Close
Menu

ਭਾਰਤ-ਪਾਕਿ ਸਬੰਧਾਂ ਲਈ ਅੱਛਾ ਨਹੀਂ ਰਿਹਾ ਸਾਲ 2014

-- 30 December,2014

ਇਸਲਾਮਾਬਾਦ,  ਸਾਲ 2014 ਦੌਰਾਨ ਭਾਰਤ-ਪਾਕਿ ਸਬੰਧਾਂ ’ਚ ਕੁੜੱਤਣ ਵਧੀ, ਜਾਨਲੇਵਾ ਸਰਹੱਦੀ ਝੜਪਾਂ, ਗੱਲਬਾਤ ਰੱਦ ਹੋਣ ਤੇ ਸ਼ਬਦੀ ਜੰਗ ਨੇ ਅਮਨ ਵੱਲ ਪੈਰ ਵਧਣ ਦੀਆਂ ਆਸਾਂ ਉੱਕਾ ਹੀ ਮਿੱਟੀ ਵਿੱਚ ਮਿਲਾਈ ਰੱਖੀਆਂ। ਇਸੇ ਦੌਰਾਨ ਪਾਕਿਸਤਾਨ ਨੂੰ ਖੁਦ ਵੀ ਅਤਿ ਦੇ ਘਿਨੌਣੇ ਅਤਿਵਾਦੀ ਹਮਲਿਆਂ ਦਾ ਸਾਲ ਭਰ ਸਾਹਮਣਾ ਕਰਨਾ ਪਿਆ ਤੇ ਸਭ ਤੋਂ ਵੱਧ ਘਾਤਕ ਹਮਲਾ ਇਸੇ ਮਹੀਨੇ ਪੇਸ਼ਾਵਰ ਵਿੱਚ ਫੌਜ ਵੱਲੋਂ ਚਲਾਏ ਜਾ ਰਹੇ ਸਕੂਲ ’ਤੇ ਹੋਇਆ, ਜਿਸ ਵਿੱਚ ਡੇਢ ਸੌ ਦੇ ਕਰੀਬ ਬੱਚੇ ਤੇ ਅਧਿਆਪਕਾਂ ਦਾ ਘਾਣ ਹੋਇਆ ਸੀ।
ਕੰਟਰੋਲ ਰੇਖਾ ’ਤੇ ਹੁੰਦੀਆਂ ਰਹੀਆਂ ਝੜਪਾਂ ਨੇ ਦੋਵੇਂ ਮੁਲਕਾਂ ਵਿੱਚ ਹੋਰ ਵੀ ਕੁੜੱਤਣ ਵਧਾ ਦਿੱਤੀ। ਦੋਵੇਂ ਪਾਸੀਂ ਇਨ੍ਹਾਂ ਝੜਪਾਂ ’ਚ ਕੋਈ 20 ਜਾਨਾਂ ਗਈਆਂ ਤੇ ਦੋਵੇਂ ਧਿਰਾਂ ਝਗੜਾ ਛੇੜਨ ਲਈ ਇਕ ਦੂਜੇ ’ਤੇ ਦੋਸ਼ ਲਾਉਂਦੀਆਂ ਰਹੀਆਂ।
ਸ੍ਰੀ ਨਵਾਜ਼ ਸ਼ਰੀਫ ਨੇ ਜੂਨ 2013 ਵਿੱਚ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਤੇ ਸਾਲ ਤੋਂ ਵੀ ਘੱਟ ਸਮੇਂ ਵਿੱਚ ਉਨ੍ਹਾਂ ਦੇ ਭਾਰਤੀ ਹਮਰੁਤਬਾ ਮਨਮੋਹਨ ਸਿੰਘ ਸੱਤਾ ਤੋਂ ਲਾਂਭੇ ਹੋ ਗਏ। ਭਾਰਤ ਵਿੱਚ 2014 ਦੀਆਂ ਆਮ ਚੋਣਾਂ ਤੱਕ ਦੋਵਾਂ ਧਿਰਾਂ ਵਿਚਾਲੇ ਅਮਨ ਨੂੰ ਲੈ ਕੇ ਕੋਈ ਗੱਲਬਾਤ ਨਹੀਂ ਤੁਰ ਸਕੀ। ਮਈ 2014 ’ਚ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਬਣ ਗਏ। ਉਨ੍ਹਾਂ ਨੇ ਆਪਣੇ ਸਹੁੰ ਚੁੱਕ ਸਮਾਗਮ ਵਿੱਚ ਸ੍ਰੀ ਸ਼ਰੀਫ ਸਣੇ ਸਾਰੇ ਸਾਰਕ ਮੁਲਕਾਂ ਦੇ ਆਗੂਆਂ ਨੂੰ ਬੁਲਾਇਆ। ਦੋਵੇਂ ਆਗੂਆਂ ਵਿਚਾਲੇ ਇਸ ਦੌਰਾਨ ਦਿੱਲੀ ’ਚ ਹੋਈ ਮੀਟਿੰਗ ਚੰਗਾ ਸ਼ਗਨ ਰਹੀ ਪਰ ਇਸ ਮਗਰੋਂ ਵਿਦੇਸ਼ ਸਕੱਤਰਾਂ ਦੇ ਪੱਧਰ ਦੀ ਅਗਸਤ ’ਚ ਇਸਲਾਮਾਬਾਦ ’ਚ ਹੋਣ ਵਾਲੀ ਦੁਵੱਲੀ ਵਾਰਤਾ ਐਨ ਮੌਕੇ ’ਤੇ ਇਸ ਕਰਕੇ ਭਾਰਤ ਵੱਲੋਂ ਰੱਦ ਕਰ ਦਿੱਤੀ ਗਈ ਕਿਉਂਕਿ ਪਾਕਿਸਤਾਨ ਦੇ ਭਾਰਤ ’ਚ ਸਫੀਰ ਅਬਦੁਲ ਬਸੀਤ ਨੇ ਇਸ ਸੰਵਾਦ ਤੋਂ ਪਹਿਲਾਂ ਕਸ਼ਮੀਰੀ ਵੱਖਵਾਦੀਆਂ ਨਾਲ ਮੀਟਿੰਗ ਕੀਤੀ ਸੀ। ਇਸ ਮਗਰੋਂ ਸੰਯੁਕਤ ਰਾਸ਼ਟਰ ਦੇ ਨਿਊਯਾਰਕ ’ਚ ਹੋਏ ਆਮ ਅਜਲਾਸ ਮੌਕੇ ਵੀ ਗੱਲ ਨਾ ਬਣ ਸਕੀ। ਸ਼ਰੀਫ ਨੇ ਇਸ ਮੰਚ ’ਤੇ ਕਸ਼ਮੀਰ ਮੁੱਦੇ ਦੇ ਹੱਲ ਲਈ ਯੂਐਨ ਦੇ ਦਖਲ ਦੀ ਮੰਗ ਕੀਤੀ ਤਾਂ ਸ੍ਰੀ ਮੋਦੀ ਨੇ ਪਾਕਿਸਤਾਨ ਨੂੰ ਅਤਿਵਾਦ ਰੋਕਣ ਲਈ ਕਹਿ ਦਿੱਤਾ।
ਫਿਰ ਨਵੰਬਰ ’ਚ ਨੇਪਾਲ ’ਚ ਸਾਰਕ ਦੇਸ਼ਾਂ ਦੇ ਸਿਖਰ ਸੰਮੇਲਨ ’ਚ ਵੀ ਮੌਕਾ ਮੇਲ ਨਹੀਂ ਬਣ ਸਕਿਆ। ਕੇਵਲ ਸੰਮੇਲਨ ਦੀ ਸਮਾਪਤੀ ’ਤੇ ਦੋਵੇਂ ਧਿਰਾਂ ਨੇ ਥੋੜ੍ਹਾ  ਖਕੁਸ ਨਾਲ ਹੱਥ ਮਿਲਾਏ ਸਨ ਪਰ ਖੜੌਤ ਨਹੀਂ ਟੁੱਟੀ। ਦਸੰਬਰ ਵਿੱਚ ਭਾਰਤ ਨੇ ਪਾਕਿਸਤਾਨ ਦੀ ਇਸ ਕਰਕੇ ਜ਼ੋਰਦਾਰ ਆਲੋਚਨਾ ਕੀਤੀ ਕਿ ਉਹ ਮੁੰਬਈ ਹਮਲਿਆਂ ਦੇ ਮੁੱਖ ਸਾਜ਼ਿਸ਼ੀ ਹਾਫਿਜ਼ ਸਈਦ ਦੇ ਦੋ ਦਿਨਾ ਸਮਾਗਮ ’ਚ ਮਦਦ ਕਰ ਰਿਹਾ ਹੈ।
ਦਸੰਬਰ ਵਿੱਚ ਕਮਸ਼ੀਰ ਵਿੱਚ ਉੜੀ ਖੇਤਰ ’ਚ ਸੈਨਾ ਦੇ ਕੈਂਪ ’ਤੇ ਅਤਿਵਾਦੀ ਹਮਲੇ ਵਿੱਚ 11 ਸੈਨਿਕ ਮਾਰੇ ਗਏ। ਭਾਰਤ ਅਨੁਸਾਰ ਇਹ ਅਤਿਵਾਦੀ ਸਰਹੱਦ ਪਾਰੋਂ ਆਏ ਸਨ। ਸਾਲ ਦੇ ਅਖੀਰ ’ਚ ਪਾਕਿਸਤਾਨ ਦੇ ਪਿਸ਼ਾਵਰ ਸਥਿਤ ਸੈਨਾ ਦੇ ਸਕੂਲ ਵਿੱਚ ਅਤਿਵਾਦੀਆਂ ਨੇ ਭਿਆਨਕ ਹਮਲਾ ਕਰਕੇ 150 ਲੋਕ ਮਾਰ ਦਿੱਤੇ ਜਿਨ੍ਹਾਂ ਵਿੱਚੋਂ ਬਹੁਤੇ ਬੱਚੇ ਸਨ। ਭਾਰਤ ਦੇ ਪ੍ਰਧਾਨ ਮੰਤਰੀ ਨੇ ਦਿਲੋਂ ਦੁਖ ਮਨਾਇਆ ਤੇ ਫੋਨ ’ਤੇ ਉਨ੍ਹਾਂ ਸ੍ਰੀ ਸ਼ਰੀਫ ਨਾਲ ਦੁੱਖ ਸਾਂਝਾ ਕਰਦਿਆਂ ਅਤਿਵਾਦ ਵਿਰੁੱਧ ਲੜਾਈ ’ਚ ਮਦਦ ਦੀ ਪੇਸ਼ਕਸ਼ ਕੀਤੀ।  ਇਸ ਘਟਨਾ ਦੇ 24 ਘੰਟਿਆਂ ਮਗਰੋਂ ਹੀ ਵਾਤਾਵਰਨ ਬਦਲ ਗਿਆ ਜਦੋਂ ਪਾਕਿਸਤਾਨ ਦੀ ਇਕ ਅਦਾਲਤ ਨੇ ਮੁੰਬਈ ਹਮਲਿਆਂ ਦੇ ਮੁੱਖ ਸਾਜ਼ਿਸ਼ੀ ਜ਼ਕੀਉਰ ਰਹਿਮਾਨ ਲਖਵੀ ਨੂੰ ਜ਼ਮਾਨਤ ਦੇ ਦਿੱਤੀ। ਇਸ ’ਤੇ ਕੁਝ ਪਾਕਿਸਤਾਨੀ ਵੀ ਚੌਂਕੇ ਪਰ ਇਸਲਾਮਾਬਾਦ ਨੇ ਫੌਰੀ ਗਲਤੀ ਠੀਕ ਕਰਦਿਆਂ, ਉਸ ਨੂੰ ਅਮਨ ਕਾਨੂੰਨ ਨੂੰ ਖਤਰਾ ਦੱਸ ਕੇ ਬੰਦੀ ਬਣਾ ਲਿਆ। ਦੋਵੇਂ ਧਿਰਾਂ ਆਰਥਿਕ ਫਰੰਟ ’ਤੇ ਵੀ ਸਬੰਧਾਂ ’ਚ ਸਾਵਾਂਪਣ ਨਹੀਂ ਲਿਆ ਸਕੀਆਂ।
ਪਾਕਿਸਤਾਨ ਲੰਮੇ ਸਮੇਂ ਤੋਂ ਭਾਰਤ ਨੂੰ ਸਭ ਤੋਂ ਵੱਧ ਤਰਜੀਹੀ ਮੁਲਕ ਦਾ ਰੁਤਬਾ ਨਹੀਂ ਦੇ ਰਿਹਾ। ਵੀਜ਼ੇ ਦੇਣ ’ਚ ਢਿੱਲ ਵੀ ਨਹੀਂ ਵਰਤੀ ਜਾ ਰਹੀ।
ਏਹੀ ਠੰਢਕ ਦੋਵੇਂ ਦੇਸ਼ਾਂ ’ਚ ਖੇਡਾਂ ਦੇ ਫਰੰਟ ’ਤੇ ਬਣੀ ਰਹੀ। ਹਾਕੀ ਸੈਮੀਫਾਈਨਲ ’ਚ ਭਾਰਤ ਨੂੰ ਹਰਾਉਣ ਮਗਰੋਂ ਭੁਵਨੇਸ਼ਵਰ ’ਚ ਪਾਕਿ ਖਿਡਾਰੀਆਂ ਨੇ ਲੋਕਾਂ ਵੱਲ ਅਸ਼ਲੀਲ ਇਸ਼ਾਰੇ ਕੀਤੇ। ਪਾਕਿਸਤਾਨ ਦੀ ਕਬੱਡੀ ਟੀਮ ਨੇ ਵੀ ਪੰਜਵੇਂ ਵਿਸ਼ਵ ਕਬੱਡੀ ਕੱਪ ਮੌਕੇ ਭਾਰਤੀ ਰੈਫਰੀਆਂ ਵਿਰੁੱਧ ਸ਼ਿਕਾਇਤ ਕੀਤੀ।
ਘਰੇਲੂ ਪੱਧਰ ’ਤੇ ਪਾਕਿਸਤਾਨ ਨੂੰ ਸਾਲ ਦੌਰਾਨ ਅਤਿਵਾਦੀਆਂ ਦੇ ਭਾਰੀ ਹੱਲੇ ਸਹਿਣੇ ਪਏ।
8 ਜੂਨ ਨੂੰ ਜਿਨਾਹ ਕੌਮਾਂਤਰੀ ਹਵਾਈ ਅੱਡਾ ਕਰਾਚੀ ’ਚ ਅਵਿਤਾਦੀ ਹਮਲੇ ਮੌਕੇ 30 ਲੋਕ ਮਾਰੇ ਗਏ ਸਨ ਤੇ 5 ਘੰਟੇ ਚੱਲੇ ਮੁਕਾਬਲੇ ’ਚ 10 ਅਤਿਵਾਦੀ ਵੀ ਮਰੇ। ਇਸ ਮਗਰੋਂ ਪਾਕਿ ਸੈਨਾ ਨੇ ਅਤਿਵਾਦੀਆਂ ਵਿਰੁੱਧ ਫੌਜੀ ਅਪਰੇਸ਼ਨ ਤੇਜ਼ ਕੀਤਾ। 2 ਨਵੰਬਰ ਨੂੰ ਵਾਹਗਾ ਸਰਹੱਦ ’ਤੇ ਲਾਹੌਰ ਸ਼ਹਿਰ ਨੇੜੇ ਅਤਿਵਾਦੀ ਹਮਲੇ ’ਚ 60 ਤੋਂ ਵੱਧ ਲੋਕ ਮਰੇ। ਪਾਕਿਸਤਾਨ ’ਚ ਇਮਰਾਨ ਖਾਨ ਤੇ ਤਾਹਿਰੁੱਲ ਕਾਦਰੀ ਦੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਨੇ ਸਿਆਸੀ ਹਿਲਜੁੱਲ ਵੀ ਕਰੀ ਰੱਖੀ ਸੀ।

Facebook Comment
Project by : XtremeStudioz