Close
Menu

ਭੋਲਾ ਦੀ ਜ਼ਮਾਨਤ ਅਰਜ਼ੀ ’ਤੇ ਬਹਿਸ ਮੁਕੰਮਲ, ਫ਼ੈਸਲਾ 5 ਨੂੰ

-- 02 March,2015

* ਈਡੀ ਦੇ ਡਾਇਰੈਕਟਰ ਗੁਰਨਾਮ ਸਿੰਘ ਅਤੇ ਵਧੀਕ ਡਾਇਰੈਕਟਰ ਨਿਰੰਜਣ ਸਿੰਘ ਅਦਾਲਤ ਪੁੱਜੇ

ਪਟਿਆਲਾ, ਸਾਬਕਾ ਕੌਮਾਂਤਰੀ ਪਹਿਲਵਾਨ ਜਗਦੀਸ਼ ਭੋਲਾ ’ਤੇ ਕਥਿਤ ਨਸ਼ਾ ਤਸਕਰੀ ਜ਼ਰੀਏ ਕਰੋੜਾਂ ਦੀ ਜਾਇਦਾਦ ਬਣਾਉਣ ਦੇ ਕੇਸ ਵਿਚੋਂ ਜ਼ਮਾਨਤ ਦਿੱਤੇ ਜਾਣ ਸਬੰਧੀ ਅਰਜ਼ੀ ’ਤੇ ਬਹਿਸ ਦੀ ਅੱਜ ਮੁਕੰਮਲ ਹੋ ਗਈ। ਇਸ ਬਾਰੇ ਫੈਸਲਾ 5 ਮਾਰਚ ਸੁਣਾਇਆ ਜਾਵੇਗਾ। ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਚਲਾਏ ਜਾ ਰਹੇ ਇਸ ਮਾਮਲੇ ਦੀ ਸੁਣਵਾਈ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਸਪੈਸ਼ਲ ਜੱਜ ਫਾਰ ਪ੍ਰਵੈਨਸ਼ਨ ਆਫ਼ ਮਨੀ ਲੌਂਡਰਿੰਗ ਐਕਟ ਸ੍ਰੀ ਐਚ.ਐਸ ਮਦਾਨ ਦੀ ਅਦਾਲਤ ਵਿੱਚ ਚੱਲ ਰਹੀ ਹੈ।
ਜ਼ਿਕਰਯੋਗ ਹੈ ਕਿ ਨਸ਼ਾ ਤਸਕਰੀ ਮਾਮਲਾ ਤਾਂ ਪੰਜਾਬ ਪੁਲੀਸ ਕੋਲ ਹੈ ਪਰ ਇਸ ਕਥਿਤ ਧੰਦੇ ਦੌਰਾਨ ਜਾਇਦਾਦਾਂ ਬਣਾਉਣ ਦੇ ਦੋਸ਼ਾਂ ਦੀ ਜਾਂਚ ਈਡੀ ਵੱਲੋਂ ਕੀਤੀ ਜਾ ਰਹੀ ਹੈ। ਈਡੀ ਦੇ ਇਸ ਮਾਮਲੇ ਵਿਚੋਂ ਜ਼ਮਾਨਤ ਹਾਸਲ ਕਰਨ ਲਈ ਭੋਲਾ ਨੇ ਆਪਣੇ ਵਕੀਲ ਸਤੀਸ਼ ਕਰਕਰਾ ਰਾਹੀਂ ਕਰੀਬ ਦੋ ਮਹੀਨੇ ਪਹਿਲਾਂ ਅਰਜ਼ੀ ਦਾਇਰ ਕੀਤੀ ਸੀ ਪਰ ਜਿਵੇਂ ਹੀ ਅਰਜ਼ੀ ’ਤੇ ਸੁਣਵਾਈ ਲਈ ਤਾਰੀਖ਼ ਮੁਕੱਰਰ ਹੋਈ, ਤਾਂ ਈਡੀ ਦੇ ਵਧੀਕ ਡਾਇਰੈਕਟਰ ਨਿਰੰਜਣ ਸਿੰਘ ਦਾ ਤਬਾਦਲਾ ਹੋ ਗਿਆ ਤੇ ਸੁਣਵਾਈ ਅੱਗੇ ਪੈ ਗਈ। ਅਗਲੀ ਪੇਸ਼ੀ ’ਤੇ ਈਡੀ ਦੇ ਵਕੀਲ ਨਾ ਹਾਜ਼ਰ ਹੋ ਸਕੇ।
ਇਸੇ ਤਰ੍ਹਾਂ ਇੱਕ ਵਾਰ ਈਡੀ ਨੇ ਕੋਈ ਦਸਤਾਵੇਜ਼ ਪੇਸ਼ ਕਰਨ ਲਈ ਸੁਣਵਾਈ ਅੱਗੇ ਪਵਾ ਲਈ। ਪਿਛਲੀ ਪੇਸ਼ੀ ’ਤੇ ਵੀ ਬਹਿਸ ਮੁਕੰਮਲ ਨਹੀਂ ਸੀ ਹੋ ਸਕੀ ਪਰ ਅੱਜ ਈਡੀ ਦੇ ਅਧਿਕਾਰੀਆਂ ਸਮੇਤ ਵਕੀਲ ਵੀ ਪੁੱਜੇ ਹੋਏ ਸਨ। ਅੱਜ ਬਹਿਸ ਦੀ ਪ੍ਰਕਿਰਿਆ ਸਮਾਪਤ ਹੋ ਗਈ ਤੇ ਅਦਾਲਤ ਨੇ ਇਸ ਬਾਬਤ ਫੈਸਲੇ ਲਈ 5 ਮਾਰਚ ਦਾ ਦਿਨ ਮੁਕੱਰਰ ਕੀਤਾ ਹੈ।
12 ਹੋਰ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਇਰ
ਇਸੇ ਦੌਰਾਨ ਈਡੀ ਨੇ ਅੱਜ 12 ਹੋਰ ਮੁਲਜ਼ਮਾਂ ਖ਼ਿਲਾਫ਼ ਅਦਾਲਤ ’ਚ ਚਾਰਜਸੀਟ ਦਾਇਰ ਕੀਤੀ ਹੈ, ਜਿਨ੍ਹਾਂ ਵਿੱਚ ਮਨਿੰਦਰ ਸਿੰਘ ਅੌਲਖ, ਅਨੂਪ ਸਿੰਘ ਕਾਹਲੋਂ, ਮਨਪ੍ਰੀਤ ਸਿੰਘ ਮਾਨੀ, ਵਰਿੰਦਰ ਰਾਜਾ, ਹਰਪ੍ਰੀਤ ਸਿੰਘ, ਦਵਿੰਦਰ ਸਿੰਘ, ਗੁਰਦੀਪ ਸਿੰਘ ਮਨਚੰਦਾ, ਅੰਕੁਰ ਬਜਾਜ ਅਤੇ ਸੁਭਾਸ਼ ਬਜਾਜ ਸਮੇਤ ਦੋ ਹੋਰ ਵਿਅਕਤੀਆਂ ਤੇ ਇੱਕ ਫਰਮ ਦਾ ਨਾਮ ਸ਼ਾਮਲ ਹੈ। ਇਸ ਮਾਮਲੇ ਦੀ ਸੁਣਵਾਈ 20 ਮਾਰਚ ਨੂੰ ਹੋਵੇਗੀ।

Facebook Comment
Project by : XtremeStudioz