Close
Menu

ਭਾਰਤ ਪੂਰੀ ਤਾਕਤ ਨਾਲ ਆਪਣੀ ਪ੍ਰਭੁੱਤਾ ਦੀ ਰਾਖੀ ਕਰੇਗਾ: ਕੋਵਿੰਦ

-- 05 March,2019

ਕੋਇੰਬਟੂਰ, 5 ਮਾਰਚ
ਪੁਲਵਾਮਾ ਦਹਿਸ਼ਤੀ ਹਮਲੇ ਤੋਂ ਬਾਅਦ ਭਾਰਤੀ ਹਵਾਈ ਸੈਨਾ ਵਲੋਂ ਪਾਕਿਸਤਾਨ ’ਤੇ ਕੀਤੇ ਗਏ ਹਵਾਈ ਹਮਲੇ ਬਾਰੇ ਗੱਲ ਕਰਦਿਆਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਕਿਹਾ ਕਿ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਭਾਰਤ ਵਲੋਂ ਆਪਣੀ ਸਾਰੀ ਤਾਕਤ ਝੋਕ ਦਿੱਤੀ ਜਾਵੇਗੀ।
ਅੱਜ ਇੱਥੇ ਸਮਾਗਮ ਮੌਕੇ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਦੇ ਵਧ ਰਹੇ ਰੁਤਬੇ ਅਨੁਸਾਰ ਮੁਲਕ ਦੇ ਫੌਜੀ ਬਲਾਂ ਦੀ ਤਾਕਤ ਅਤੇ ਸਮਰੱਥਾ ਵਿੱਚ ਵੀ ਵਾਧਾ ਹੋਇਆ ਹੈ। ਉਨ੍ਹਾਂ ਕਿਹਾ, ‘‘ਭਾਰਤ ਅਮਨ-ਸ਼ਾਂਤੀ ਲਈ ਵਚਨਬੱਧ ਹੈ ਪਰ ਜੇਕਰ ਲੋੜ ਪੈਂਦੀ ਹੈ, ਤਾਂ ਅਸੀਂ ਆਪਣੀ ਪੂਰੀ ਤਾਕਤ ਵਰਤ ਕੇ ਦੇਸ਼ ਦੀ ਪ੍ਰਭੁੱਤਾ ਦੀ ਰਾਖੀ ਕਰਾਂਗੇ। ਮੈਨੂੰ ਭਰੋਸਾ ਹੈ ਕਿ ਅਜਿਹੇ ਸਮੇਂ ਵਿੱਚ ਮੁਲਕ ਦੇ ਬਹਾਦਰ ਸਿਪਾਹੀ ਦੇਸ਼ੀ ਦੀ ਰਾਖੀ ਲਈ ਡਟਣਗੇ।’’ ਉਨ੍ਹਾਂ ਕਿਹਾ ਕਿ ਦੇਸ਼ ਦੀ ਹਵਾਈ ਸੈਨਾ ਵਲੋਂ ਬਾਲਾਕੋਟ ’ਚ ਕੀਤੀ ਗਈ ਕਾਰਵਾਈ ਨੇ ਸਾਡੀ ਆਪਣੇ ਮੁਲਕ ਦੀ ਰਾਖੀ ਪ੍ਰਤੀ ਵਚਨਬੱਧਤਾ ਦਾ ਝਲਕਾਰਾ ਦਿੱਤਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਆਧੁਨਿਕ ਦੌਰ ਦੀਆਂ ਮੰਗਾਂ ਨਾਲ ਨਜਿੱਠਣ ਲਈ ਹਵਾਈ ਸੈਨਾ ਵਲੋਂ ਲਗਾਤਾਰ ਆਪਣੇ-ਆਪ ਨੂੰ ਆਧੁਨਿਕ ਯੁੱਗ ਦੀਆਂ ਲੋੜਾਂ ਦੇ ਸਮਰੱਥ ਬਣਾਇਆ ਜਾ ਰਿਹਾ ਹੈ। ਇਸ ਮੌਕੇ ਏਅਰ ਫੋਰਸ ਸਟੇਸ਼ਨ, ਹਾਕਿਮਪਿਟ ਅਤੇ ਸੂਲੁਰ ਸਥਿਤ ਏਅਰ ਫੋਰਸ ਸਟੇਸ਼ਨ ਦੇ 5 ਬੇਸ ਰਿਪੇਅਰ ਡਿਪੂ ਨੂੰ ‘ਪ੍ਰੈਜ਼ੀਡੈਂਟ ਕਲਰ’ ਪ੍ਰਦਾਨ ਕੀਤਾ ਗਿਆ।

Facebook Comment
Project by : XtremeStudioz