Close
Menu

ਭੁੱਖ ਹੜਤਾਲ ’ਤੇ ਬੈਠੇ ਖਾਲਸਾ ਹਸਪਤਾਲ ਵਿੱਚ ਨਜ਼ਰਬੰਦ

-- 27 February,2015

ਲੁਧਿਆਣਾ, ਸਜ਼ਾ ਭੁਗਤ ਚੁੱਕੇ ਸਿੱਖ ਬੰਦੀਆਂ ਦੀ ਰਿਹਾਈ ਲਈ 16 ਜਨਵਰੀ ਤੋਂ ਭੁੱਖ ਹੜਤਾਲ ’ਤੇ ਬੈਠੇ ਬਾਪੂ ਸੂਰਤ ਸਿੰਘ ਖਾਲਸਾ ਨੂੰ  ਲੁਧਿਆਣਾ ਪੁਲੀਸ ਅਤੇ ਪ੍ਰਸ਼ਾਸਨ ਨੇ ਸਿਵਲ ਹਸਪਤਾਲ ਵਿੱਚ ਨਜ਼ਰਬੰਦ ਕਰ ਦਿੱਤਾ। ਨਾਲ ਹੀ ਉਨ੍ਹਾਂ ਖਾਲਸਾ ਦੇ ਪੁੱਤਰ ਰਵਿੰਦਰਪਾਲ ਸਿੰਘ ਅਤੇ ਹੋਰ ਸਮਰਥਕਾਂ ਵਿਰੁੱਧ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਇਸ ਕਾਰਵਾਈ ਲਈ 100 ਤੋਂ ਵੱਧ ਪੁਲੀਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਸੀ। ਡੀਸੀਪੀ ਨਵੀਨ ਸਿੰਗਲਾ ਅਤੇ ਐਸਡੀਐਮ ਅਜੈ ਸੂਦ ਸਮੇਤ ਕੲੀ ਪੁਲੀਸ ਅਧਿਕਾਰੀ ਮੌਕੇ ’ਤੇ ਤਾਇਨਾਤ ਸਨ। ਇਸ ਮਾਮਲੇ ਵਿੱਚ ਪੁਲੀਸ ਨੇ ਰਵਿੰਦਰਪਾਲ ਅਤੇ ਹੋਰ ਸਮਰਥਕਾਂ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਵੀ ਕੀਤੀ ਹੈ, ਜੋ ਖਾਲਸਾ ਨਾਲ ਭੁੱਖ ਹੜਤਾਲ ’ਤੇ ਬੈਠੇ ਸਨ।
ਦਰਅਸਲ 42 ਦਿਨ ਤੋਂ ਭੁੱਖ ਹੜਤਾਲ ’ਤੇ ਬੈਠੇ ਖਾਲਸਾ ਦੀ ਤਬੀਅਤ ਖ਼ਰਾਬ ਹੋਣ ਤੋਂ ਬਾਅਦ ਪੁਲੀਸ ਨੇ 10 ਦਿਨ ਪਹਿਲਾਂ ਉਨ੍ਹਾਂ ਨੂੰ ਜ਼ਬਰਦਸਤੀ ਚੁੱਕ ਕੇ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਸੀ। ਜਿੱਥੇ ਉਨ੍ਹਾਂ ਨੇ ਸਜ਼ਾ ਭੁਗਤ ਚੁੱਕੇ ਸਿੱਖ ਬੰਦੀਆਂ ਦੀ ਰਿਹਾਈ ਤੱਕ ਕਿਸੇ ਵੀ ਕਿਸਮ ਦਾ ਇਲਾਜ ਕਰਾਉਣ ਤੋਂ ਇਨਕਾਰ ਕੀਤਾ ਹੋਇਆ ਹੈ। ਇਸ ’ਤੇ ਉਨ੍ਹਾਂ ਦੇ ਐਨਆਰਆਈ ਪੁੱਤਰ ਰਵਿੰਦਰਪਾਲ ਸਿੰਘ ਅਤੇ ਹੋਰ ਸਮਰਥਕਾਂ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ। ਅੱਜ ਚੰਡੀਗੜ੍ਹ ਵਿੱਚ ਡੀ.ਜੀ.ਪੀ. ਦੀ ਪ੍ਰੈੱਸ ਕਾਨਰਫੰਸ ਤੋਂ ਬਾਅਦ ਸਿਵਲ ਹਸਪਤਾਲ ਵਿੱਚ ਭਾਰੀ ਗਿਣਤੀ ਵਿੱਚ ਪੁਲੀਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਗਏ। ਇਸ ਦੌਰਾਨ ਪੁਲੀਸ ਨੇ ਕਿਸੇ ਨੂੰ ਵੀ ਹਸਪਤਾਲ ਵਿੱਚ ਖਾਲਸਾ ਨੂੰ ਮਿਲਣ ਨਹੀਂ ਦਿੱਤੀ। ਉਨ੍ਹਾਂ ਦੀ ਧੀ ਨੇ ਵੀ ਦੋਸ਼ ਲਾਏ ਕਿ ਉਸ ਨੂੰ ਵੀ ਮਿਲਣ ਨਹੀਂ ਦਿੱਤਾ ਗਿਆ। ਫਿਲਹਾਲ ਰਾਤ 8.45 ਵਜੇ ਤੱਕ ਸਿਵਲ ਹਸਪਤਾਲ ਵਿੱਚ 50 ਤੋਂ ਵੱਧ ਪੁਲੀਸ ਕਰਮੀ ਤਾਇਨਾਤ ਕੀਤੇ ਗਏ ਸਨ ਪਰ ਪੁਲੀਸ ਵਾਲੇ ਕੁੱਝ ਵੀ ਦੱਸਣ ਲਈ ਤਿਆਰ ਨਹੀਂ ਸਨ।

Facebook Comment
Project by : XtremeStudioz