Close
Menu

ਭਾਰਤ ਵੱਲੋਂ ਯੂਰੇਨੀਅਮ ਦੀ ਵਰਤੋਂ ’ਤੇ ਕੈਨੇਡਾ ਰੱਖੇਗਾ ਤਿੱਖ਼ੀ ਨਜ਼ਰ

-- 18 April,2015

ਓਟਵਾ, ਕੈਨੇਡਾ ਦੀ ਕੰਪਨੀ ਕੇਮਕੋ ਵੱਲੋਂ ਮੌਜੂਦਾ ਸਾਲ ਦੇ ਦੂਜੇ ਅੱਧ ’ਚ ਭਾਰਤ ਨੂੰ ਯੂਰੇਨੀਅਮ ਦੀ ਸਪਲਾਈ ਆਰੰਭ ਦਿੱਤੀ ਜਾਏਗੀ। ਕੈਨੇਡਾ ਯੂਰੇਨੀਅਮ ਦੀ ਵਰਤੋਂ ’ਤੇ ਤਿੱਖੀ ਨਜ਼ਰ ਰੱਖੇਗਾ। ਉਂਜ ਕੰਪਨੀ ਨੇ ਸਮਝੌਤੇ ’ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਹੈ ਕਿ ਇਸ ਨਾਲ ਦੋਹਾਂ ਮੁਲਕਾਂ    ਵਿਚਕਾਰ ਨਵੇਂ ਰਿਸ਼ਤਿਆਂ ਦੀ ਸ਼ੁਰੂਆਤ ਹੋਏਗੀ। ਕੇਮਕੋ ਦੇ ਪ੍ਰਧਾਨ ਅਤੇ ਸੀਈਓ ਟਿਮ ਐਸ ਗਿਟਜ਼ਲ ਨੇ ਦੱਸਿਆ ਕਿ ਕੰਪਨੀ ਤੈਅ ਪ੍ਰੋਗਰਾਮ ਮੁਤਾਬਕ ਸਾਲ ਦੇ ਦੂਜੇ ਅੱਧ ’ਚ ਭਾਰਤ ਨੂੰ ਯੂਰੇਨੀਅਮ ਦੀ ਸਪਲਾਈ ਸ਼ੁਰੂ ਕਰ ਦੇਵੇਗੀ। ਕੇਮਕੋ ਅਤੇ ਪਰਮਾਣੂ ਊਰਜਾ ਵਿਭਾਗ ਨੇ ਦੋ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਜ਼ਰੀ ’ਚ ਸਮਝੌਤੇ ’ਤੇ ਹਸਤਾਖ਼ਰ ਕੀਤੇ ਸਨ। ਸਮਝੌਤੇ ਤਹਿਤ ਕੈਨੇਡੀਅਨ ਕੰਪਨੀ ਅਗਲੇ ਪੰਜ ਸਾਲਾਂ ਲਈ 350 ਮਿਲੀਅਨ ਕੈਨੇਡੀਅਨ ਡਾਲਰ ਦੀ ਲਾਗਤ ਨਾਲ ਭਾਰਤ ਨੂੰ ਯੂਰੇਨੀਅਮ ਸਪਲਾਈ ਕਰੇਗੀ।
ਗਿਟਜ਼ਲ ਨੇ ਕਿਹਾ,‘‘ਕੰਪਨੀ 700 ਮਿਲੀਅਨ ਪੌਂਡ ਯੂਰੇਨੀਅਮ ਦੀ ਸਪਲਾਈ ਕਰੇਗੀ ਤਾਂ ਜੋ ਭਾਰਤ ਦੇ ਪਰਮਾਣੂ ਪਲਾਂਟਾਂ ਤੋਂ ਬਿਜਲੀ ਬਣਾਈ ਜਾ ਸਕੇ। ਸਾਡਾ ਇਹ ਪਹਿਲਾ ਸਮਝੌਤਾ ਹੈ ਅਤੇ ਅਸੀਂ ਕਾਫੀ ਉਤਸ਼ਾਹਿਤ ਹਾਂ।’’
ਕੈਨੇਡਾ ਨੇ 1970 ਦੇ ਦਹਾਕੇ ’ਚ ਭਾਰਤ ਨੂੰ ਯੂਰੇਨੀਅਮ ਅਤੇ ਹੋਰ ਪਰਮਾਣੂ ਸਾਜ਼ੋ ਸਾਮਾਨ ਦੇਣ ’ਤੇ ਇਹ ਆਖਦਿਆਂ ਪਾਬੰਦੀ ਲਾ ਦਿੱਤੀ ਸੀ ਕਿ ਨਵੀਂ ਦਿੱਲੀ ਨੇ ਪਰਮਾਣੂ ਬੰਬ ਬਣਾਉਣ ’ਚ ਕੈਨੇਡਾ ਦੀ   ਤਕਨਾਲੋਜੀ ਦੀ ਵਰਤੋਂ ਕੀਤੀ।

Facebook Comment
Project by : XtremeStudioz