Close
Menu

ਭਿਖਾਰੀਆਂ ਵਾਲੀ ਸੋਚ ਪੈਦਾ ਕਰਦੇ ਨੇ ਨੀਲੇ ਤੇ ਪੀਲੇ ਕਾਰਡ: ਭਗਵੰਤ ਮਾਨ

-- 29 September,2015

ਮੰਡੀ ਅਹਿਮਦਗੜ੍ਹ, ਆਮ ਆਦਮੀ ਪਾਰਟੀ ਦੀ ਸਟੇਜ ਤੋਂ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ  ਸੰਸਦ ਮੈਂਬਰ ਭਗਵੰਤ ਮਾਨ, ਪ੍ਰੋ. ਸਾਧੂ ਸਿੰਘ ਅਤੇ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਅਫਸੋਸ ਪ੍ਰਗਟਾਇਆ ਕਿ ਹੁਣ ਪੰਜਾਬ ਭ੍ਰਿਸ਼ਟਾਚਾਰ, ਨਸ਼ਿਆਂ, ਗੁੰਡਾਗਰਦੀ ਅਤੇ ਸਿਆਸਤ ਵਿੱਚ ਭਾਈ ਭਤੀਜਾਵਾਦ ਲਈ ਜਾਣਿਆ ਜਾਂਦਾ ਹੈ। ਹੁਣ ਤੱਕ ਦੀਆਂ ਸਰਕਾਰਾਂ ਵੱਲੋਂ ਸ਼ੁਰੂ ਕੀਤੀਆਂ ਲੋਕ ਲੁਭਾਊ ਸਕੀਮਾਂ ਨੂੰ ਆਮ ਲੋਕਾਂ ਦੇ ਵਿਕਾਸ ਲਈ ਰੋੜਾ ਗਰਦਾਨਦਿਆਂ ਸ੍ਰੀ ਭਗਵੰਤ ਮਾਨ ਨੇ ਦਲੀਲ ਦਿੱਤੀ ਕਿ ਪੀਲੇ ਅਤੇ ਨੀਲੇ ਕਾਰਡ ਵਿਅਕਤੀ ਅੰਦਰ ਭਿਖਾਰੀਆਂ ਵਾਲੀ ਸੋਚ ਪੈਦਾ ਕਰਦੇ ਹਨ ਜਦੋਂਕਿ ੳੁਨ੍ਹਾਂ ਦੀ ਪਾਰਟੀ ਸੱਤਾ ਵਿੱਚ ਆਉਣ ਤੋਂ ਬਾਅਦ ਏਨੀਆਂ ਨੌਕਰੀਆਂ ਦੇਵੇਗੀ ਕਿ ਕਿਸੇ ਨੂੰ ਰਸੋਈ ਚਲਾਉਣ ਲਈ ਸਰਕਾਰ ਦਾ ਮੂੰਹ ਨਾ ਦੇਖਣਾ ਪਵੇ।  ਪਾਰਟੀ ਆਗੂਆਂ ਹਰਕੇਸ਼ ਸਿੱਧੂ, ਹਿੰਮਤ ਸਿੰਘ ਸ਼ੇਰਗਿੱਲ, ਸੰਦੀਪ ਸਿੰਘ ਧਾਲੀਵਾਲ ਅਤੇ ਸੰਜੇ ਸਿੰਘ ਨੇ ਵੀ ਸੰਬੋਧਨ ਕੀਤਾ।
ਖੱਬੇ ਪੱਖੀ ਪਾਰਟੀਆਂ ਦੀ ਸਾਂਝੀ ਕਾਨਫਰੰਸ ਸੀ.ਪੀ.ਐਮ. ਸਕੱਤਰ ਅਮਰਜੀਤ ਮੱਟੂ ਅਤੇ ਸੀ.ਪੀ.ਆਈ. ਸਕੱਤਰ ਕਰਤਾਰ ਸਿੰਘ ਬੁਆਨੀ ਦੀ ਪ੍ਰਧਾਨਗੀ ਹੇਠ ਹੋਈ। ਸੀ.ਪੀ.ਐਮ. ਦੇ ਕੇਂਦਰੀ ਕਮੇਟੀ ਮੈਂਬਰ ਵਿਜੇ ਮਿਸ਼ਰਾ, ਸਾਬਕਾ ਸੂਬਾ ਸਕੱਤਰ ਬੰਤ ਬਰਾੜ ਅਤੇ ਕਰਤਾਰ ਬੁਆਨੀ ਸਮੇਤ ਵੱਖ ਵੱਖ ਬੁਲਾਰਿਆਂ ਨੇ ਦੋਸ਼ ਲਾਇਆ ਕਿ ਹੁਣ ਤੱਕ ਦੀਆਂ ਸਰਕਾਰਾਂ ਆਮ ਅਤੇ ਗਰੀਬ ਵਿਅਕਤੀਆਂ ਦੇ ਹੱਕਾਂ ਦੀ ਰਾਖੀ ਕਰਨ ਵਿੱਚ ਫੇਲ੍ਹ ਰਹੀਆਂ ਹਨ।
ਇਸ ਦੌਰਾਨ ਸਾਬਕਾ ਵਿਧਾਇਕ ਤਰਸੇਮ ਸਿੰਘ ਜੋਧਾਂ ਨੇ ਦੋਸ਼ ਲਾਇਆ ਕਿ ਇੱਕ ਸਿਆਸੀ ਪਾਰਟੀ ਦੇ ਕਾਰਕੁਨਾਂ ਨੇ ਗੁੰਡਾਗਰਦੀ ਕਰਕੇ ਮੇਲਾ ਛਪਾਰ ਵਿਖੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਸਬੰਧੀ ਸਵਰਾਜ ਲਹਿਰ ਦੇ ਬੈਨਰ ਹੇਠ ਚੱਲ ਰਹੀ ਰੈਲੀ ਵਿੱਚ ਵਿਘਨ ਪਾਉਣ ਦੀ ਕੋਸ਼ਿਸ ਕੀਤੀ।

Facebook Comment
Project by : XtremeStudioz