Close
Menu

ਭਾਰੀ ਮੀਂਹ ਨੇ ਸਰਹੱਦੀ ਪੱਟੀ ਵਿੱਚ ਫ਼ਸਲਾਂ ਵਿਛਾੲੀਆਂ

-- 23 September,2015

ਅੰਮ੍ਰਿਤਸਰ, 23ਸਤੰਬਰ
ਬੀਤੀ ਰਾਤ ਤੋਂ ਸ਼ੁਰੂ ਹੋਈ ਭਾਰੀ ਬਾਰਸ਼ ਜੋ ਅੱਜ ਦੇਰ ਸ਼ਾਮ ਤਕ ਜਾਰੀ ਹੈ, ਕਾਰਨ ਪੱਕਣ ਕੰਢੇ ਖੜ੍ਹੀਆਂ ਫਸਲਾਂ ਨੂੰ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਹੈ। ਮੀਂਹ ਤੇ ਤੇਜ਼ ਹਵਾਵਾਂ ਕਾਰਨ ਸਰਹੱਦੀ ਪੱਟੀ ਵਿੱਚ ਫਸਲਾਂ ਵਿਛ ਗਈਆਂ ਹਨ ਅਤੇ ਮੀਂਹ ਕਾਰਨ ਵਾਢੀ ਪੱਛੜਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਮੰਡੀਆਂ ਵਿੱਚ ਆਈ ਬਾਸਮਤੀ ਦੀ ਫਸਲ ਵੀ ਮੁੜ ਮੀਂਹ ਵਿੱਚ ਭਿੱਜ ਗਈ ਹੈ ਤੇ ਇਸ ਦੇ ਵਿਕਣ ’ਚ ਮੁੜ ਅੜਿੱਕਾ ਪੈਦਾ ਹੋਵੇਗਾ।
ਜਮਹੂਰੀ ਕਿਸਾਨ ਸਭਾ ਦੇ ਆਗੂ ਡਾ. ਸਤਨਾਮ ਸਿੰਘ ਅਜਨਾਲਾ ਅਤੇ ਰਤਨ ਸਿੰਘ ਰੰਧਾਵਾ ਨੇ ਕਿਹਾ ਕਿ ਬੀਤੀ ਰਾਤ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਤਰਸਿੱਕਾ, ਰਈਆ, ਜੰਡਿਆਲਾ, ਚੌਗਾਵਾਂ, ਹਰਸ਼ਾ ਛੀਨਾ, ਅਜਨਾਲਾ, ਅਟਾਰੀ ਆਦਿ ਪੱਟੀ ਵਿੱਚ ਫਸਲ ਵਿਛ ਗਈ ਹੈ। ਖਾਸ ਕਰਕੇ ਰਾਵੀ ਅਤੇ ਬਿਆਸ ਦਰਿਆਈ ਪੱਟੀ ਵਿਚ ਆਉਂਦੇ ਨੀਵੇਂ ਇਲਾਕਿਆਂ ਵਿੱਚ ਵਧੇਰੇ ਨੁਕਸਾਨ ਹੋਇਆ ਹੈ, ਜਿਨ੍ਹਾਂ ’ਚ ਅਜਨਾਲਾ, ਚੂਚਕ ਵਾਲ, ਭੱਗੂਪੁਰ ਗੇਟ, ਤਲਵੰਡੀ ਰਾਏ, ਭੋਰਛੀ ਰਾਜਪੂਤਾਂ ਤੇ ਹੋਰ ਪਿੰਡ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਲਗਪਗ 20 ਫੀਸਦੀ ਫਸਲ ਦੇ ਨੁਕਸਾਨ ਦਾ ਖਦਸ਼ਾ ਹੈ। ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਖੇਤ ਨੂੰ ਯੂਨਿਟ ਮੰਨਦੇ ਹੋਏ ਬਾਰਸ਼ ਨਾਲ ਹੋਏ ਨੁਕਸਾਨ ਦਾ ਢੁੱਕਵਾਂ ਮੁਆਵਜ਼ਾ ਦਿੱਤਾ ਜਾਵੇ।
ਇਸ ਦੌਰਾਨ ਇਕ ਕਿਸਾਨ ਦਿਲਬਾਗ ਸਿੰਘ ਨੇ ਦੱਸਿਆ ਕਿ ਭਾਰੀ ਬਾਰਸ਼ ਕਾਰਨ ਉਸ ਦੀ 1509 ਬਾਸਮਤੀ ਦੀ ਫਸਲ ਵਿਛ ਗਈ ਹੈ। ਕਿਸਾਨ ਜਸਬੀਰ ਸਿੰਘ ਜੋ ਆਪਣੀ ਫਸਲ ਭਗਤਾਂਵਾਲਾ ਮੰਡੀ ਵਿਖੇ ਲੈ ਕੇ ਆਇਆ ਹੋਇਆ ਸੀ, ਨੇ ਆਖਿਆ ਕਿ ਮੀਂਹ ਕਾਰਨ ਉਸ ਦੀ ਸਾਰੀ ਫਸਲ ਭਿੱਜ ਗਈ ਹੈ, ਜਿਸ ਕਾਰਨ ਫਸਲ ਵਿੱਚ ਹੋਰ ਵਧੇਰੇ ਨਮੀ ਆ ਜਾਵੇਗੀ ਅਤੇ ਫਸਲ ਦਾ ਭਾਅ ਘੱਟ ਜਾਵੇਗਾ। ਜ਼ਿਲੇ ਦੇ ਮੁੱਖ ਖੇਤੀਬਾੜੀ ਅਧਿਕਾਰੀ ਡਾ. ਬਲਵਿੰਦਰ ਸਿੰਘ ਛੀਨਾ ਨੇ ਦੱਸਿਆ ਕਿ ਪਿਛਲੀ ਰਾਤ ਤੋਂ ਲੈ ਕੇ ਸਵੇਰ ਤੱਕ ਤਕਰੀਬਨ 30 ਐਮਐਮ ਮੀਂਹ ਪਿਆ ਹੈ। ਮੀਂਹ ਰੁਕਣ ਮਗਰੋਂ ਨੁਕਸਾਨ ਦਾ ਜਾਇਜ਼ਾ ਲਿਆ ਜਾਵੇਗਾ। ਉਨ੍ਹਾਂ ਆਖਿਆ ਕਿ ਜਿਹੜੀ ਫਸਲ ਵਿਛ ਜਾਵੇਗੀ, ਉਸ ਦੇ ਦਾਣਿਆਂ ਦੀ ਰੰਗਤ ਖਰਾਬ ਹੋ ਜਾਵੇਗੀ ਤੇ ਫਸਲ ਨੂੰ ਨੁਕਸਾਨ ਪੁੱਜੇਗਾ। ਉਨ੍ਹਾਂ ਆਖਿਆ ਕਿ ਮੌਸਮ ਵਿਭਾਗ ਨੇ ਹੋਰ ਵਧੇਰੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ, ਜੇਕਰ ਮੀਂਹ ਜਾਰੀ ਰਹਿੰਦਾ ਹੈ ਤਾਂ ਨੁਕਸਾਨ ਹੋਰ ਵੀ ਵੱਧ ਜਾਵੇਗਾ। ਮੌਸਮ ਵਿਭਾਗ ਮੁਤਾਬਕ ਬੀਤੀ ਰਾਤ ਤੋਂ ਸਵੇਰ ਤੱਕ ਲਗਪਗ 47.4 ਐਮਐਮ ਅਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ 55.6 ਐਮ.ਐਮ ਮੀਂਹ ਦਰਜ ਕੀਤਾ ਗਿਆ ਹੈ।

Facebook Comment
Project by : XtremeStudioz