Close
Menu

ਭੂਮੀ ਗ੍ਰਹਿਣ ਐਕਟ ਵਿਰੁੱਧ ਕੁਝ ਹੋਰ ਭਿਆਲ ਨਿੱਤਰੇ

-- 25 February,2015

ਨਵੀਂ ਦਿੱਲੀ, ਭੌਂ ਪ੍ਰਾਪਤੀ ਬਿੱਲ ’ਤੇ ਵਿਰੋਧੀ ਧਿਰ ਦੇ ਤਿੱਖੇ ਹਮਲੇ ਦਾ ਸਾਹਮਣਾ ਕਰ ਰਹੀ ਸਰਕਾਰ ਨੇ ਅੱਜ ਕਿਹਾ ਕਿ ਉਹ ਵਿਰੋਧੀ ਧਿਰ ਦੇ ਸੁਝਾਵਾਂ ’ਤੇ ਗੌਰ ਕਰਨ ਅਤੇ ਕਿਸਾਨਾਂ ਨਾਲ ਕਿਸੇ ਵੀ ਤਰ੍ਹਾਂ ਦੀ ਵਧੀਕੀ ਹੋਣ ਤੋਂ ਰੋਕਣ ਲਈ ਇਕ ਕਦਮ ਵਧਾਉਣ ਲਈ ਤਿਆਰ ਹੈ। ਸੰਸਦੀ ਮਾਮਲਿਆਂ ਬਾਰੇ ਮੰਤਰੀ ਐਮ ਵੈਂਕਈਆ ਨਾਇਡੂ ਨੇ ਲੋਕ ਸਭਾ ਵਿੱਚ ਆਖਿਆ ਕਿ ਇਹ ਆਰਡੀਨੈਂਸ ‘ਤੱਦੀ ਕਰਕੇ’ ਲਿਆਂਦਾ ਗਿਆ ਸੀ ਅਤੇ ਅਰਥਚਾਰੇ ਨੂੰ ਨਵਾਂ ਹੁਲਾਰਾ ਦੇਣ ਲਈ ਅਜਿਹਾ ਕਰਨਾ ਜ਼ਰੂਰੀ ਹੋ ਗਿਆ ਸੀ।
ਇਸ ਦੌਰਾਨ ਕਾਂਗਰਸ, ਸੀਪੀਆਈ (ਐਮ), ਤ੍ਰਿਣਮੂਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਮੈਂਬਰ ਨਾਅਰੇ ਮਾਰਦੇ ਹੋਏ ਸਦਨ ’ਚੋਂ ਵਾਕਆਊਟ ਕਰ ਗਏ। ਵਿਰੋਧੀ ਧਿਰ  ਦੇ ਆਗੂ ਮਲਿਕਾਰਜੁਨ ਖੜਗੇ ਨੇ ਦੋਸ਼ ਲਾਇਆ ਕਿ ਸੱਤਾ ਧਿਰ ਵਿਰੋਧੀ ਪਾਰਟੀਆਂ ਦਾ ਅਪਮਾਨ ਕਰ ਰਹੀ ਹੈ। ਸ੍ਰੀ ਨਾਇਡੂ ਨੇ ਕਾਂਗਰਸ ਅਤੇ ਹੋਰਨਾਂ ਵਿਰੋਧੀ ਪਾਰਟੀਆਂ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਕਾਂਗਰਸ ਦੇ 62 ਸਾਲਾਂ ਵਿੱਚ 637 ਆਰਡੀਨੈਂਸ ਅਤੇ ਸਾਂਝੇ ਮੋਰਚੇ ਦੀ ਸਰਕਾਰ ਵੇਲੇ 77 ਆਰਡੀਨੈਂਸ ਲਿਆਂਦੇ ਗਏ ਸਨ।
ਸ਼ਿਵ ਸੈਨਾ ਦੇ ਅਰਵਿੰਦ ਸਾਵੰਤ ਨੇ ਰਾਸ਼ਟਰਪਤੀ ਦੇ ਭਾਸ਼ਣ  ’ਤੇ ਧੰਨਵਾਦੀ ਮਤੇ ਉਪਰ ਬਹਿਸ ਸ਼ੁਰੂ ਕਰਦਿਆਂ ਆਖਿਆ ਕਿ ਜੇ ਸਿੰਜਾਈ ਲਈ ਜ਼ਮੀਨ ਹੀ ਨਹੀਂ ਹੈ ਤਾਂ ਕਿਸਾਨ ਖੇਤੀ ਕਿਵੇਂ ਕਰਨਗੇ। ਉਨ੍ਹਾਂ ਕਿਹਾ, ‘‘ਅਸੀਂ ਉਨ੍ਹਾਂ (ਕਿਸਾਨਾਂ) ਦੀ ਸਹਿਮਤੀ ਤੋਂ ਬਗੈਰ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਮੈਨੂੰ ਉਮੀਦ ਹੈ ਕਿ ਸਰਕਾਰ ਉਨ੍ਹਾਂ ਨੂੰ ਧਿਆਨ ’ਚ ਰੱਖੇਗੀ।’’ ਵਿੱਤ ਮੰਤਰੀ ਅਰੁਣ ਜੇਤਲੀ ਭਲਕੇ ਇਸ ਮੁੱਦੇ ’ਤੇ ਭਲਕੇ ਰਾਜ ਸਭਾ ਵਿੱਚ ਬਿਆਨ ਦੇ ਸਕਦੇ ਹਨ।
ਐਨਡੀਏ ਦੀ ਇਕ ਹੋਰ ਭਿਆਲ ਲੋਕ ਜਨਸ਼ਕਤੀ ਪਾਰਟੀ ਨੇ ਵੀ ਭੌਂ ਪ੍ਰਾਪਤੀ ਬਿੱਲ ਦੀਆਂ ਕੁਝ ਮੱਦਾਂ ’ਤੇ ਇਤਰਾਜ਼ ਕੀਤਾ ਹੈ। ਪਾਰਟੀ ਦੇ ਐਮ ਪੀ ਚਿਰਾਗ ਪਾਸਵਾਨ ਨੇ ਕਿਹਾ ਕਿ ਕਿਸਾਨਾਂ ਦੀ ਸਹਿਮਤੀ ਬਾਰੇ ਮੱਦ ਹਟਾਉਣ ’ਤੇ ਉਨ੍ਹਾਂ ਨੂੰ ਇਤਰਾਜ਼ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਬਿੱਲ ’ਤੇ ਮੁੜ ਵਿਚਾਰ ਕਰਨੀ ਚਾਹੀਦੀ ਹੈ।
ਐਨਸੀਪੀ ਨੇਤਾ ਸ਼ਰਦ ਪਵਾਰ ਨੇ ਵੀ ਬਿੱਲ ਦੀਆਂ ਕੁਝ ਮੱਦਾਂ ’ਤੇ ਇਤਰਾਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਮੁੱਦੇ ਸਰਕਾਰ ਕੋਲ ਉਠਾਉਣਗੇ। ਸਮਾਜਵਾਦੀ ਪਾਰਟੀ ਦੇ ਨੇਤਾ ਮੁਲਾਇਮ ਸਿੰਘ ਯਾਦਵ ਨੇ ਕਿਹਾ ਕਿ ਮੋਦੀ ਸਰਕਾਰ ਦਾ ਨਾਅਰਾ ‘ਸਬ ਕਾ ਸਾਥ ਸਬ ਕਾ ਵਿਕਾਸ’ ਖੋਖਲਾ ਹੈ ਕਿਉਂਕਿ ਇਹ ਸਰਕਾਰ ਵੱਡੇ ਸਨਅਤਕਾਰਾਂ ਲਈ ਕੰਮ ਕਰ ਰਹੀ ਹੈ ਅਤੇ ਗਰੀਬਾਂ ਦੀ ਅਣਦੇਖੀ ਕਰਨ ਲੱਗੀ ਹੋਈ ਹੈ।

ਅਕਾਲੀ ਦਲ ਵੱਲੋਂ ਵੀ  ਨੁਕਤਾਚੀਨੀ
ਕੇਂਦਰ ਸਰਕਾਰ ਨੂੰ ਭੂਮੀ ਗ੍ਰਹਿਣ ਬਿੱਲ ਦੇ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਨੁਕਤਾਚੀਨੀ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਵਿੱਚ ਭਾਜਪਾ ਦੀ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨੇ ਵੀ ਕਿਹਾ ਕਿ ਪਾਰਟੀ ਨੂੰ ਇਸ ਬਿੱਲ ਦੀਆਂ ਕੁਝ ਮੱਦਾਂ ’ਤੇ ਇਤਰਾਜ਼ ਹੈ। ਅਕਾਲੀ ਦਲ ਨੇ ਕਿਹਾ ਕਿ ਭੂਮੀ ਗ੍ਰਹਿਣ ਕਰਨ ਤੋਂ ਪਹਿਲਾਂ ਕਿਸਾਨਾਂ ਦੀ ਸਹਿਮਤੀ ਜ਼ਰੂਰੀ ਹੈ। ਪਾਰਟੀ ਦੇ ਨਰੇਸ਼ ਗੁਜਰਾਲ ਨੇ ਕਿਹਾ ਕਿ ਅਕਾਲੀ ਦਲ ਨੇ ਸਰਕਾਰ ਅੱਗੇ ਆਪਣੀ ਗੱਲ ਰੱਖ ਦਿੱਤੀ ਹੈ। ਭਲਕੇ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਇਸ ਮੁੱਦੇ ’ਤੇ ਗੱਲਬਾਤ ਕਰਕੇ ਰਣਨੀਤੀ ਘੜਨਗੇ।

Facebook Comment
Project by : XtremeStudioz