Close
Menu

ਭੂਮੀ ਗ੍ਰਹਿਣ ਬਿੱਲ ਖ਼ਿਲਾਫ਼ ਸਾਰੀਆਂ ਧਿਰਾਂ ਇਕਜੁੱਟ ਹੋਣ: ਅੰਨਾ

-- 24 March,2015

ਦਰਬਾਰ ਸਾਹਿਬ ਮੱਥਾ ਟੇਕਿਆ, ਖਟਕੜ ਕਲਾਂ ਵਿੱਚ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਅੰਮ੍ਰਿਤਸਰ, ਭ੍ਰਿਸ਼ਟਾਚਾਰ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਵਾਲੇ ਗਾਂਧੀਵਾਦੀ ਆਗੂ ਅੰਨਾ ਹਜ਼ਾਰੇ ਨੇ ਹੁਣ ਭੂਮੀ ਗ੍ਰਹਿਣ ਬਿੱਲ ਖ਼ਿਲਾਫ਼ ਬਿਗਲ ਵਜਾਇਆ ਹੈ ਅਤੇ ਇਸ ਮਾਮਲੇ ਵਿੱਚ ੳੁਨ੍ਹਾਂ ਰਾਜਸੀ ਤੇ ਸਮਾਜਕ ਸਹਿਯੋਗ ਦੀ ਮੰਗ ਕੀਤੀ। ਉਹ ਅੱਜ ਇਥੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਆਏ ਸਨ।
ਇਸ ਮੌਕੇ ਪੱਤਰਕਾਰਾਂ ਨਾਲ ਸੰਖੇਪ ਗੱਲਬਾਤ ਦੌਰਾਨ ਗਾਂਧੀਵਾਦੀ ਆਗੂ ਨੇ ਆਖਿਆ ਕਿ ਉਹ ਇੱਥੇ ਵਿਸ਼ਵ ਸ਼ਾਂਤੀ ਲਈ ਅਰਦਾਸ ਕਰਨ ਆਏ ਹਨ। ਭੂਮੀ ਗ੍ਰਹਿਣ ਬਿੱਲ ਬਾਰੇ ਉਨ੍ਹਾਂ ਆਖਿਆ ਕਿ ਇਸ ਬਿੱਲ ਨੂੰ ਲਾਗੂ ਕਰਨ ਤੋਂ ਪਹਿਲਾਂ ਇਸ ਨਾਲ ਪੈਦਾ ਹੋਣ ਵਾਲੀ ਸਥਿਤੀ ਬਾਰੇ ਵੀ ਸੋਚਣਾ ਚਾਹੀਦਾ ਸੀ ਅਤੇ ਇਸ ਤੋਂ ਵੀ ਜ਼ਰੂਰੀ ਕਿਸਾਨਾਂ ਦੇ ਹਿੱਤਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਸਰਕਾਰ ਇਸ ਬਿੱਲ ਬਾਰੇ ਕਾਹਲੀ ਨਾ ਕਰੇ ਅਤੇ ਇਸ ਬਾਰੇ ਮੁੜ ਵਿਚਾਰ ਕੀਤਾ ਜਾਵੇ। ੳੁਨ੍ਹਾਂ ਦੱਸਿਆ ਕਿ ਇਸ ਬਿੱਲ ਖ਼ਿਲਾਫ਼ ਸੰਸਦ ਵਿੱਚ ਆਵਾਜ਼ ਉਠਾਉਣ ਲਈ ਉਨ੍ਹਾਂ ਵੱਖ ਵੱਖ ਸਿਆਸੀ ਪਾਰਟੀਆਂ ਨੂੰ ਪੱਤਰ ਲਿਖਿਆ। ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਸ੍ਰੀ ਅੰਨਾ ਹਜ਼ਾਰੇ ਨੂੰ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ, ਧਾਰਮਿਕ ਪੁਸਤਕਾਂ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਬੰਗਾ (ਪੱਤਰ ਪ੍ਰੇਰਕ): ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਸ਼ਰਧਾ ਦੇ ਫੁੱਲ ਭੇਟ ਕਰਨ ਪਿੰਡ ਖਟਕੜ ਕਲਾਂ ਪੁੱਜੇ ਸਮਾਜ ਸੇਵੀ ਅੰਨਾ ਹਜ਼ਾਰੇ ਅੱਜ ਆਪਣੇ ਹੰਝੂ ਨਾ ਰੋਕ ਸਕੇ। ਉਨ੍ਹਾਂ ਸ਼ਹੀਦ ਦੇ ਸਮਾਰਕ ’ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਅਜਾਇਬ ਘਰ ਵਿੱਚ ਸ਼ਹੀਦ ਦੇ ਸੰਘਰਸ਼ਮਈ ਜੀਵਨ ਨਾਲ ਸਬੰਧਤ ਤਸਵੀਰਾਂ ਅਤੇ ਨਿਸ਼ਾਨੀਆਂ ਦੇਖੀਆਂ।
ਸ਼ਹੀਦਾਂ ਦੇ ਨਾਂ ’ਤੇ ਹੋ ਰਹੇ ਸਿਆਸੀਕਰਨ ਦੀ ਨਿੰਦਾ ਕਰਦਿਆਂ ਉਨ੍ਹਾਂ ਕਿਹਾ ਕਿ ਸਿਆਸੀ ਧਿਰਾਂ ਸ਼ਹੀਦਾਂ ਨੂੰ ਮਹਿਜ਼ ਸਟੇਜੀ ਤਕਰੀਰਾਂ ਤੱਕ ਸੀਮਤ ਰੱਖਦੀਆਂ ਹਨ ਅਤੇ ਹਕੀਕਤ ਵਿੱਚ ਉਹ ਸ਼ਹੀਦਾਂ ਦੀ ਸੋਚ ਦੇ ਨੇੜੇ ਵੀ ਨਹੀਂ ਢੁੱਕਦੀਆਂ। ਉਨ੍ਹਾਂ ਅਜਾਇਬਘਰ ਵਿੱਚ ਰੱਖੀ ਵਿਜ਼ੀਟਰਜ਼ ਬੁੱਕ ਵਿੱਚ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਅੰਨਾ ਹਜ਼ਾਰੇ ਨੇ ਭਾਰੀ ਗਿਣਤੀ ਵਿੱਚ ਪੁੱਜੇ ਸਮਰਥਕਾਂ ਦੇ ਬੁਲੰਦ ਹੁੰਗਾਰੇ ਨਾਲ ‘ਇਨਕਲਾਬ ਜਿੰਦਾਬਾਦ’ ਅਤੇ ‘ਸ਼ਹੀਦ ਭਗਤ ਸਿੰਘ ਜ਼ਿੰਦਾਬਾਦ’ ਦੇ ਨਾਅਰੇ ਵੀ ਬੁਲੰਦ ਕੀਤੇ।

Facebook Comment
Project by : XtremeStudioz