Close
Menu

ਭੂਮੀ ਗ੍ਰਹਿਣ ਆਰਡੀਨੈਂਸ ਖ਼ਿਲਾਫ਼ ਅੰਨਾ ਤੇ ਕੇਜਰੀਵਾਲ ਇਕਮੁੱਠ

-- 24 February,2015

* ਦੇਸ਼ ਭਰ ‘ਚੋਂ ਆਈਆਂ ਕਿਸਾਨ ਜਥੇਬੰਦੀਆਂ ਵੱਲੋਂ ਸੰਸਦ ਭਵਨ ਵੱਲ ਮਾਰਚ

ਨਵੀਂ ਦਿੱਲੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਲਿਆਂਦੇ ਗਏ ਭੂਮੀ ਗ੍ਰਹਿਣ ਆਰਡੀਨੈਂਸ ਨੂੰ ਵਾਪਸ ਕਰਾਉਣ ਲਈ ਧਰਨਾ ਦੇ ਰਹੇ ਗਾਂਧੀਵਾਦੀ ਨੇਤਾ ਅੰਨਾ ਹਜ਼ਾਰੇ ਦੇ ਸਮਰਥਨ ਵਿੱਚ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਪੁੱਜ ਗਏ। ਧਰਨੇ ਦਾ ਅੱਜ ਦੂਜਾ ਤੇ ਆਖਰੀ ਦਿਨ ਸੀ ਤੇ ਇਸ ਧਰਨੇ ਨੇ  ‘ਦੋ ਵਿਛੜੇ’ ਨੇਤਾਵਾਂ ਨੂੰ ਮੁੜ ਇਕ ਮੰਚ ‘ਤੇ ਇਕੱਠਾ ਕਰ ਦਿੱਤਾ। ਦੂਜੇ ਪਾਸੇ ਆਰਡੀਨੈਂਸ ਖਿਲਾਫ ਕਈ ਕਿਸਾਨ ਜਥੇਬੰਦੀਆਂ ਨੇ ਅੱਜ ਸੰਸਦ ਭਵਨ ਵੱਲ ਮਾਰਚ ਕੀਤਾ।
ਅੱਜ ਜਦੋਂ ਸ੍ਰੀ ਕੇਜਰੀਵਾਲ ਆਪਣੇ ਕਈ ਮੰਤਰੀ ਮੰਡਲ ਸਾਥੀਆਂ ਤੇ ਵਿਧਾਇਕਾਂ ਨਾਲ ਜੰਤਰ-ਮੰਤਰ ਪੁੱਜੇ ਤਾਂ 77 ਸਾਲਾ ਅੰਨਾ ਨੇ ਉਨ੍ਹਾਂ ਦਾ ਸੁਆਗਤ ਕੀਤਾ। ਕੇਜਰੀਵਾਲ ਨੇ ਗਾਂਧੀਵਾਦੀ ਨੇਤਾ ਦੇ ਪੈਰਾਂ ਨੂੰ ਹੱਥ ਲਾ ਕੇ ਮੱਥਾ ਟੇਕਿਆ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ, ”ਮੈਂ ਅੰਨਾ ਜੀ ਨੂੰ ਦੱਸਣਾ ਚਾਹੁੰਦਾ ਕਿ ਮੈਂ ਹਮੇਸ਼ਾ ਤੁਹਾਨੂੰ ਆਪਣਾ ਗੁਰੂ ਮੰਨਿਆ ਹੈ ਤੇ ਤੁਸੀਂ ਮੇਰੇ ਪਿਤਾ ਸਾਮਾਨ ਹੋ। ਅੰਨਾ ਜੀ ਅਸੀਂ ਤੁਹਾਡੇ ਇਸ ਅੰਦੋਲਨ ਦਾ ਪੂਰੇ ਦਿਲ ਨਾਲ ਸਮਰਥਨ ਕਰਦੇ ਹਾਂ।” ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਕੇਂਦਰ ਨੇ ਵਿਵਾਦਗ੍ਰਸਤ ਕਾਨੂੰਨ ਲਿਆ ਕੇ ਸਾਬਤ ਕਰ ਦਿੱਤਾ ਹੈ ਕਿ ਉਹ  ਇਕ ਪ੍ਰਾਪਰਟੀ ਡੀਲਰ ਵਜੋਂ ਕੰਮ ਕਰ ਰਹੀ ਹੈ। ਇਸ ਤੋਂ ਪਹਿਲਾਂ ਅੰਨਾ ਹਜ਼ਾਰੇ ਨੇ ਪੱਤਰਕਾਰਾਂ ਸਾਹਮਣੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਮੌਜੂਦਾ ਕੇਂਦਰ ਸਰਕਾਰ ਨੇ ਤਾਂ ਅੰਗਰੇਜ਼ ਹਕੂਮਤ ਨੂੰ ਵੀ ਮਾਤ ਪਾ ਦਿੱਤੀ ਹੈ। ਉਨ੍ਹਾਂ ਐਲਾਨ ਕੀਤਾ, ”ਮੈਂ ਦਿਲ ਦੇ ਦੌਰੇ ਨਾਲ ਮਰਨ ਨਾਲੋਂ ਦੇਸ਼ ਲਈ ਆਖਰੀ ਸਾਹ ਤੱਕ ਲੜਾਂਗਾ।”
ਇਸੇ ਦੌਰਾਨ ਦੇਸ਼ ਭਰ ਵਿੱਚੋਂ  ਕਈ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਭੂਮੀ ਗ੍ਰਹਿਣ ਆਰਡੀਨੈਂਸ ਖਿਲਾਫ ਸੰਸਦ ਭਵਨ ਵੱਲ ਮਾਰਚ ਕੀਤਾ। ਨਾਅਰੇਬਾਜ਼ੀ ਕਰਦੀਆਂ ਜਥੇਬੰਦੀਆਂ ਕੇਰਲ ਹਾਊਸ ਤੋਂ ਜੰਤਰ-ਮੰਤਰ ਪੁੱਜੀਆਂ ਤੇ ਉਥੋਂ ਪਾਰਲੀਮੈਂਟ ਸਟਰੀਟ ਵੱਲ ਰਵਾਨਾ ਹੋਈਆਂ। ਉਨ੍ਹਾਂ ਦਾ ਅੰਨਾ ਹਜ਼ਾਰੇ ਤੇ ਮੇਧਾ ਪਾਟੇਕਰ ਨੇ ਸਮਰਥਨ ਕੀਤਾ। ਪਾਰਲੀਮੈਂਟ ਸਟਰੀਟ ‘ਤੇ ਇਸ ਮਾਰਚ ਦਾ ਸੁਆਗਤ ਐਮਡੀ ਐਮਕੇ ਆਗੂ ਵਾਇਕੋ, ਸੀਪੀਆਈ ਨੇਤਾ ਤੇ ਕੁੱਲ ਹਿੰਦ ਕਿਸਾਨ ਸਭਾ ਦੇ ਜਨਰਲ ਸਕੱਤਰ ਅਤੁਲ ਅਨਜਾਣ ਤੇ ਸੀਪੀਐਮ ਨੇਤਾ ਹਨਨ ਮੁੱਲਾ ਨੇ ਕੀਤਾ।  ਕੁੱਲ ਹਿੰਦ ਕਿਸਾਨ ਸਭਾ, ਭਾਰਤੀ ਖੇਤ ਮਜ਼ਦੂਰ ਯੂਨੀਅਨ ਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਨੇ ਇਕ ਖੁੱਲ੍ਹੇ ਖਤ ਰਾਹੀਂ ਸਾਰੇ ਸੰਸਦ ਮੈਂਬਰਾਂ ਤੇ ਸਿਆਸੀ ਪਾਰਟੀਆਂ ਨੂੰ ਇਸ ਆਰਡੀਨੈਂਸ ਖਿਲਾਫ ਇਕਜੁੱਟ ਹੋਣ ਦੀ ਅਪੀਲ ਕੀਤੀ ਹੈ।

Facebook Comment
Project by : XtremeStudioz