Close
Menu

ਭਾਰਤ ਬਣਿਆ ਚੈਂਪੀਅਨ

-- 08 October,2018

ਢਾਕਾ, ਭਾਰਤ ਨੇ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਮਗਰੋਂ ਹਰਸ਼ ਤਿਆਗੀ ਦੀਆਂ ਛੇ ਵਿਕਟਾਂ ਦੀ ਬਦੌਲਤ ਅੱਜ ਫਾਈਨਲ ਵਿੱਚ ਸ੍ਰੀਲੰਕਾ ਨੂੰ 144 ਦੌੜਾਂ ਨਾਲ ਹਰਾ ਕੇ ਅੰਡਰ-19 ਏਸ਼ੀਆ ਕੱਪ ਇੱਕ ਰੋਜ਼ਾ ਕ੍ਰਿਕਟ ਟੂਰਨਾਮੈਂਟ ਟਰਾਫੀ ਆਪਣੇ ਨਾਮ ਕਰ ਲਈ। ਦਸ ਓਵਰਾਂ ਵਿੱਚ 38 ਦੌੜਾਂ ਦੇ ਕੇ ਛੇ ਵਿਕਟਾਂ ਲੈਣ ਵਾਲਾ ਤਿਆਗੀ ‘ਮੈਨ ਆਫ ਦਿ ਮੈਚ ਬਣਿਆ। ਇੱਕ ਹਫ਼ਤਾ ਪਹਿਲਾਂ ਸੀਨੀਅਰ ਭਾਰਤੀ ਟੀਮ ਦੁਬਈ ਵਿੱਚ ਹੋਏ ਫਾਈਨਲ ਵਿੱਚ ਬੰਗਲਾਦੇਸ਼ ਨੂੰ ਹਰਾ ਕੇ ਮਹਾਂਦੀਪੀ ਚੈਂਪੀਅਨ ਬਣੀ ਸੀ। ਭਾਰਤ ਅੰਡਰ-19 ਟੀਮ ਨੇ ਆਪਣੀ ਸੀਨੀਅਰ ਟੀਮ ਦੀ ਕਾਮਯਾਬੀ ਨੂੰ ਮੁੜ ਦੁਹਰਾਇਆ ਹੈ। ਭਾਰਤ ਨੇ ਫਾਈਨਲ ਵਿੱਚ 50 ਓਵਰਾਂ ਵਿੱਚ ਤਿੰਨ ਵਿਕਟਾਂ ’ਤੇ 304 ਦੌੜਾਂ ਦਾ ਮਜ਼ਬੂਤ ਸਕੋਰ ਬਣਾਉਣ ਮਗਰੋਂ ਸ੍ਰੀਲੰਕਾ ਨੂੰ 38.4 ਓਵਰਾਂ ਵਿੱਚ 160 ਦੌੜਾਂ ’ਤੇ ਢੇਰ ਕਰ ਦਿੱਤਾ।
ਭਾਰਤ ਨੇ ਛੇਵੀਂ ਵਾਰ ਅੰਡਰ-19 ਏਸ਼ੀਆ ਕੱਪ ਜਿੱਤਿਆ ਹੈ। ਭਾਰਤ ਨੇ ਇਸ ਤੋਂ ਪਹਿਲਾਂ 1989, 2003, 2012, 2013-14 ਅਤੇ 2016 ਵਿੱਚ ਇਹ ਖ਼ਿਤਾਬ ਜਿੱਤਿਆ ਸੀ। ਭਾਰਤ 2012 ਦੇ ਟੂਰਨਾਮੈਂਟ ਵਿੱਚ ਸਾਂਝੇ ਤੌਰ ’ਤੇ ਜੇਤੂ ਰਿਹਾ ਸੀ। ਫਾਈਨਲ ਵਿੱਚ ਭਾਰਤ ਦੇ ਸੀਨੀਅਰ ਕ੍ਰਮ ਦੇ ਪੰਜ ਬੱਲੇਬਾਜ਼ਾਂ ਨੇ ਸ਼ਾਨਦਾਰ ਦੌੜਾਂ ਬਣਾਈਆਂ। ਯਸ਼ਸਵੀ ਜੈਸਵਾਲ ਨੇ 85, ਅਨੁਜ ਰਾਵਤ ਨੇ 57, ਦੇਵਦੱਤ ਪਡੀਕਲ ਨੇ 31, ਕਪਤਾਨ ਪ੍ਰਭਸਿਮਰਨ ਸਿੰਘ ਨੇ ਨਾਬਾਦ 65 ਦੌੜਾਂ ਅਤੇ ਅਯੂਸ਼ ਬਦੌਨੀ ਨੇ ਨਾਬਾਦ 52 ਦੌੜਾਂ ਬਣਾਈਆਂ।
ਜੈਸਵਾਲ ਅਤੇ ਰਾਵਤ ਨੇ ਪਹਿਲੀ ਵਿਕਟ ਲਈ 25.1 ਓਵਰਾਂ ਵਿੱਚ 121 ਦੌੜਾਂ ਦੀ ਸਾਂਝੇਦਾਰੀ ਕੀਤੀ। ਜੈਸਵਾਲ ਨੇ ਫਿਰ ਪਡੀਕਲ ਨਾਲ ਦੂਜੀ ਵਿਕਟ ਲਈ 59 ਦੌੜਾਂ ਜੋੜੀਆਂ। ਪ੍ਰਭਸਿਮਰਨ ਅਤੇ ਬਦੌਨੀ ਨੇ ਚੌਥੀ ਵਿਕਟ ਲਈ 110 ਦੌੜਾਂ ਦੀ ਸਾਂਝੇਦਾਰੀ ਕਰਕੇ ਭਾਰਤ ਨੂੰ 300 ਦੌੜਾਂ ਤੋਂ ਪਾਰ ਪਹੁੰਚਾਇਆ। ਜੈਸਵਾਲ ਨੇ 113 ਗੇਂਦਾਂ ’ਤੇ ਅੱਠ ਚੌਕੇ ਅਤੇ ਇੱਕ ਛੱਕਾ, ਰਾਵਤ ਨੇ 79 ਗੇਂਦਾਂ ’ਤੇ ਚਾਰ ਚੌਕੇ ਅਤੇ ਤਿੰਨ ਛੱਕੇ, ਪਡੀਕਲ ਨੇ 43 ਗੇਂਦਾਂ ’ਤੇ ਇੱਕ ਚੌਕਾ ਅਤੇ ਇੱਕ ਛੱਕਾ, ਕਪਤਾਨ ਪ੍ਰਭਸਿਮਰਨ ਨੇ ਸਿਰਫ਼ 37 ਗੇਂਦਾਂ ’ਤੇ ਤਿੰਨ ਚੌਕੇ ਅਤੇ ਚਾਰ ਛੱਕੇ ਅਤੇ ਬਦੌਨੀ ਨੇ 28 ਗੇਂਦਾਂ ’ਤੇ ਦੋ ਚੌਕੇ ਅਤੇ ਪੰਜ ਛੱਕੇ ਮਾਰੇ। ਭਾਰਤੀ ਪਾਰੀ ਵਿੱਚ ਕੁੱਲ 18 ਚੌਕੇ ਅਤੇ 14 ਛੱਕੇ ਲੱਗੇ। ਵੱਡੇ ਟੀਚੇ ਦਾ ਪਿੱਛਾ ਕਰਨ ਉਤਰੀ ਸ੍ਰੀਲੰਕਾ ਦੀ ਟੀਮ ਦਬਾਅ ਵਿੱਚ ਰਹੀ। ਰਹਿੰਦੀ-ਖੂੰਹਦੀ ਕਸਰ ਹਰਸ਼ ਤਿਆਗੀ ਨੇ ਦਸ ਓਵਰਾਂ ਵਿੱਚ 38 ਦੌੜਾਂ ਦੇ ਕੇ ਛੇ ਵਿਕਟਾਂ ਲੈ ਕੇ ਪੂਰੀ ਕਰ ਦਿੱਤੀ। ਤਿਆਗੀ ਨੇ ਸ੍ਰੀਲੰਕਾ ਦੇ ਸਿਖਰਲੇ ਕ੍ਰਮ ਦੇ ਪੰਜ ਬੱਲੇਬਾਜ਼ਾਂ ਵਿੱਚੋਂ ਚਾਰ ਨੂੰ ਆਊਟ ਕਰਕੇ ਸ੍ਰੀਲੰਕਾ ਦੀ ਕਮਰ ਤੋੜ ਦਿੱਤੀ। ਇਸ ਤੋਂ ਬਾਅਦ ਤਿਆਗੀ ਨੇ ਹੇਠਲੇ ਕ੍ਰਮ ਵਿੱਚ ਆਖ਼ਰੀ ਦੋ ਬੱਲੇਬਾਜ਼ਾਂ ਦੀਆਂ ਵਿਕਟਾਂ ਲੈ ਕੇ ਸ੍ਰੀਲੰਕਾ ਦੀ ਪਾਰੀ ਨੂੰ ਢੇਰ ਕਰ ਦਿੱਤਾ। ਸਿਧਾਰਥ ਦੇਸਾਈ ਨੇ 37 ਦੌੜਾਂ ਦੇ ਕੇ ਦੋ ਵਿਕਟਾਂ ਅਤੇ ਮੋਹਿਤ ਜਾਂਗੜਾ ਨੇ 18 ਦੌੜਾਂ ਦੇ ਕੇ ਇੱਕ ਵਿਕਟ ਲਈ। ਸ੍ਰੀਲੰਕਾ ਦਾ ਇੱਕ ਬੱਲੇਬਾਜ਼ ਰਨ ਆਊਟ ਹੋਇਆ।

Facebook Comment
Project by : XtremeStudioz