Close
Menu

ਭੂਮੀ ਗ੍ਰਹਿਣ ਆਰਡੀਨੈਂਸ ਕਿਸਾਨਾਂ ਨੂੰ ਧੱਕੇਗਾ ਖੁਦਕੁਸ਼ੀਆਂ ਦੇ ਰਾਹ: ਰਾਜੇਵਾਲ

-- 08 June,2015

ਚੰਡੀਗੜ੍ਹ, 8 ਜੂਨ
ਪੰਜਾਬ ਵਿੱਚ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਵਧ ਰਹੀਆਂ ਖੁਦਕੁਸ਼ੀਆਂ ਦਾ ਰੁਝਾਨ ਚਿੰਤਾ ਦਾ ਵਿਸ਼ਾ ਹੈ। ਆਏ ਦਿਨ ਦੋ-ਤਿੰਨ ਕਿਸਾਨ ਖੁਦਕੁਸ਼ੀ ਕਰ ਰਹੇ ਹਨ। ਸੂਬਾ ਬੌਧਿਕ ਕੰਗਾਲੀ ਅਤੇ ਕਿਰਦਾਰ ਵਿੱਚ ਗਿਰਾਵਟ ਦਾ ਸ਼ਿਕਾਰ ਹੋ ਗਿਆ ਹੈ। ਕਿਸਾਨਾਂ ਨੂੰ ਵੋਟ ਬੈਂਕ ਤੋਂ ਇਲਾਵਾ ਕੁਝ ਨਹੀਂ ਸਮਝਿਆ ਜਾ ਰਿਹਾ ਹੈ। ਇਹੀ ਕਾਰਨ ਹੈ ਕਿ ਤਮਾਮ ਵਿਰੋਧ ਦੇ ਬਾਵਜੂਦ ਸਰਕਾਰ ਕਿਸਾਨਾਂ ਦੀ ਜ਼ਮੀਨ ਖੋਹਣ ਲਈ ਭੂਮੀ ਗ੍ਰਹਿਣ ਆਰਡੀਨੈਂਸ ਲਗਾਤਾਰ ਜਾਰੀ ਕਰ ਰਹੀ ਹੈ ਜੋ ਖੁਦਕੁਸ਼ੀਆਂ ਦੇ ਰੁਝਾਨ ਨੂੰ ਵਧਾਏਗਾ ਪਰ  ਖੁਦਕੁਸ਼ੀਆਂ ਦੇ ਰੁਝਾਨ ਨੂੰ ਰੋਕਣ ਵਿੱਚ ਸਹਾਈ ਹੋ ਸਕਣ ਵਾਲਾ ਖੇਤੀ ਕਰਜ਼ਾ ਰਾਹਤ ਬਿਲ-2006 ਪੰਜਾਬ ਸਰਕਾਰ ਦੇ ਦਫ਼ਤਰਾਂ ਦੀ ਧੂੜ ਫੱਕ ਰਿਹਾ ਹੈ। ਇਹ ਵਿਚਾਰ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵੱਲੋਂ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਕਾਰਨ ਅਤੇ ਹੱਲ ਵਿਸ਼ੇ ’ਤੇ ਸਥਾਨਕ ਕਿਸਾਨ ਭਵਨ ਵਿੱਚ ਕਰਵਾਏ ਸੈਮੀਨਾਰ ਦੌਰਾਨ ਪ੍ਰਗਟਾਏ ਗੲੇ। ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦੀ ਪ੍ਰਧਾਨਗੀ ਵਿੱਚ ਹੋਏ ਸੈਮੀਨਾਰ ਵਿੱਚ ਅਰਥਸ਼ਾਸਤਰੀ, ਮਨੋਵਿਗਿਆਨੀ, ਸਮਾਜ ਵਿਗਿਆਨੀ ਅਤੇ ਨਾਮਵਰ ਪੱਤਰਕਾਰਾਂ ਨੇ ਆਪੋ ਆਪਣੇ ਵਿਚਾਰ ਰੱਖੇ। ਇਹ ਵਿਚਾਰ ਜ਼ੋਰਦਾਰ ਤਰੀਕੇ ਨਾਲ ਉਭਾਰਿਆ ਗਿਆ ਕਿ ਕਰਜ਼ਾ ਰਾਹਤ ਬਿਲ ਕਿਸਾਨਾਂ ਲੲੀ ਉਮੀਦ ਦੀ ਕਿਰਨ ਬਣ ਸਕਦੀ ਹੈ ਕਿਉਂਕਿ ਇਸ ਲਈ ਕਰਜ਼ੇ ਦੀ ਸਮੱਸਿਆ ਸੁਲਝਾਉਣ ਲਈ ਕਰਜ਼ਾ ਨਿਵਾਰਨ ਬੋਰਡ ਬਣਨੇ ਹਨ। ਕਿਸਾਨ ਵੱਲੋਂ ਅਰਜ਼ੀ ਦੇਣ ਤੋਂ ਬਾਅਦ ਇਸ ਦਾ ਨਿਬੇੜਾ ਹੋਣ ਤੱਕ ਨਵਾਂ ਵਿਆਜ਼ ਨਹੀਂ ਲੱਗੇਗਾ ਤੇ ਨਾ ਹੀ ਕਿਸਾਨ ਦੀ ਜ਼ਮੀਨ ਜਾਂ ਜਾਇਦਾਦ ਦੀ ਕੁਰਕੀ ਹੋ ਸਕੇਗੀ। ਦੁੱਗਣੇ ਤੋਂ ਵੱਧ ਵਿਆਜ਼ ਨਹੀਂ ਦੇਣਾ ਪਵੇਗਾ।  ਇਹ ਤਰੀਕਾ ਕਿਸਾਨ ਨੂੰ ਰਾਹਤ  ਦੀ ਉਮੀਦ ਬੰਨਾਉਣ ਵਿੱਚ ਸਹਾਈ ਹੋਵੇਗਾ ਅਤੇ ਖੁਦਕੁਸ਼ੀ ਦੇ ਰੁਝਾਨ ਨੂੰ ਰੋਕਣ ਦਾ ਆਧਾਰ ਬਣ ਸਕੇਗਾ।  ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅਰਥਸ਼ਾਸਤਰੀ ਡਾ. ਕੇਸਰ ਸਿੰਘ ਭੰਗੂ ਨੇ ਕਿਹਾ ਕਿ ਨਵੀਆਂ ਆਰਥਿਕ ਨੀਤੀਆਂ ਤੋਂ ਬਾਅਦ ਸਰਕਾਰਾਂ ਨੇ ਵਿੱਦਿਆ, ਸਿਹਤ ਸੇਵਾਵਾਂ ਅਤੇ ਪੰਚਾਇਤੀ ਸੰਸਥਾਵਾਂ ਦਾ ਭੱਠਾ ਬਿਠਾ ਦਿੱਤਾ ਹੈ। ਇਸ ਤੋਂ  ਬਾਅਦ ਹੀ ਕਿਸਾਨਾਂ ਦੀਆਂ ਖੁਦਕੁਸ਼ੀਆਂ ਸ਼ੁਰੂ ਹੋਈਆਂ ਹਨ। ਖੇਤੀਬਾੜੀ ਯੂਨੀਵਰਸਿਟੀ ਵਿੱਚ ਖੋਜ ਕਾਰਜ ਬੰਦ ਹੋ ਗਏ ਹਨ ਅਤੇ ਸਿਰਫ਼ ਖੇਤੀ ਵਿਭਾਗ ਬਣ ਕੇ ਰਹਿ ਗਈ ਹੈ।
ਮਨੋਵਿਗਿਆਨੀ ਡਾ. ਬਲਦੇਵ ਸਿੰਘ ਸੰਧੂ ਨੇ ਕਿਹਾ ਕਿ ਕਿਸਾਨ ਦਾ ਸਮਾਜਿਕ ਸਹਾਇਤਾ ਵਾਲਾ ਮਾਹੌਲ ਟੁੱਟ ਗਿਆ ਹੈ। ਪਿੰਡਾਂ ਵਿੱਚ ਪੰਚਾਇਤਾਂ ਹੁਣ ਧੜੇਬੰਦੀ ਦਾ ਸ਼ਿਕਾਰ ਹਨ। ਸਾਨੂੰ ਮੁੜ ਸੱਥਾਂ ਦੀਆਂ ਢਾਣੀਆਂ ਨੂੰ ਸਰਗਰਮ ਕਰਨਾ ਪਵੇਗਾ ਅਤੇ ਖੁਦਕੁਸ਼ੀ ਦੇ ਲੱਛਣ ਪਾਏ ਜਾਣ ’ਤੇ ਸਬੰਧਤ ਵਿਅਕਤੀਆਂ ਦੀ ਮਦਦ ਕਰਨ ਨਾਲ ਅਜਿਹੇ ਵਿਅਕਤੀ ਨੂੰ ਬਚਾਇਆ ਜਾ ਸਕਦਾ ਹੈ। ਬਾਬਾ ਫਰੀਦ ਯੂਨੀਵਰਸਿਟੀ ਦੇ ਸਾਬਕਾ ਰਜਿਸਟਰਾਰ ਡਾ. ਪਿਆਰਾ ਲਾਲ ਗਰਗ ਨੇ ਕਿਹਾ ਕਿ ਵਧ ਰਹੀਆਂ ਬਿਮਾਰੀਆਂ ਅਤੇ ਮਹਿੰਗਾ ਇਲਾਜ ਵੀ ਕਿਸਾਨਾਂ ਦੇ ਕਰਜ਼ੇ ਦਾ ਵੱਡਾ ਕਾਰਨ ਹੈ। ਸਮਾਜ ਵਿਗਿਆਨੀ ਡਾ. ਗੁੰਜਨ ਨੇ ਕਿਹਾ ਕਿ ਅੌਰਤਾਂ ਖੇਤੀ ਖੇਤਰ ਦਾ ਅਟੁੱਟ ਅੰਗ ਹਨ। ਉਨ੍ਹਾਂ ਨੂੰ ਸਮੱਸਿਆ ਦੀ ਜਾਣਕਾਰੀ ਅਤੇ ਇਸ ਦੇ ਹੱਲ ਵਿੱਚ ਬਰਾਬਰ ਦੀ ਹਿੱਸੇਦਾਰ ਬਣਾਏ ਬਿਨਾਂ ਗੁਜ਼ਾਰਾ ਨਹੀਂ ਹੋਵੇਗਾ। ਪੱਤਰਕਾਰ ਐਸਪੀ ਸਿੰਘ ਨੇ ਸੰਘਰਸ਼ ਦੇ ਰੂਪ ਵਿੱਚ ਤਬਦੀਲੀ ਕਰਕੇ ਸ਼ਹਿਰਾਂ ਵਿੱਚ ਬੈਠੇ ਤਾਕਤਵਰ ਲੋਕਾਂ ਦੀ ਮੁਹਾਰ ਪਿੰਡਾਂ ਵੱਲ ਮੋੜਨ ਦੀ ਲੋੜ ’ਤੇ ਜ਼ੋਰ ਦਿੱਤਾ।
ਇਸ ਮੌਕੇ ਯੂਨੀਅਨ ਦੇ ਜਨਰਲ ਸਕੱਤਰ ਓਂਕਾਰ ਸਿੰਘ ਅਗੌਲ, ਨੇਕ ਸਿੰਘ ਖੋਖ, ਗੁਲਜ਼ਾਰ ਸਿੰਘ ਘਨੌਰ, ਘੁੰਮਣ ਸਿੰਘ ਰਾਜਗੜ੍ਹ, ਨਿਰੰਜਣ ਸਿੰਘ ਦੋਹਲਾ ਹਾਜ਼ਰ ਸਨ।

Facebook Comment
Project by : XtremeStudioz