Close
Menu

ਭੂਆ

-- 27 November,2013

115ਪਾਕਿਸਤਾਨ ਦੇ ਪਿੰਡ ਨਾਰੋਵਾਲ ’ਚ ਵੰਡ ਤੋਂ ਤੇਈ ਸਾਲ ਪਹਿਲਾਂ ਜੰਮੀ ਸੀ ਭੂਆ। ਉਦੋਂ ਉਹ ਭੂਆ ਨਹੀਂ ਸੀ, ਸਿਰਫ਼ ਬਲਵੰਤ ਕੌਰ ਉਰਫ਼ ਬੰਤੋ ਸੀ। ਜੁਆਨ ਹੋਈ ਦਾ ਵਿਆਹ ਵੀ ਉੱਥੇ ਹੀ ਹੋਇਆ ਤੇ ਹੌਲੀ-ਹੌਲੀ ਪਰਿਵਾਰ ਵਧਦਿਆਂ ਕਈ ਅੰਗਲੀਆਂ-ਸੰਗਲੀਆਂ ਬਣ ਗਈਆਂ। ਬੰਤੋ ਤੋਂ ਬਾਅਦ ਉਹਦੇ ਤਿੰਨ ਹੋਰ ਭਰਾਵਾਂ ਨੇ ਵੀ ਜਨਮ ਲਿਆ ਤੇ ਸਮਾਂ ਪਾ ਕੇ ਉਹ ਵੀ ਵਿਆਹੇ ਗਏ।
ਦੇਸ਼ ਵੰਡ ਤੋਂ ਬਾਅਦ ਬੰਤੋ ਤੇ ਉਹਦੇ ਸਾਰੇ ਰਿਸ਼ਤੇਦਾਰਾਂ ਨੂੰ ਵੀ ਇਧਰ ਆਉਣਾ ਪਿਆ ਪਰ ਇਸ ਤਬਾਦਲੇ ’ਚ ਬੰਤੋ ਤੇ ਉਹਦੇ ਦੋ ਭਤੀਜੇ ਹੀ ਇਧਰ ਪੁੱਜ ਸਕੇ। ਬਾਕੀ ਸਾਰੇ ਜੀਅ ਵੰਡ ਦੀ ਭੇਟ ਚੜ੍ਹ ਗਏ।
ਬੰਤੋ ਕਈ ਸਾਲ ਆਪਣੇ ਮਾਪਿਆਂ ਤੇ ਭਰਾਵਾਂ ਨੂੰ ਹਟਕੋਰੇ ਲੈ-ਲੈ ਯਾਦ ਕਰਦੀ ਰਹੀ ਪਰ ਮੌਤ ਦੇ ਘਰੋਂ ਕੌਣ ਵਾਪਸ ਮੁੜਦਾ ਹੈ? ਲੋਕ ਬੰਤੋ ਨੂੰ ਧਰਵਾਸ ਦੇਣ ਲਈ ਕਹਿੰਦੇ ਪਰ ‘ਜਿਸ ਤਨ ਲੱਗੇ ਸੋ ਤਨ ਜਾਣੇ।’ ਫਿਰ ਵੀ ਸਮਾਂ ਬੜਾ ਬਲਵਾਨ ਹੈ। ਦੇਰ ਸਵੇਰ ਸਭ ਠੀਕ ਕਰ ਦਿੰਦਾ ਹੈ। ਕਿਸੇ ਨਾ ਕਿਸੇ ਹੱਦ ਤਕ ਖਾਲੀ ਥਾਵਾਂ ਭਰ ਦਿੰਦਾ ਹੈ।
ਬਾਰੋਂ ਆਉਣ ਕਰਕੇ ਤਬਾਦਲੇ ’ਚ ਬੰਤੋ ਨੂੰ ਇਧਰ ਪੱਚੀ ਖੇਤ ਜ਼ਮੀਨ ਦੇ ਮਿਲੇ ਸਨ। ਨਾਰੋਵਾਲ ’ਚ ਉਹਦੇ ਮਾਪਿਆਂ ਦੇ ਕਰੀਬ ਪੰਜਾਹ ਕੁ ਖੇਤ ਜ਼ਮੀਨ ਦੇ ਸਨ ਜਿਹੜੇ ਉਨ੍ਹਾਂ ਨੂੰ ਹੋਰ ਸਭ ਕੁਝ ਦੇ ਨਾਲ ਹੀ ਛੱਡ ਕੇ ਆਉਣੇ ਪਏ ਸਨ। ਇਧਰ ਸਰਕਾਰ ਨੇ ਇੱਕ ਭਲਾ ਜ਼ਰੂਰ ਕਰ ਦਿੱਤਾ ਸੀ ਕਿ ਇਧਰ ਜਿਹੜੀ ਜ਼ਮੀਨ ਦਿੱਤੀ ਉਹ ਸਾਰੀ ਇੱਕ ਟੱਕ ਸੀ। ਸ਼ਹਿਰ ਦੇ ਨਾਲ ਲੱਗਦੀ ਸੀ। ਘਰ ਬੰਤੋ ਨੂੰ ਸ਼ਹਿਰ ’ਚ ਮਿਲ ਗਿਆ ਸੀ। ਸਮਾਂ ਪਾ ਕੇ ਉਹਨੇ ਖੇਤਾਂ ’ਚ ਹੀ ਘਰ ਬਣਾ ਲਿਆ ਤੇ ਸ਼ਹਿਰ ਵਾਲਾ ਘਰ ਕਿਰਾਏ ’ਤੇ ਦੇ ਦਿੱਤਾ।
ਆਪਣੇ ਭਤੀਜਿਆਂ ਨੂੰ ਬੰਤੋ ਨੇ ਸਕੇ ਪੁੱਤਾਂ ਵਾਂਗੂੰ ਰੱਖਿਆ ਸੀ। ਉਨ੍ਹਾਂ ਤੋਂ ਇਲਾਵਾ ਉਹਦਾ ਹੋਰ ਸੀ ਵੀ ਕੌਣ, ਭਾਵ ਬਚਿਆ ਵੀ ਹੋਰ ਕੋਈ ਨਹੀਂ ਸੀ। ਉਹਦਾ ਪਤੀ ਤੇ ਆਪਣੇ ਬੱਚੇ ਵੀ ਵੰਡ ਦਾ ਖਾਜਾ ਬਣ ਗਏ ਸਨ।
ਬੰਤੋ ਦੇ ਦੋਵਾਂ ਭਤੀਜਿਆਂ ਜਸਮੇਰ ਤੇ ਸੁਰਿੰਦਰ ਵਿਚਕਾਰ ਮਸਾਂ ਤਿੰਨਾਂ ਕੁ ਸਾਲਾਂ ਦਾ ਫ਼ਰਕ ਸੀ। ਇਸ ਵਕਤ ਦੋਵੇਂ ਭਰ ਜਵਾਨੀ ’ਚ ਸਨ। ਰੰਗ ਤਾਂ ਭਾਵੇਂ ਬਹੁਤਾ ਗੋਰਾ ਨਹੀਂ ਸੀ ਪਰ ਨੈਣ-ਨਕਸ਼ ਸੋਹਣੇ ਸਨ। ਉਨ੍ਹਾਂ ਦੀ ਭੂਆ ਦੀ ਜ਼ਮੀਨ ਵਾਹਵਾ ਹੋਣ ਕਰਕੇ ਆਉਣ ਵਾਲੇ ਰਿਸ਼ਤਿਆਂ ਦੀ ਕੋਈ ਘਾਟ ਨਹੀਂ ਸੀ। ਉਨ੍ਹਾਂ ਦੀ ਭੂਆ ਨੇ ਕਈਆਂ ਨੂੰ ਟੋਹ-ਟਣਕਾ ਕੇ ਦੇਖਿਆ ਸੀ ਪਰ ਅਜੇ ਉਸ ਦੀ ਕਸੌਟੀ ’ਤੇ ਕੋਈ ਪੂਰਾ ਨਹੀਂ ਸੀ ਉਤਰਿਆ। ਭੂਆ ਜਾਣਦੀ ਸੀ ਕਿ ਬਹੁਤਿਆਂ ਦੀ ਅੱਖ ਉਹਦੀ ਜ਼ਮੀਨ ’ਤੇ ਹੀ ਹੈ।
ਭੂਆ ਨੂੰ ਇਸ ਗੱਲ ਦੀ ਭਲੀ-ਭਾਂਤ ਸਮਝ ਸੀ ਕਿ ਕਈ ਬੰਦੇ ਅੰਦਰਲੀ ਭੁੱਖ ਬਾਹਰ ਬਹੁਤ ਛੇਤੀ ਖਲ਼ਾਰ ਦਿੰਦੇ ਹਨ ਕਿਉਂਕਿ ਨਿੱਕੀ ਉਮਰੇ ਕਈ ਤਰ੍ਹਾਂ ਦੀਆਂ ਕਮੀਆਂ ਕਾਰਨ ਉਨ੍ਹਾਂ ਦੀ ਨੀਅਤ ਭਰੀ ਨਹੀਂ ਹੁੰਦੀ।¨ਫਿਰ ਅਜਿਹੇ ਲੋਕ ਸਹਿਜੇ-ਸਹਿਜੇ ਸੁਆਰਥੀ ਜਿਹੇ ਬਣ ਜਾਂਦੇ ਹਨ। ਫਿਰ ਨਾ ਉਹ ਆਪਣਿਆਂ ਨੂੰ ਬਖ਼ਸ਼ਦੇ ਹਨ ਤੇ ਨਾ ਬਿਗਾਨਿਆਂ ਨੂੰ। ਸਭ ਕੁਝ ਹੁੰਦਿਆਂ-ਸੁੰਦਿਆਂ ਵੀ ਉਨ੍ਹਾਂ ਨੂੰ ਰੱਜ ਨਹੀਂ ਆਉਂਦਾ ਕਿਉਂਕਿ ਢਿੱਡ ਦੇ ਭੁੱਖੇ ਤਾਂ ਰੱਜ ਜਾਂਦੇ ਹਨ ਪਰ ਨੀਅਤ ਦੇ ਭੁੱਖੇ ਨਹੀਂ ਰੱਜਦੇ। ਵੈਸੇ ਵੀ ਅਜਿਹੇ ਬੰਦੇ ਸਮਾਂ ਪਾ ਕੇ ਗ਼ਰੀਬੀ ’ਚੋਂ ਤਾਂ ਨਿਕਲ ਜਾਂਦੇ ਹਨ ਪਰ ਬਹੁਤੀ ਵਾਰ ਗ਼ਰੀਬੀ ਇਨ੍ਹਾਂ ’ਚੋਂ ਨਹੀਂ ਨਿਕਲਦੀ।
ਭੂਆ ਐਸੇ ਬੰਦਿਆਂ ਤੋਂ ਅਕਸਰ ਖ਼ਬਰਦਾਰ ਰਹਿੰਦੀ ਸੀ। ਚੁੰਬਕ ਵਾਂਗੂ ਲੋਹੇ ਦੀ ਪਰਖ ਉਹਨੂੰ ਝੱਟ ਹੋ ਜਾਂਦੀ ਸੀ। ਬਹੁਤ ਦੇਖਣ-ਪਰਖਣ ਤੋਂ ਬਾਅਦ ਭੂਆ ਨੇ ਆਪਣੇ ਵੱਡੇ ਭਤੀਜੇ ਜਸਮੇਰ ਉਰਫ਼ ਜੱਸੀ ਦਾ ਰਿਸ਼ਤਾ ਕੈਨੇਡਿਓਂ ਆਏ ਇੱਕ ਪਰਿਵਾਰ ’ਚ ਕਰ ਦਿੱਤਾ। ਇਹ ਸੋਚ ਕੇ ਕਿ ਜਿਸ ਨੇ ਇਧਰ ਰਹਿਣਾ ਹੀ ਨਹੀਂ ਉਸ ਨੂੰ ਜ਼ਮੀਨ ਦਾ ਕੀ ਲਾਲਚ।
ਅਜਿਹੇ ਖ਼ਿਆਲਾਂ ਨੂੰ ਮੁੱਖ ਰੱਖ ਕੇ ਭੂਆ ਨੇ ਜੱਸੀ ਦਾ ਵਿਆਹ ਕਰ ਦਿੱਤਾ ਤੇ ਅੱਠਾਂ-ਦਸਾਂ ਮਹੀਨਿਆਂ ’ਚ ਹੀ ਉਹ ਕੈਨੇਡਾ ਜਾ ਪੁੱਜਾ। ਉੱਥੇ ਪੁੱਜਣ ਤੋਂ ਸਾਲ ਕੁ ਦੇ ਵਿੱਚ ਹੀ ਉਹਦਾ ਕੈਨੇਡਾ ਦੇਖਣ ਦਾ ਚਾਅ ਵੀ ਮੱਠਾ ਪੈ ਗਿਆ ਜਦੋਂ ਉੱਥੇ ਜਾ ਕੇ ਫਾਰਮਾਂ ’ਚ ਆਲੂ ਪੁੱਟਣੇ ਪਏ, ਬੇਰੀਆਂ ਤੋਂ ਬੇਰ ਤੋੜਨੇ ਪਏ, ਲੱਕੜ ਦੇ ਮਕਾਨਾਂ ਨੂੰ ਪੇਂਟ ਕਰਨੇ ਪਏ, ਅਖ਼ਬਾਰਾਂ ਘਰਾਂ ’ਚ ਸੁੱਟਣੀਆਂ ਪਈਆਂ ਤੇ ਫੈਕਟਰੀਆਂ ’ਚ ਫੱਟੇ ਖਿੱਚਣੇ ਪਏ। ਜੱਸੀ ਨੂੰ ਔਖੇ ਵੇਲੇ ਉੱਥੇ ਭੂਆ ਯਾਦ ਆਉਣ ਲੱਗੀ। ਇੱਥੇ ਪੱਚੀਆਂ ਖੇਤਾਂ ਦੇ ਮਾਲਕ ਉੱਥੇ ਮਜ਼ਦੂਰੀ ਕਰਦੇ। ਜੱਸੀ ਦੀਆਂ ਆਪਣੀ ਭੂਆ ਨੂੰ ਲੰਮੀਆਂ-ਲੰਮੀਆਂ ਚਿੱਠੀਆਂ ਆਉਣ ਲੱਗੀਆਂ ਜਿਨ੍ਹਾਂ ਦਾ ਨਿਚੋੜ ਇਹੀ ਹੁੰਦਾ ਕਿ ਉਸ ਦਾ ਕੈਨੇਡਾ ਵਿੱਚ ਚਿੱਤ ਨਹੀਂ ਲੱਗਦਾ ਤੇ ਉਹ ਵਾਪਸ ਇੰਡੀਆ ਆਉਣਾ ਚਾਹੁੰਦਾ ਹੈ।
ਭੂਆ ਨੇ ਉਹਨੂੰ ਵਾਪਸ ਆਉਣ ਤੋਂ ਮਨ੍ਹਾਂ ਕਰ ਦਿੱਤਾ ਤੇ ਖ਼ੁਦ ਕੈਨੇਡਾ ਪਹੁੰਚ ਕੇ ਉਹਦੀ ਮਦਦ ਕਰਨ ਦੀ ਗੱਲ ਕਹੀ। ਜੱਸੀ ਨੂੰ ਕੁਝ ਰਾਹਤ ਮਹਿਸੂਸ ਹੋਈ ਕਿਉਂਕਿ ਉਹਨੇ ਲਗਪਗ ਹਰ ਚਿੱਠੀ ਵਿੱਚ ਲਿਖਿਆ ਸੀ ਕਿ ਵਿਦੇਸ਼ਾਂ ’ਚ ਚਾਹੇ ਮੁੰਡਾ ਵਿਆਹ ਦਿਓ ਤੇ ਚਾਹੇ ਕੁੜੀ, ਉਹਨੇ ਬਿਗਾਨਿਆਂ ਦਾ ਗੁਲਾਮ ਹੀ ਬਣਨਾ ਹੁੰਦਾ ਹੈ। ਓਪਰੀ ਨਜ਼ਰੇ ਇਹ ਗੱਲ ਕਿਸੇ ਨੂੰ ਮਾੜੀ ਵੀ ਲੱਗ ਸਕਦੀ ਹੈ ਪਰ ਹੈ ਸੱਚ ਕਿਉਂਕਿ ਉੱਥੇ ਅਗਲੇ ਦੀ ਰਜ਼ਾ ’ਚ ਰਹਿ ਕੇ ਦਿਨ ਕੱਟੇ ਜਾ ਸਕਦੇ ਹਨ, ਨਹੀਂ ਤਾਂ ਤੋੜ-ਵਿਛੋੜਾ ਵੱਟ ’ਤੇ ਪਿਆ ਹੀ ਹੁੰਦਾ ਹੈ। ਐਸੇ ਜੱਸੀ ਦੇ ਖ਼ਿਆਲ ਸਨ। ਸਮਾਂ ਪਾ ਕੇ ਜੱਸੀ ਵੱਲੋਂ ਸੱਦਣ ’ਤੇ ਭੂਆ ਦਾ ਕੈਨੇਡਾ ਦਾ ਵੀਜ਼ਾ ਲੱਗ ਗਿਆ।
ਭਾਰਤ ਛੱਡਣ ਤੋਂ ਪਹਿਲਾਂ ਭੂਆ ਨੇ ਆਪਣੇ ਦੂਜੇ ਭਤੀਜੇ ਸੁਰਿੰਦਰ ਉਰਫ਼ ਛਿੰਦੇ ਨੂੰ ਜ਼ਮੀਨ ਦੀ ਸਾਂਭ-ਸੰਭਾਲ ਦਾ ਕੰਮ ਸੌਂਪ ਦਿੱਤਾ ਤੇ ਆਪ ਜਹਾਜ਼ੇ ਚੜ੍ਹ ਗਈ। ਭੂਆ ਦੀ ਇਧਰ ਨੂੰ ਪਿੱਠ ਹੁੰਦਿਆਂ ਸਾਰ ਛਿੰਦੇ ਦੀ ‘ਆਜ਼ਾਦ ਤਬੀਅਤ’ ਹੋਰ ਆਜ਼ਾਦੀ ਫੜ ਗਈ। ਉਹ ਨਸ਼ਾ-ਪੱਤਾ ਕਰਨ ਲੱਗਿਆ ਤੇ ਸਿਰੇ ਦਾ ਵੈਲੀ ਬਣ ਗਿਆ। ਭੂਆ ਨੂੰ ਪੁੱਛੇ ਬਿਨਾਂ ਹੀ ਉਹਨੇ ਅੱਧੀ ਜ਼ਮੀਨ ਹਾਲੇ ’ਤੇ ਦੇ ਦਿੱਤੀ ਤੇ ਹਾਲਾ ਵੀ ਅਗਾਊਂ ਹੀ ਲੈ ਲਿਆ। ਅੱਧੀ ਜ਼ਮੀਨ ’ਤੇ ਆਪ ਕੰਮੀਆਂ ਨੂੰ ਨਾਲ ਲਾ ਕੇ ਮਾੜਾ-ਮੋਟਾ ਥਈਆ ਥੱਪਾ ਕਰਦਾ ਰਿਹਾ। ਸ਼ਾਮੀਂ ਦਾਰੂ ਪੀਣੀ, ਮੁਰਗੇ ਖਾਣੇ ਤੇ ਹੋਰਨਾਂ ਨੂੰ ਖਿਲਾਉਣੇ। ਫ਼ਸਲੀ ਬਟੇਰਿਆਂ ਵਾਂਗੂ ‘ਮਿੱਤਰਾਂ’ ਨੇ ਛਿੰਦੇ ਰੂਪੀ ਫ਼ਸਲ ਦੁਆਲੇ ਝੁਰਮਟ ਜਿਹਾ ਪਾ ਲਿਆ।
ਜਦੋਂ ਹਾਲੇ ਦੇ ਅਗਾਊਂ ਲਏ ਪੈਸੇ ਖਤਮ ਹੋਏ ਤਾਂ ਛਿੰਦੇ ਨੇ ਆਪਣੀ ਭੂਆ ਨੂੰ ਚਿੱਠੀ ਲਿਖੀ ਕਿ ਉਸ ਕੋਲ ਖ਼ਰਚਾ ਖਤਮ ਹੋ ਗਿਆ ਹੈ, ਪੈਸੇ ਭੇਜੇ ਜਾਣ। ਭੂਆ ਨੂੰ ਪੜ੍ਹ ਕੇ ਹੈਰਾਨੀ ਤਾਂ ਹੋਈ ਪਰ ਫਿਰ ਵੀ ਉਸ ਨੇ ਕੁਝ ਪੈਸੇ ਛਿੰਦੇ ਨੂੰ ਭੇਜ ਦਿੱਤੇ। ਦੋ-ਚਾਰ ਮਹੀਨੇ ਲੰਘਣ ਉਪਰੰਤ ਛਿੰਦੇ ਵੱਲੋਂ ਇੱਕ ਹੋਰ ਚਿੱਠੀ ਭੂਆ ਨੂੰ ਗਈ। ਇਸ ਵਾਰ ਭੂਆ ਨੇ ਕੋਈ ਪੈਸਾ ਨਾ ਭੇਜਿਆ ਤੇ ਹਫ਼ਤੇ ਕੁ ਦੇ ਅੰਦਰ ਆਪ ਹੀ ਵਤਨ ਪਰਤ ਆਈ। ਸ਼ਾਇਦ ਇਹ ਦੇਖਣ ਲਈ ਕਿ ਅਸਲ ਵਿੱਚ ਕੀ ਗੱਲ ਹੈ।
ਸ਼ਾਮ ਦਾ ਵੇਲਾ ਸੀ। ਬਾਹਰਲੇ ਵਰਾਂਡੇ ’ਚ ਛਿੰਦਾ ਤੇ ਉਹਦੀ ਮਿੱਤਰ-ਮੰਡਲੀ ਦਾਰੂ ਦਾ ਦੌਰ ਚਲਾ ਰਹੀ ਸੀ। ਚਸਖੇ ਲੈ ਲੈ ਗੱਲਾਂ ਕਰਦਿਆਂ ਉੱਚੀ ਉੱਚੀ ਹੱਸ ਰਹੀ ਸੀ। ਅਚਾਨਕ ਵਿੱਚੋਂ ਇੱਕ ਬੋਲਿਆ, ‘‘ਓਏ ਛਿੰਦਿਆ! ਆਪਣੀ ਭੂਆ ਨੂੰ ਵੀ ਪਤਾ ਪਈ ਆਪਾਂ ਰੋਜ਼ ਕੀ ਕਰਦੇ ਆਂ?’’ ਪੁੱਛਣ ਵਾਲੇ ਨੇ ਇਸ ਅੰਦਾਜ਼ ’ਚ ਪੁੱਛਿਆ ਜਿਵੇਂ ਭੂਆ ’ਕੱਲੇ ਛਿੰਦੇ ਦੀ ਨਾ ਹੋ ਕੇ ਜਗਤ ਭੂਆ ਹੋਵੇ। ਅੱਗੋਂ ਛਿੰਦਾ ਛਾਤੀ ਫੁਲਾ ਕੇ ਕਹਿਣ ਲੱਗਾ, ‘‘ਓਏ ਜੈਲਿਆ! ਆਪਾਂ ਭੂਆ ਨੂੰ ਕੀ ਮੰਨਦੇ ਆਂ, ਓਏ ਅਸੀਂ ਪੱਚੀਆਂ ਖੇਤਾਂ ਦੇ ਮਾਲਕ, ਭੂਆ ਕੌਣ ਹੁੰਦੀ ਆ ਸਾਡੇ ਰੰਗ ’ਚ ਭੰਗ ਪਾਉਣ ਵਾਲੀ? ਸਾਨੂੰ ਭੂਆ ਨੂੰ ਦੱਸਣ ਦੀ ਕੀ ਲੋੜ ਪਈ ਅਸੀਂ ਕੀ ਕਰਦੇ ਆਂ?’’
‘‘ਅੱਛਾ! ਤੂੰ ਆਂਹਦਾ ਸੀ ਭੂਆ ਨੂੰ ਹੋਰ ਪੈਸੇ ਭੇਜਣ ਲਈ ਚਿੱਠੀ ਪਾਈ ਆ। ਉਹਦਾ ਕੀ ਜਵਾਬ ਆਇਆ?’’ ਪੁੱਛਣ ਵਾਲੇ ਨੇ ਅਗਲਾ ਸਵਾਲ ਕੀਤਾ। ‘‘ਓਏ ਕਮਲਿਆ! ਭੂਆ ਦੀ ਕੀ ਮਜਾਲ ਆ ਕਿ ਉਹ ਭਤੀਜੇ ਨੂੰ ਪੈਸਿਆਂ ਤੋਂ ਨਾਂਹ ਕਰ ਦੇਵੇ। ਹੁਣ ਨਈਂ ਭੇਜੇ ਤਾਂ ਹੋਰ ਚਹੁੰ ਦਿਨਾਂ ਨੂੰ ਭੇਜ ਦਊ, ਭੇਜਣੇ ਤਾਂ ਪੈਣਗੇ ਹੀ। ਨਾਲੇ ਬਾਹਰਲੇ ਬੰਦੇ ਤਾਂ ਪੈਸੇ ਕਮਾਉਂਦੇ ਹੀ ਹੁੰਦੇ ਨੇ, ਐਸ਼ ਤਾਂ ਏਧਰਲੇ ਈ ਕਰਦੇ ਆ ਜੈਲ ਸਿਆਂ…’’ ਛਿੰਦੇ ਨੇ ਗੱਲ ਦਾ ਨਿਚੋੜ ਜਿਹਾ ਕੱਢਿਆ ਤਾਂ ਸਾਰੇ ਜਣੇ ਉਹਦੇ ਨਾਲ ਹੀ-ਹੀ, ਹਾ-ਹਾ ਕਰ ਕੇ ਜ਼ੋਰ ਦੀ ਹੱਸਣ ਲੱਗ ਪਏ।
ਇੰਨੇ ਨੂੰ ਭੂਆ ਘਰ ਅੰਦਰ ਆ ਵੜੀ। ਉਹਨੇ ਬਾਹਰ ਖੜ੍ਹੀ ਨੇ ਛਿੰਦੇ ਤੇ ਉਹਦੇ ਮਿੱਤਰਾਂ ਦੀਆਂ ਲਗਪਗ ਸਾਰੀਆਂ ਗੱਲਾਂ ਸੁਣ ਲਈਆਂ ਸਨ। ਉਹਨੂੰ ਸਭ ਕੁਝ ਸੁਣ ਕੇ ਅੰਤਾਂ ਦਾ ਦੁੱਖ ਹੋਇਆ ਪਰ ਫਿਰ ਵੀ ਉਹਨੇ ਭਰੇ ਮਨ ਨਾਲ ਛਿੰਦੇ ਦਾ ਕੰਬਦਾ ਹੱਥ ਮੱਥਾ ਟੇਕਣ ਦੇ ਰੂਪ ਵਿੱਚ ਸਵੀਕਾਰ ਕਰਦਿਆਂ, ਉਹਨੂੰ ਉਹਦੇ ਸਿਰ ’ਤੇ ਹੱਥ ਰੱਖ ਕੇ ਪਿਆਰ ਦਿੱਤਾ।
ਭੂਆ ਦੇ ਘਰ ਵੜਦਿਆਂ ਹੀ ਵੈਲੀਆਂ ਦੀ ਮੰਡਲੀ ’ਚ ਮਾਤਮ ਜਿਹਾ ਛਾ ਗਿਆ ਸੀ। ਸਹਿਜੇ ਸਹਿਜੇ ਸਭ ‘ਬਟੇਰੇ’ ਫੁਰਨ ਹੋ ਗਏ। ਹੁਣ ਘਰ ’ਚ ’ਕੱਲਾ ਛਿੰਦਾ ਹੀ ਸੀ।
ਛਿੰਦੇ ਨੇ ਸੰਨ੍ਹ ’ਤੇ ਫੜੇ ਗਏ ਚੋਰ ਜਿਹੀ ਅਵਸਥਾ ’ਚ ਭੂਆ ਨੂੰ ਡਰਦਿਆਂ ਡਰਦਿਆਂ ਪੁੱਛਿਆ, ‘‘ਤੈਂ ਆਉਣ ਲੱਗੀ ਨੇ ਦੱਸਿਆ ਵੀ ਨਾ। ਦੱਸਦੀ ਤਾਂ ਮੈਂ ਤੈਨੂੰ ਦਿੱਲੀਓਂ ਆਪ ਜਾ ਕੇ ਲੈ ਆਉਂਦਾ। ਆਖਰ ਅਸੀਂ ਤੇਰੇ ਕਿਸ ਕੰਮ ਆਉਣਾ?’’ ਅੰਤਿਮ ਸਤਰ ਛਿੰਦਾ ਸ਼ਰਾਬ ’ਚੋਂ ਪੈਦਾ ਹੋਈ ਦਲੇਰੀ ਸਦਕਾ ਹੀ ਕਹਿ ਗਿਆ ਸੀ ਵਰਨਾ ਭੂਆ ਸਾਹਮਣੇ ਉਹਦਾ ਇੰਨਾ ਹੌਸਲਾ ਕਿੱਥੋਂ।
‘‘ਕੋਈ ਨਾ ਪੁੱਤ’’ ਭੂਆ ਬਸ ਇੰਨਾ ਕਹਿ ਕੇ ਆਪੇ ਹੀ ਮੰਜੇ ’ਤੇ ਬੈਠ ਗਈ। ਭੂਆ ਕਈ ਦਿਨ ਭਤੀਜੇ ਦੇ ਭਵਿੱਖ ਬਾਰੇ ਸੋਚਦੀ ਰਹੀ ਪਰ ਨੇੜ ਭਵਿੱਖ ਵਿੱਚ ਸੁਧਾਰ ਦੀ ਆਸ ਦੀ ਕੋਈ ਤੰਦ-ਤਾਣੀ ਨਜ਼ਰ ਨਾ ਆਈ।
ਕੁਝ ਦਿਨਾਂ ਪਿੱਛੋਂ ਜਿਨ੍ਹਾਂ ਸ਼ਾਹੂਕਾਰਾਂ ਤੋਂ ਛਿੰਦੇ ਨੇ ਥੋੜ੍ਹਾ ਬਹੁਤ ਕਰਜ਼ਾ ਲਿਆ ਹੋਇਆ ਸੀ, ਉਹ ਵੀ ਭੂਆ ਆਈ ਦਾ ਪਤਾ ਲੱਗਣ ’ਤੇ ਆਉਣੇ ਸ਼ੁਰੂ ਹੋ ਗਏ। ਭੂਆ ਦੇ ਦਿਲ ਨੂੰ ਇਹ ਜਾਣ ਕੇ ਹੋਰ ਵੀ ਜ਼ਿਆਦਾ ਚੋਟ ਪਹੁੰਚੀ ਕਿ ਉਹਦਾ ਭਤੀਜਾ ਕਰਜ਼ਾਈ ਵੀ ਹੈ। ਬਹੁਤ ਹੀ ਚਿੰਤਾਗ੍ਰਸਤ ਭੂਆ ਨੂੰ ਦਿਲ ਦਾ ਦੌਰਾ ਪਿਆ ਪਰ ਬਚਾਅ ਹੋ ਗਿਆ। ਭੂਆ ਦੇ ਘਰ ’ਚ ਹੁੰਦਿਆਂ ਵੀ ਆਦਤ ਤੋਂ ਮਜਬੂਰ ਛਿੰਦਾ ’ਫੀਮ ਖਾਂਦਾ ਰਿਹਾ ਤੇ ਵੇਲੇ-ਕੁਵੇਲੇ ਸ਼ਰਾਬ ਵੀ ਪੀਂਦਾ ਰਿਹਾ।
ਆਂਢ-ਗੁਆਂਢ ਨੇ ਵੀ ਭੂਆ ਕੋਲ ਆ ਬਹਿਣਾ ਤੇ ਛਿੰਦੇ ਨੂੰ ਵੀ ਸਮਝਾਉਣਾ ਪਰ ਪਾਣੀ ਨੇ ਪੱਥਰ ਦਾ ਕੀ ਵਿਗਾੜ ਲੈਣਾ ਸੀ। ਲਾਗਲੀ ਕਿਸੇ ਜ਼ਨਾਨੀ ਨੇ ਭੂਆ ਤੋਂ ਕੈਨੇਡਾ ਵਾਪਸੀ ਬਾਰੇ ਪੁੱਛਣਾ ਤਾਂ ਭੂਆ ਨੇ ਰਟਿਆ-ਰਟਾਇਆ ਇੱਕੋ ਉੱਤਰ ਦੇਣਾ, ‘‘ਬੱਸ, ਛੇਤੀ ਹੀ…’’ ਤੇ ਗੱਲ ਅੱਗੇ ਸ਼ੁਰੂ ਕਰ ਦੇਣੀ, ‘‘ਮੇਰੀ ਤਾਂ ਜ਼ਿੰਦਗੀ ’ਚ ਬੜਾ ਲੰਮਾ ਸਫ਼ਰ ਐ… ਜੰਮੀ ਪਾਕਿਸਤਾਨ ’ਚ ਪਲੀ ਪਾਕਿਸਤਾਨ ’ਚ ਤੇ ਵਿਆਹੀ ਪਾਕਿਸਤਾਨ ’ਚ… ਸਭ ਕੁਝ ਉੱਜੜਣ ਮਗਰੋਂ ਇਹ ਦੋ ਭਤੀਜੇ ਹੀ ਬਚੇ ਤੇ ਇਨ੍ਹਾਂ ਨੂੰ ਸਲਾਮਤ ਰੱਖਣ ਲਈ ਇੱਕ ਨੂੰ ਕੈਨੇਡਾ ਪਹੁੰਚਾਇਆ। ਉਹ ਤਾਂ ਪੁੱਜ ਗਿਆ ਪਰ ਉਹਨੂੰ ਉੱਥੇ ਸੈੱਟ ਕਰਨ ਲਈ ਮੈਨੂੰ ਉੱਥੇ ਵੀ ਜਾਣਾ ਪਿਆ ਤੇ ਇਧਰ ਇਹਨੂੰ ਸੈੱਟ ਕਰਨ ਲਈ ਵਾਪਸ ਏਧਰ ਨੂੰ ਆਉਣਾ ਪਿਆ। ਪਰ ਕੀ ਕਰਾਂ… ਏਹਦੇ ਸੁਧਾਰ ਦੀ ਮੈਨੂੰ ਕੋਈ ਆਸ ਨ੍ਹੀਂ ਦੀਂਹਦੀ…’’ ਗੱਲ ਕਰਦੀ-ਕਰਦੀ ਭੂਆ ਅੱਧੀਆਂ ਕੁ ਅੱਖਾਂ ਮੀਟ ਕੇ ਚੁੱਪ ਕਰ ਜਾਂਦੀ।
ਆਪਣੇ ਇਸ ਭਾਰਤ ਵਾਸ ਦੌਰਾਨ ਭੂਆ ਨੇ ਭਤੀਜੇ ਦੇ ਸਾਰੇ ਕਰਜ਼ੇ ਲਾਹ ਦਿੱਤੇ। ਅੱਜ ਉਹ ਵਾਪਸ ਕੈਨੇਡਾ ਪਰਤਣ ਲਈ ਭਤੀਜੇ ਨਾਲ ਗੱਡੀ ’ਚ ਬੈਠੀ ਦਿੱਲੀ ਏਅਰਪੋਰਟ ਨੂੰ ਜਾ ਰਹੀ ਸੀ। ਜਾਂਦੀ-ਜਾਂਦੀ ਭਤੀਜੇ ਨੂੰ ਮੱਤਾਂ ਵੀ ਦਿੰਦੀ ਜਾ ਰਹੀ ਸੀ, ‘‘ਦੇਖ ਪੁੱਤ! ਮੈਂ ਤੈਨੂੰ ਬਹੁਤ ਸਮਝਾ ਦਿੱਤਾ… ਹੁਣ ਫੇਰ ਕਹਿਨੀ ਆਂ… ਛੱਡਦੇ ਮਾੜੀਆਂ ਆਦਤਾਂ… ਵੇਲਾ ਮੁੜ ਕੇ ਹੱਥ ਨਈਂ ਆਉਂਦਾ… ਘੜੀ ਦਾ ਖੁੰਝਿਆ ਸੌ ਕੋਹਾਂ ’ਤੇ ਜਾ ਪੈਂਦੈ… ਤੁਹਾਡੀ ਇੱਕ ਤਰ੍ਹਾਂ ਨਾਲ ਚਾਰੇ ਚੱਕ ਜਗੀਰ ਐ… ਯਾਦ ਕਰੇਂਗਾ ਭੂਆ ਆਪਣੀ ਨੂੰ ਕਦੇ…।’’ ਪਰ ਛਿੰਦਾ ਅੱਗਿਓਂ ਕੁਝ ਨਾ ਬੋਲਦਾ, ਬਸ ਥੋੜ੍ਹਾ ਜਿਹਾ ਸਿਰ ਹੀ ਤਾਂਹ-ਠਾਂਹ ਹਿਲਾਉਂਦਾ।
ਏਅਰਪੋਰਟ ’ਤੇ ਪੁੱਜ ਕੇ ਛਿੰਦੇ ਨੇ ਰੇਹੜੀ ’ਤੇ ਅਟੈਚੀ ਰੱਖੇ ਤੇ ਭੂਆ ਦੇ ਮਗਰ-ਮਗਰ ਏਅਰਲਾਈਨ ਦੇ ਨੰਬਰ ਵਾਲੇ ਗੇਟ ਵੱਲ ਤੁਰ ਪਿਆ।
ਦੋ-ਚਾਰ ਕਦਮ ਅੱਗੇ ਜਾ ਕੇ ਹੀ ਭੂਆ ਇਕਦਮ ਪੈਰਾਂ ਭਾਰ ਬੈਠ ਗਈ। ਉਹਦੇ ਦਿਲ ’ਚ ਦਰਦ ਹੋਈ ਤੇ ਉਹ ਛਾਤੀ ਫੜੀ ਉੱਥੇ ਹੀ ਫਰਸ਼ ’ਤੇ ਲੰਮੀ ਪੈ ਗਈ। ਛਿੰਦੇ ਨੇ ਰੇਹੜੀ ਛੱਡ ਭੂਆ ਦੇ ਪੈਰ ਝੱਸਣੇ ਸ਼ੁਰੂ ਕਰ ਦਿੱਤੇ। ਹੋਰ ਯਾਤਰੀ ਵੀ ਆਲੇ-ਦੁਆਲੇ ’ਕੱਠੇ ਹੋ ਗਏ। ਪਲਾਂ-ਛਿਣਾਂ ’ਚ ਹੀ ਭੂਆ ਇਸ ਫਾਨੀ ਸੰਸਾਰ ਤੋਂ ਵਿਦਾ ਹੋ ਚੁੱਕੀ ਸੀ। ਭਤੀਜਾ ਧਾਹਾਂ ਮਾਰ-ਮਾਰ ਰੋ ਰਿਹਾ ਸੀ ਪਰ ਭੂਆ ਅਜਿਹੇ ਲੰਮੇ ਸਫ਼ਰ ਲਈ ਜਾ ਚੁੱਕੀ ਸੀ ਜਿੱਥੋਂ ਵਾਪਸੀ ਦੀ ਕੋਈ ਸੰਭਾਵਨਾ ਨਹੀਂ ਸੀ। ਦਿੱਲੀ ਤੋਂ ਭੂਆ ਦੀ ਲਾਸ਼ ਲਈ ਭਤੀਜਾ ਪਿੰਡ ਪਰਤ ਰਿਹਾ ਸੀ ਤਾਂ ਉਹਨੂੰ ਦਿੱਲੀਓਂ ਪਿੰਡ ਤਕ ਦਾ ਸਫ਼ਰ ਏਨਾ ਕੁ ਲੰਮਾ ਲੱਗ ਰਿਹਾ ਸੀ ਜਿਵੇਂ ਇਹ ਕਦੇ ਮੁੱਕਣਾ ਹੀ ਨਾ ਹੋਵੇ।

ਹਰਮੀਤ ਸਿੰਘ ਅਟਵਾਲ

Facebook Comment
Project by : XtremeStudioz