਨੂੰ ਹੁਕ ਸ਼ਾਟ ਮਾਰ ਕੇ ਵਿਕਟ ਗਵਾਇਆ। ਇਸ ਤੋਂ ਬਾਅਦ ਅਸ਼ਵਿਨ ਦਾ ਜਾਦੂ ਚੱਲਿਆ। ਉਸ ਨੇ ਕ੍ਰਿਸ਼ਨ ਕਰਾਟੇ (4) ਨੂੰ ਲੈਗ ਸਲਿੱਪ ‘ਤੇ ਸੁਰੇਸ਼ ਰੈਨਾ ਦੇ ਹੱਥੋਂ ਕੈਚ ਕਰਵਾਇਆ ਜਦੋਂਕਿ ਸ਼ਿਖਰ ਧਵਨ ਨੇ ਸਵਪਨਿਲ ਪਾਟਿਲ (7) ਦਾ ਸ਼ਾਨਦਾਰ ਕੈਚ ਫੜਿਆ। ਇਸ ਮਗ਼ਰੋਂ ਖੁਰਮ ਖਾਨ (14) ਨੇ ਫੁਲਲੈਂਥ ਗੇਂਦ ‘ਤੇ ਸਵੀਪ ਸ਼ਾਟ ਖੇਡ ਕੇ ਰੈਨਾ ਨੂੰ ਕੈਚ ਦਿੱਤਾ। ਚੰਗੀ ਫਾਰਮ ਵਿੱਚ ਚਲ ਰਹੇ ਸ਼ੈਮਰ ਅਨਵਰ ਨੇ ਚੰਗਾ ਪ੍ਰਦਰਸ਼ਨ ਕੀਤਾ ਪਰ ਬਾਕੀ ਖਿਡਾਰੀਆਂ ਤੋਂ ਉਸ ਨੂੰ ਸਹਿਯੋਗ ਨਹੀਂ ਮਿਲਿਆ। ਇਸ ਮਗਰੋਂ ਰੋਹਨ ਮੁਸਤਫਾ ਦੇ ਰੂਪ ਵਿੱਚ ਯੂਏਈ ਦਾ ਛੇਵਾਂ ਵਿਕਟ ਡਿੱਗਿਆ। ਮੰਜੁਲਾ ਗੁਰੰਗ (ਨਾਬਾਦ-10) ਦੋਹਰੇ ਅੰਕ ਵਿੱਚ ਪਹੁੰਚਣ ਵਾਲਾ ਤੀਸਰਾ ਬੱਲੇਬਾਜ਼ ਬਣਿਆ।

Facebook Comment
Project by : XtremeStudioz