Close
Menu

ਭਾਰਤ ਵੱਲੋਂ ਭੂਟਾਨ ਨੂੰ ਭਰਵੀਂ ਆਰਥਿਕ ਮਦਦ ਦੇਣ ਦਾ ਭਰੋਸਾ

-- 11 August,2013

images (1)

ਥਿੰਫੂ, 11 ਅਗਸਤ (ਦੇਸ ਪ੍ਰਦੇਸ ਟਾਈਮਜ਼)-ਭਾਰਤ ਨੇ ਭੂਟਾਨ ਦੀ ਨਵੀਂ ਸਰਕਾਰ ਨੂੰ ਭਰੋਸਾ ਦਿੱਤਾ ਹੈ ਕਿ ਉਸ ਨੂੰ ਦੇਸ਼ ਦੇ ਆਰਥਿਕ ਹਾਲਾਤ ਨਾਲ ਨਜਿੱਠਣ ਲਈ ਹਰ ਸੰਭਵ ਮਦਦ ਦਿੱਤੀ ਜਾਵੇਗੀ। ਇਸੇ ਦੌਰਾਨ ਭੂਟਾਨ ਦੇ ਪ੍ਰਧਾਨ ਮੰਤਰੀ ਸ਼ੇਰਿੰਗ ਦੋਬਗੇ ਅਗਲੇ ਹਫ਼ਤੇ ਭਾਰਤ ਜਾ ਰਹੇ ਹਨ।
ਇਥੇ ਬੀਤੇ ਦਿਨ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਸ਼ਿਵ ਸ਼ੰਕਰ ਮੈਨਨ ਤੇ ਵਿਦੇਸ਼ ਸਕੱਤਰ ਸੁਜਾਤਾ ਸਿੰਘ ਨੇ ਸ੍ਰੀ ਦੋਬਗੇ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ, ‘‘ਅਸੀਂ ਭੂਟਾਨ ਦੀ ਆਰਥਿਕਤਾ ਲਈ ਜਿੰਨੀ ਮਦਦ ਹੋ ਸਕੇ ਕਰਾਂਗੇ। ਇਸ ਲਈ ਅਸੀਂ ਦੋਵੇਂ ਰਲ ਕੇ ਕੰਮ ਕਰਾਂਗੇ।’’
ਸ੍ਰੀ ਮੈਨਨ ਤੇ ਸ੍ਰੀਮਤੀ ਸੁਜਾਤਾ ਸਿੰਘ 8 ਅਗਸਤ ਤੋਂ ਭੂਟਾਨ ਦੇ ਤਿੰਨ ਦਿਨਾਂ ਦੌਰੇ ’ਤੇ ਹਨ। ਮੀਟਿੰਗ ਦੌਰਾਨ ਭਾਰਤੀ ਅਧਿਕਾਰੀਆਂ ਨੇ ਭੂਟਾਨ ਦੇ ਨਵੇਂ ਪ੍ਰਧਾਨ ਮੰਤਰੀ ਨੂੰ ਦੇਸ਼ ਦੀ ਵਾਗਡੋਰ ਸੰਭਾਲਣ ’ਤੇ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਭੂਟਾਨ ਦੀ ਹਰ ਔਖੇ ਵੇਲੇ ਕੀਤੀ ਮਦਦ ਲਈ ਸ਼ੁਕਰੀਆ ਅਦਾ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵੱਲੋਂ ਹੁਣ ਤੱਕ ਆਰਥਿਕ ਮੋਰਚੇ ’ਤੇ ਉਨ੍ਹਾਂ ਦੇ ਮੁਲਕ ਦੀ ਮਦਦ ਕੀਤੀ ਜਾਂਦੀ ਰਹੀ ਹੈ ਤੇ ਇਸ ਖੇਤਰ ਵਿੱਚ ਉਸ ਨੂੰ ਭਾਰਤ ਤੋਂ ਹਰ ਮਦਦ ਦੀ ਆਸ ਹੈ।
ਭਾਰਤੀ ਅਧਿਕਾਰੀਆਂ ਨੇ ਭੂਟਾਨ ਦੇ ਸਮਰਾਟ ਜਿਗਮੇ ਖੇਸਰ ਨਮਗੇਲ ਵਾਂਗਚੁਕ ਨਾਲ ਵੀ ਮੁਲਾਕਾਤ ਕੀਤੀ।
ਸ੍ਰੀ ਦੋਬਗੇ ਦੀ ਪੀਪਲਜ਼ ਡੈਮੋਕਰੇਟਿਕ ਪਾਰਟੀ ਨੇ ਦੇਸ਼ ਦੀਆਂ ਦੂਜੀਆਂ ਕੌਮੀ ਚੋਣਾਂ ਵਿੱਚ ਸ਼ਾਨਦਾਰ ਜਿੱਤ ਹਾਸਲ ਕੀਤੀ। ਪਾਰਟੀ ਨੇ ਸੰਸਦ ਦੀਆਂ ਕੁੱਲ 47 ਸੀਟਾਂ ਵਿੱਚੋਂ 32 ’ਤੇ ਜਿੱਤ ਹਾਸਲ ਕੀਤੀ ਸੀ।
ਦੋਬਗੇ ਦਾ ਭਾਰਤ ਦੌਰਾ ਅਗਲੇ ਹਫ਼ਤੇ: ਭੂਟਾਨ ਦੇ ਨਵੇਂ ਪ੍ਰਧਾਨ ਮੰਤਰੀ ਸ਼ੇਰਿੰਗ ਦੋਬਗੇ ਭਾਰਤ ਦੀ ਪਹਿਲੀ ਯਾਤਰਾ ’ਤੇ ਅਗਲੇ ਹਫ਼ਤੇ ਨਵੀਂ ਦਿੱਲੀ ਪੁੱਜ ਰਹੇ ਹਨ। ਉਹ ਰੁਪਏ ਵਿੱਚ ਕਮਜ਼ੋਰੀ ਤੇ ਭੂਟਾਨ ਦੀ ਆਰਥਿਕ ਸਥਿਤੀ ’ਤੇ ਚਰਚਾ ਕਰਨ ਤੋਂ ਇਲਾਵਾ ਦੁਵੱਲੇ ਸਬੰਧਾਂ ਨੂੰ ਵਿਚਾਰਨਗੇ। ਸ੍ਰੀ ਦੋਬਗੇ ਵੱਲੋਂ ਭਾਰਤ ਦੌਰੇ ਦਾ ਪ੍ਰੋਗਰਾਮ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ ਦਿੱਤੇ ਗਏ ਸੱਦੇ ਮਗਰੋਂ ਬਣਾਇਆ ਗਿਆ ਹੈ।
ਇਕ ਬਿਆਨ ਅਨੁਸਾਰ ਇਸ ਦੌਰੇ ਮੌਕੇ ਭੂਟਾਨ ਵੱਲੋਂ ਭਾਰਤ ਤੋਂ ਖੁੱਲ੍ਹੇ ਫੰਡ ਮੰਗੇ ਜਾਣ ਦੀ ਸੰਭਾਵਨਾ ਹੈ। ਭਾਰਤੀ ਰੁਪਏ ਦੀ ਕਮਜ਼ੋਰੀ ਕਾਰਨ ਭੂਟਾਨ ਦਾ ਕਾਰੋਬਾਰੀ ਭਾਈਚਾਰਾ ਕਾਫੀ ਦੁਖੀ  ਹੈ।

Facebook Comment
Project by : XtremeStudioz