Close
Menu

ਭਾਰਤ ਵਾਸੀਆਂ ਨੇ ਹਵਾਈ ਹਮਲੇ ਦੇ ਜਸ਼ਨ ਮਨਾਏ

-- 27 February,2019

ਨਵੀਂ ਦਿੱਲੀ, 27 ਫਰਵਰੀ
ਪਾਕਿਸਤਾਨ ਵਿਚ ਜੈਸ਼-ਏ-ਮੁਹੰਮਦ ਦੇ ਦਹਿਸ਼ਤੀ ਕੈਂਪਾਂ ’ਤੇ ਭਾਰਤੀ ਹਵਾਈ ਸੈਨਾ ਵਲੋਂ ਕੀਤੇ ਗਏ ਹਵਾਈ ਹਮਲੇ ਦਾ ਦੇਸ਼ ਭਰ ਵਿੱਚ ਲੋਕਾਂ ਅਤੇ ਸਿਆਸੀ ਆਗੂਆਂ ਨੇ ਭਰਵਾਂ ਸਵਾਗਤ ਕੀਤਾ ਹੈ। ਪੁਲਵਾਮਾ ਦਹਿਸ਼ਤੀ ਹਮਲੇ ਮਗਰੋਂ ਭਾਰਤ ਵੱਲੋਂ ਕੀਤੀ ਗਈ ਇਸ ਕਾਰਵਾਈ ਦਾ ਲੋਕਾਂ ਨੇ ਸੜਕਾਂ ’ਤੇ ਮਾਰਚ ਕਰਕੇ ਜਸ਼ਨ ਮਨਾਇਆ।
ਹਰਿਆਣਾ, ਮਹਾਰਾਸ਼ਟਰ ਅਤੇ ਛੱਤੀਸਗੜ੍ਹ ਦੀਆਂ ਵਿਧਾਨ ਸਭਾਵਾਂ ਨੇ ਮਤੇ ਪਾਸ ਕਰਕੇ ਭਾਰਤੀ ਹਵਾਈ ਸੈਨਾ ਦੀ ਕਾਰਵਾਈ ਦੀ ਸ਼ਲਾਘਾ ਕੀਤੀ। ਜੰਮੂ ਅਤੇ ਕਸ਼ਮੀਰ ਦੇ ਕਠੂਆ, ਸਾਂਬਾ, ਪੁਣਛ, ਰਜੌਰੀ ਅਤੇ ਊਧਮਪੁਰ ਖੇਤਰਾਂ ਵਿੱਚ ਨੌਜਵਾਨਾਂ ਨੇ ਸੜਕਾਂ ’ਤੇ ਨਿਕਲ ਕੇ ਜਸ਼ਨ ਮਨਾਏ। ਭਾਜਪਾ ਦੇ ਵੱਡੀ ਗਿਣਤੀ ਵਰਕਰਾਂ ਤੇ ਸਮਰਥਕਾਂ ਨੇ ਜੰਮੂ ਸ਼ਹਿਰ ਵਿਚ ਕਈ ਥਾਈਂ ਤਿੰਰਗਾ ਲਹਿਰਾਇਆ ਅਤੇ ‘ਭਾਰਤ ਮਾਤਾ ਦੀ ਜੈ’ ਦੇ ਨਾਅਰੇ ਲਾਏ।
ਪੁਲਵਾਮਾ ਦਹਿਸ਼ਤੀ ਹਮਲੇ ਵਿਚ ਮਾਰੇ ਗਏ 40 ਸੀਆਰਪੀਐੱਫ ਜਵਾਨਾਂ ਵਿਚ ਸ਼ਾਮਲ ਕਰਨਾਟਕ ਦੇ ਐੱਚ. ਗੁਰੂ ਦੀ ਪਤਨੀ ਕਲਾਵਥੀ ਨੇ ਕਿਹਾ, ‘‘ਇਹ ਕਾਰਵਾਈ ਸ਼ਹੀਦ ਜਵਾਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇਗੀ… ਮੈਂ ਭਾਰਤੀ ਸੈਨਾ ਦੇ ਜਵਾਨਾਂ ਨੂੰ ਸਲਾਮ ਕਰਦੀ ਹਾਂ।’’ ਬੰਗਲੁਰੂ ਤੋਂ 100 ਕਿਲੋਮੀਟਰ ਦੂਰ ਗੁਰੂ ਦਾ ਜੱਦੀ ਪਿੰਡ ਗੁਡੀਗੇਰ ਤਾਜ਼ਾ ਹਵਾਈ ਹਮਲਿਆਂ ਬਾਰੇ ਸੂਚਨਾ ਮਿਲਦਿਆਂ ਹੀ ਚਹਿਕ ਉੱਠਿਆ। ਪਿੰਡ ਵਾਸੀਆਂ ਨੇ ਗੁਰੂ ਦੇ ਘਰ ਉੱਪਰ ਤਿਰੰਗਾ ਲਹਿਰਾਇਆ ਅਤੇ ਪਿੰਡ ਵਿਚ ਮਾਰਚ ਕੀਤਾ।
ਰਾਜਸਥਾਨ ਦੇ ਸੀਆਰਪੀਐੱਫ ਜਵਾਨ ਨਾਰਾਇਣ ਲਾਲ ਗੁੱਰਜਰ, ਜੋ ਪੁਲਵਾਮਾ ਹਮਲੇ ਵਿਚ ਮਾਰਿਆ ਗਿਆ ਸੀ, ਦੇ ਪਰਿਵਾਰਕ ਮੈਂਬਰਾਂ ਨੇ ਹਵਾਈ ਹਮਲੇ ’ਤੇ ਤਸੱਲੀ ਪ੍ਰਗਟਾਈ ਹੈ।

Facebook Comment
Project by : XtremeStudioz