Close
Menu

ਭਾਰਤ- ਪਾਕਿ ਮਸਲੇ ‘ਚ ਸੰਜਮ ਦੀ ਲੋੜ

-- 09 August,2013

pak-india-flag

ਮੰਗਲਵਾਰ ਸਵੇਰੇ ਜੰਮੂ-ਕਸ਼ਮੀਰ ਦੇ ਪੁਣਛ ਸੈਕਟਰ ਇਲਾਕੇ ਵਿਚ ਫ਼ੌਜੀ ਵਰਦੀ ਵਾਲੇ ਪਾਕਿਸਤਾਨੀ ਅੱਤਵਾਦੀਆਂ ਦੁਆਰਾ ਘਾਤ ਲਾ ਕੇ ਕੀਤੇ ਗਏ ਹਮਲੇ ਵਿਚ ਪੰਜ ਭਾਰਤੀ ਜਵਾਨਾਂ ਨੂੰ ਹਲਾਕ ਕਰਨ ਦੀ ਘਟਨਾ ਬੇਹੱਦ ਮੰਦਭਾਗੀ ਅਤੇ ਨਿੰਦਣਯੋਗ ਹੈ। ਇਸੇ ਸਾਲ ਜਨਵਰੀ ਮਹੀਨੇ ਵੀ ਪਾਕਿ ਅੱਤਵਾਦੀਆਂ ਵਲੋਂ ਦੋ ਭਾਰਤੀ ਫ਼ੌਜੀਆਂ ਦੇ ਸਿਰ ਧੜ੍ਹ ਤੋਂ ਵੱਖ ਕਰਨ ਦੀ ਘਿਨਾਉਣੀ ਹਰਕਤ ਕੀਤੀ ਗਈ ਸੀ। ਇਨ੍ਹਾਂ ਘਿਨਾਉਣੀਆਂ ਘਟਨਾਵਾਂ ਤੋਂ ਇਲਾਵਾ ਵੀ ਪਾਕਿਸਤਾਨੀ ਫ਼ੌਜ ਦੁਆਰਾ ਭਾਰਤ-ਪਾਕਿ ਦਰਮਿਆਨ 2003 ਤੋਂ ਲਾਗੂ ਜੰਗਬੰਦੀ ਦੀ ਅਨੇਕਾਂ ਵਾਰ ਉਲੰਘਣਾ ਕੀਤੀ ਜਾ ਚੁੱਕੀ ਹੈ। ਜਨਵਰੀ ਤੋਂ ਹੁਣ ਤੱਕ ਪਾਕਿਸਤਾਨ ਫ਼ੌਜ ਦੁਆਰਾ 57 ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਜਾ ਚੁੱਕੀ ਹੈ ਅਤੇ 17 ਵਾਰ ਘੁਸਪੈਠ ਦੇ ਯਤਨ ਹੋ ਚੁੱਕੇ ਹਨ। ਦੋ ਮਹੀਨੇ ਪਹਿਲਾਂ ਪਾਕਿਸਤਾਨ ਵਿਚ ਹੋਈਆਂ ਚੋਣਾਂ ਤੋਂ ਬਾਅਦ ਨਵਾਜ਼ ਸ਼ਰੀਫ਼ ਦੇ ਪ੍ਰਧਾਨ ਮੰਤਰੀ ਬਣਨ ਨਾਲ ਇਹ ਆਸ ਬੱਝੀ ਸੀ ਕਿ ਪਾਕਿਸਤਾਨ ਸਰਕਾਰ ਭਾਰਤ ਵਿਰੁੱਧ ਦੁਸ਼ਮਣਾਂ ਵਾਲਾ ਵਤੀਰਾ ਤਿਆਗ ਕੇ ਦੋਸਤੀ ਦਾ ਹੱਥ ਵਧਾਏਗੀ ਕਿਉਂਕਿ ਨਵਾਜ਼ ਸ਼ਰੀਫ਼ ਭਾਰਤ ਦੇ ਜੰਮਪਲ ਹਨ ਅਤੇ ਉਹ ਹਿੰਸਾ ਦੀ ਥਾਂ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਰਾਹੀਂ ਮਸਲੇ ਸੁਲਝਾਉਣ ਨੂੰ ਤਰਜੀਹ ਦੇਣਗੇ। ਉਨ੍ਹਾਂ ਦੇ ਸੁਖਾਵੇਂ ਹੁੰਗਾਰੇ ਸਦਕਾ ਦੋਵਾਂ ਦੇਸ਼ਾਂ ‘ਚ ਉਪਰਲੇ ਪੱਧਰ ‘ਤੇ ਗੱਲਬਾਤ ਦੀ ਸੰਭਾਵਨਾ ਬਣ ਵੀ ਰਹੀ ਸੀ। ਅਗਲੇ ਮਹੀਨੇ ਨਿਊਯਾਰਕ ‘ਚ ਸੰਯੁਕਤ ਰਾਸ਼ਟਰ ਦੀ ਮਹਾਂ ਸਭਾ ਦੇ ਸਮਾਗਮ ਦੌਰਾਨ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦੀ ਮੁਲਾਕਾਤ ਦੀ ਸੰਭਾਵਨਾ ਸੀ ਪਰ ਹੁਣ ਇਸ ਭਿਆਨਕ ਘਟਨਾ ਨੇ ਇਕ ਵਾਰ ਤਾਂ ਸਭ ਕੁਝ ‘ਤੇ ਪਾਣੀ ਫੇਰ ਦਿੱਤਾ ਜਾਪਦਾ ਹੈ।
ਕੰਟਰੋਲ ਰੇਖਾ ਦੇ ਨੇੜੇ ਵਾਪਰੀ ਇਸ ਮੰਦਭਾਗੀ ਘਟਨਾ ਸਬੰਧੀ ਭਾਰਤ ਵਿਚ ਪਾਕਿਸਤਾਨ ਵਿਰੁੱਧ ਰੋਹ ਅਤੇ ਰੋਸ ਦਾ ਪ੍ਰਗਟਾਵਾ ਹੋਣਾ ਸੁਭਾਵਿਕ ਹੈ। ਪਿੰਡਾਂ ਅਤੇ ਸ਼ਹਿਰਾਂ ਤੋਂ ਲੈ ਕੇ ਪਾਰਲੀਮੈਂਟ ਤੱਕ ਪਾਕਿਸਤਾਨ ਵਿਰੁੱਧ ਗੁੱਸੇ ਦੀ ਲਹਿਰ ਪੈਦਾ ਹੋ ਗਈ ਹੈ ਤੇ ਪਾਕਿ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਆਵਾਜ਼ ਉਚੀ ਹੋ ਰਹੀ ਹੈ। ਵੀਰਵਾਰ ਨੂੰ ਇਸ ਮੁੱਦੇ ‘ਤੇ ਭਾਰਤ ਦੀ ਪਾਰਲੀਮੈਂਟ ਵਿਚ ਜ਼ੋਰਦਾਰ ਹੰਗਾਮਾ ਵੀ ਹੋਇਆ। ਨਿਰਸੰਦੇਹ ਇਹ ਘਟਨਾ ਬੇਹੱਦ ਦਰਦਨਾਕ ਅਤੇ ਚੁਣੌਤੀ ਭਰਪੂਰ ਹੈ ਪਰ ਅਜਿਹੇ ਮੌਕੇ ਸੰਜਮ ਤੇ ਸਿਆਣਪ ਵਰਤਣੀ ਜ਼ਰੂਰੀ ਹੈ। ਕੁਝ ਸਿਆਸੀ ਪਾਰਟੀਆਂ ਅਤੇ ਸੰਗਠਨਾਂ ਦੁਆਰਾ ਇਸ ਘਟਨਾ ਨੂੰ ਭਾਵਨਾਤਮਕ ਮੁੱਦਾ ਬਣਾ ਕੇ ਰਾਜਨੀਤੀ ਕਰਨ ਦੀਆਂ ਕੋਸ਼ਿਸ਼ਾਂ ਨੂੰ ਦਰੁਸਤ ਨਹੀਂ ਕਿਹਾ ਜਾ ਸਕਦਾ। ਇਸ ਕਾਰਵਾਈ ਨਾਲ ਜਿਥੇ ਪਾਕਿਸਤਾਨੀ ਅੱਤਵਾਦੀ ਸੰਗਠਨਾਂ ਵਲੋਂ ਭਾਰਤੀ ਫ਼ੌਜ ਨੂੰ ਉਕਸਾਉਣ ਦਾ ਯਤਨ ਕੀਤਾ ਗਿਆ ਹੈ, ਉਥੇ ਸ਼ਿਵ ਸੈਨਾ ਜਿਹੇ ਭਾਰਤੀ ਕੱਟੜ੍ਹ ਸੰਗਠਨਾਂ ਦੁਆਰਾ ‘ਪਾਕਿ ‘ਚ ਦਾਖ਼ਲ ਹੋ ਕੇ 50 ਦੀ ਹੱਤਿਆ ਕਰੋ’ ਦੇ ਬਿਆਨ ਵੀ ਭਾਰਤੀ ਲੋਕਾਂ ਦੇ ਜਜ਼ਬਾਤ ਨਾਲ ਖੇਡਣ ਤੋਂ ਵੱਧ ਕੁਝ ਨਹੀਂ ਕਹੇ ਜਾ ਸਕਦੇ। ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਪਾਕਿ ਦੀ ਇਹ ਕਾਰਵਾਈ ਗ਼ਲਤ ਅਤੇ ਨਿੰਦਣਯੋਗ ਹੈ ਪਰ ਗੋਲੀ ਦਾ ਜਵਾਬ ਗੋਲੀ ਨਾਲ ਦੇਣ ਦੀ ਨੀਤੀ ਨੂੰ ਵੀ ਦਰੁਸਤ ਨਹੀਂ ਕਿਹਾ ਜਾ ਸਕਦਾ। ਜੱਗ ਜਾਣਦਾ ਹੈ ਕਿ ਪਾਕਿਸਤਾਨ ਖ਼ੁਦ ਬਾਰੂਦ ਦੇ ਢੇਰ ਉਤੇ ਬੈਠਾ ਹੈ। ਪਾਕਿਸਤਾਨ ਦੀ ਸਰਕਾਰ ਉਤੇ ਫ਼ੌਜ, ਉਥੋਂ ਦੀ ਖ਼ੁਫ਼ੀਆ ਏਜੰਸੀ ਆਈ.ਐਸ.ਆਈ. ਅਤੇ ਕਈ ਅੱਤਵਾਦੀ ਸੰਗਠਨ ਭਾਰੂ ਹਨ। ਪਾਕਿਸਤਾਨ ਦੇ ਹਾਕਮ ਖ਼ੁਦ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ ਅਤੇ ਉਥੇ ਅੰਦਰੂਨੀ ਜੰਗ ਵੀ ਸਿਖ਼ਰਾਂ ਉਤੇ ਹੈ। ਅੱਤਵਾਦੀ ਸੰਗਠਨ ਅਜਿਹੀਆਂ ਘਿਨਾਉਣੀਆਂ ਹਰਕਤਾਂ ਭਾਰਤ-ਪਾਕਿ ਅਮਨ ਵਾਰਤਾ ਨੂੰ ਲੀਹੋਂ ਲਾਹੁਣ ਲਈ ਕਰ ਰਹੇ ਹਨ। ਇਸੇ ਸਾਲ ਜਨਵਰੀ ਮਹੀਨੇ ਅਤੇ ਹਾਲ ਹੀ ਵਿਚ ਪੰਜ ਭਾਰਤੀ ਜਵਾਨਾਂ ਨੂੰ ਹਲਾਕ ਕੀਤੇ ਜਾਣ ਦੀ ਘਟਨਾ ਪਾਕਿਸਤਾਨੀ ਅੱਤਵਾਦੀ ਸੰਗਠਨ ਲਸ਼ਕਰ-ਏ-ਤਇਬਾ ਦੇ ਸਰਗਨਾ ਹਾਫ਼ਿਜ਼ ਸਈਦ ਦੁਆਰਾ ਘੜੀ ਇਸ ਸਾਜ਼ਿਸ਼ ਤਹਿਤ ਹੀ ਵਾਪਰੀ ਹੈ। ਇਹ ਅੱਤਵਾਦੀ ਸੰਗਠਨ ਸਿਰਫ਼ ਭਾਰਤੀ ਸਰਹੱਦ ‘ਤੇ ਹੀ ਨਹੀਂ ਬਲਕਿ ਅਫ਼ਗ਼ਾਨਿਸਤਾਨ ਵਿਚ ਵੀ ਭਾਰਤ ਵਿਰੁੱਧ ਕੋਝੀਆਂ ਹਰਕਤਾਂ ਕਰ ਰਹੇ ਹਨ। ਹਾਲ ਹੀ ਵਿਚ ਅਫ਼ਗਾਨਿਸਤਾਨ ਦੇ ਜਲਾਲਾਬਾਦ ਵਿਖੇ ਭਾਰਤੀ ਸਫ਼ਾਰਤਖ਼ਾਨੇ ਉਤੇ ਕੀਤਾ ਗਿਆ ਹਮਲਾ ਇਸ ਦੀ ਸਪੱਸ਼ਟ ਉਦਾਹਰਣ ਹੈ। ਇਸ ਦਾ ਕਾਰਨ ਇਸ ਮੁਹਾਜ਼ ‘ਤੇ ਪਾਕਿਸਤਾਨ ਦੀ ਦੋਗਲੀ ਨੀਤੀ ਰਹੀ ਹੈ। ਪਾਕਿਸਤਾਨ ਇਨ੍ਹਾਂ ਅੱਤਵਾਦੀ ਸੰਗਠਨਾਂ ਨੂੰ ਭਾਰਤ ਅਤੇ ਅਫ਼ਗਾਨਿਸਤਾਨ ਵਿਰੁੱਧ ਵਰਤਦਾ ਰਿਹਾ ਹੈ ਪਰ ਹੁਣ ਇਨ੍ਹਾਂ ‘ਚੋਂ ਬਹੁਤੇ ਪਾਕਿਸਤਾਨ ਦੀ ਹੋਂਦ ਲਈ ਹੀ ਖ਼ਤਰਾ ਬਣ ਗਏ ਹਨ।
ਪਾਕਿਸਤਾਨ ਸਰਕਾਰ ਅਤੇ ਫ਼ੌਜ ਨੇ ਭਾਵੇਂ ਇਸ ਘਟਨਾ ਨਾਲ ਸਬੰਧ ਹੋਣ ਤੋਂ ਇਨਕਾਰ ਕੀਤਾ ਹੈ ਪਰ ਫਿਰ ਵੀ ਉਸ ਨੂੰ ਇਸ ਦੀ ਜ਼ਿੰਮੇਵਾਰੀ ਤੋਂ ਮੁਕਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਸਰਹੱਦ ਉਤੇ ਜੰਗਬੰਦੀ ਸਮਝੌਤੇ ਦੀ ਪਾਲਣਾ ਕਰਨ ਲਈ ਉਹ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਪਾਕਿ ਸਰਕਾਰ ਦੁਆਰਾ ਅੱਤਵਾਦੀ ਸੰਗਠਨਾਂ ਨੂੰ ਨਕੇਲ ਪਾਉਣਾ ਨਾ-ਕੇਵਲ ਭਾਰਤ ਬਲਕਿ ਪਾਕਿਸਤਾਨ ਦੇ ਵੀ ਹਿੱਤ ਵਿਚ ਹੈ। ਪਾਕਿ ਅੰਦਰ ਸਰਗਰਮ ਅੱਤਵਾਦੀ ਸੰਗਠਨ ਅਸਲ ਵਿਚ ਅਜਿਹੀਆਂ ਕਾਰਵਾਈਆਂ ਕਰਕੇ ਜਿੱਥੇ ਭਾਰਤ-ਪਾਕਿ ਅਮਨ ਵਾਰਤਾ ਨੂੰ ਰੋਕਣਾ ਚਾਹੁੰਦੇ ਹਨ, ਉਥੇ ਦੋਵਾਂ ਮੁਲਕਾਂ ਵਿਚ ਜੰਗ ਛਿੜਵਾ ਕੇ ਅਸਥਿਰਤਾ ਪੈਦਾ ਕਰਨੀ ਚਾਹੁੰਦੇ ਹਨ। ਅਜਿਹੀ ਸਥਿਤੀ ਵਿਚ ਭਾਰਤ ਅਤੇ ਪਾਕਿਸਤਾਨ ਦੋਵਾਂ ਮੁਲਕਾਂ ਨੂੰ ਹੀ ਕਿਸੇ ਵੀ ਕਿਸਮ ਦੀ ਭੜਕਾਹਟ ਵਿਚ ਆਉਣ ਤੋਂ ਗੁਰੇਜ਼ ਕਰਕੇ ਅਮਨ ਵਾਰਤਾ ਨੂੰ ਅੱਗੇ ਵਧਾਉਣ ਦੇ ਯਤਨ ਜਾਰੀ ਰੱਖਣੇ ਚਾਹੀਦੇ ਹਨ। ਕੁਝ ਸਿਰਫਿਰੇ ਅੱਤਵਾਦੀ ਸੰਗਠਨਾਂ ਦੁਆਰਾ ਭੜਕਾਹਟ ਪੈਦਾ ਕਰਨ ਅਤੇ ਉਕਸਾਉਣ ਵਾਲੀਆਂ ਕਾਰਵਾਈਆਂ ਦਾ ਜਵਾਬ ਕਦੇ ਵੀ ‘ਜੰਗ’ ਨਹੀਂ ਹੋ ਸਕਦਾ। ਅਜਿਹੀਆਂ ਗੱਲਾਂ ਕਰਨ ਵਾਲਿਆਂ ਨੂੰ ਸਰਹੱਦ ਉਤੇ ਤਾਇਨਾਤ ਫ਼ੌਜੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਦਰਦ ਮਹਿਸੂਸ ਕਰਨਾ ਚਾਹੀਦਾ ਹੈ। ਜੰਗ ਵਿਚ ਜਿਥੇ ਹਜ਼ਾਰਾਂ ਫ਼ੌਜੀਆਂ ਦੇ ਸ਼ਹੀਦ ਹੋਣ ਦੀ ਸੰਭਾਵਨਾ ਹੁੰਦੀ ਹੈ, ਉਥੇ ਇਨਸਾਨੀਅਤ ਅਤੇ ਮਨੁੱਖਤਾ ਦਾ ਵੀ ਘਾਣ ਹੁੰਦਾ ਹੈ। ਪਹਿਲਾਂ ਹੀ ਆਰਥਿਕ ਮੰਦਵਾੜੇ ਦਾ ਸੇਕ ਸਹਿ ਰਹੇ ਭਾਰਤ-ਪਾਕਿ ਦੋਵਾਂ ਮੁਲਕਾਂ ਦੀ ਆਰਥਿਕਤਾ ਜੰਗ ਨਾਲ ਹੋਰ ਪ੍ਰਭਾਵਿਤ ਹੋਵੇਗੀ। ਇਸ ਦੇ ਨਾਲ ਹੀ ਭਾਰਤ-ਪਾਕਿ ਵਿਚਾਲੇ ਹਾਲਾਤਾਂ ਦਾ ਅਸਰ ਨਾ-ਕੇਵਲ ਪੂਰੇ ਏਸ਼ੀਆ ਖੇਤਰ ਵਿਚ ਸਗੋਂ ਪੂਰੀ ਦੁਨੀਆ ਦੇ ਹਾਲਾਤਾਂ ‘ਤੇ ਵੀ ਪੈਂਦਾ ਹੈ। ਅਜਿਹੀ ਸਥਿਤੀ ਵਿਚ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਸੰਜਮ ਤੋਂ ਕੰਮ ਲੈਂਦਿਆਂ ਹੋਇਆਂ ਅੱਤਵਾਦੀ ਸੰਗਠਨਾਂ ਨੂੰ ਸਖ਼ਤੀ ਨਾਲ ਕੁਚਲ ਕੇ ਸ਼ਾਂਤੀ ਯਤਨਾਂ ਨੂੰ ਸਫ਼ਲ ਬਣਾਉਣ ਦੀਆਂ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ। ਅਗਲੇ ਮਹੀਨੇ ਨਿਊਯਾਰਕ ਵਿਚ ਸੰਯੁਕਤ ਰਾਸ਼ਟਰ ਦੀ ਹੋ ਰਹੀ ਮੀਟਿੰਗ ਵਿਚ ਭਾਰਤ ਨੂੰ ਇਹ ਮੁੱਦਾ ਉਠਾਉਣਾ ਚਾਹੀਦਾ ਹੈ।
ਭਾਰਤ ਨੂੰ ਨਾ-ਕੇਵਲ ਪਾਕਿਸਤਾਨ ਬਲਕਿ ਚੀਨ ਨਾਲ ਵੀ ਗੱਲਬਾਤ ਰਾਹੀਂ ਸਰਹੱਦੀ ਝਗੜਿਆਂ ਦਾ ਜਲਦੀ ਨਿਪਟਾਰਾ ਕਰਨ ਦੀ ਜ਼ਰੂਰਤ ਹੈ ਕਿਉਂਕਿ ਸਾਰੇ ਝਗੜਿਆਂ ਦੀ ਜੜ੍ਹ ਸਰਹੱਦੀ ਖੇਤਰਾਂ ਦੀ ਸਹੀ ਨਿਸ਼ਾਨਦੇਹੀ ਨਾ ਹੋਣਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨਾਲ ਵੀ ਇਹ ਮਾਮਲਾ ਤੁਰੰਤ ਵਿਚਾਰੇ ਜਾਣ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ ਭਾਰਤ ਨੂੰ ਆਪਣੀ ਫ਼ੌਜੀ ਸਮਰੱਥਾ ਵਿਚ ਵਾਧਾ ਕਰਨ, ਸਰਹੱਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਅਤੇ ਚੌਕਸੀ ਵਧਾਉਣ ਦੀ ਵੀ ਜ਼ਰੂਰਤ ਹੈ ਤਾਂ ਜੋ ਸਰਹੱਦ ਪਾਰਲੇ ਅੱਤਵਾਦੀ ਸੰਗਠਨ ਭਵਿੱਖ ਵਿਚ ਅਜਿਹੀਆਂ ਘਿਨਾਉਣੀਆਂ ਵਾਰਦਾਤਾਂ ਨੂੰ ਅੰਜ਼ਾਮ ਨਾ ਦੇ ਸਕਣ।

Facebook Comment
Project by : XtremeStudioz