Close
Menu

ਮਜੀਠੀਆ ਢਕਵੰਜ ਰਚਣ ਦੀ ਥਾਂ ਸੀਬੀਆਈ ਜਾਂਚ ਕਰਾਏ : ਫਤਿਹ ਬਾਜਵਾ

-- 18 January,2014

Bikram-Majithia-L-Jagdish-Bhola-Rਚੰਡੀਗੜ,18 ਜਨਵਰੀ (ਦੇਸ ਪ੍ਰਦੇਸ ਟਾਈਮਜ਼)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸ: ਫ਼ਤਿਹ ਜੰਗ ਸਿੰਘ ਬਾਜਵਾ ਨੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਕਿਹਾ ਕਿ ਭੋਲਾ ਡਰੱਗ ਰੈਕਟ ਮਾਮਲੇ ਵਿੱਚ ਲੋਕਾਂ ਨੂੰ ਗੁਮਰਾਹ ਕਰਨ ਲਈ ਝੂਠੀਆਂ ਸਹੁੰਆਂ ਖਾਣ ਵਰਗੇ ਢਕਵੰਜ ਰਚਣ ਦੀ ਥਾਂ ਦਾਮਨ ਪਾਕਿ ਸਾਫ਼ ਹੈ ਤਾਂ ਸੀ ਬੀ ਆਈ ਜਾਂਚ ਦਾ ਸਾਹਮਣਾ ਕਰਨ ਦੀ ਚੁਨੌਤੀ ਸਵੀਕਾਰ ਕਰੇ।
ਜਾਰੀ ਬਿਆਨ ਵਿੱਚ ਫ਼ਤਿਹ ਬਾਜਵਾ ਨੇ ਕਿਹਾ ਕਿ ਲੋਕ ਜਾਣ ਦੇ ਹਨ ਕਿ ਮਜੀਠੀਆ ਵਿੱਚ ਔਰੰਗਜੇਬੀ ਰੂਹ ਹੈ ਜਿਸ ਕਾਰਨ ਗੁੰਡਾਗਰਦੀ ਅਤੇ ਸਮਾਜ ਵਿਰੋਧੀ ਅਨਸਰਾਂ ਦੀ ਮਦਦ ਨਾਲ ਲੋਕਤੰਤਰੀ ਕਦਰਾਂ ਕੀਮਤਾਂ ਦਾ ਦਮਨ ਕਰ ਕੇ ਉਹ ਆਪਣਾ ਔਰੰਗਜੇਬੀ ਸਾਮਰਾਜ ਚਲਾ ਰਿਹਾ ਹੈ। ਫ਼ਤਿਹ ਨੇ ਕਿਹਾ ਕਿ ਜਿਵੇਂ ਔਰੰਗਜ਼ੇਬ ਨੇ ਝੂਠੀ ਸਹੁੰ ਖਾ ਕੇ ਗੁਰੂ ਘਰ ਨੂੰ ਧੋਖਾ ਦਿੱਤਾ , ਉਸੇ ਤਰਾਂ ਔਰੰਗਜੇਬੀ ਰੂਹ ਦੇ ਮਾਲਕ ਬਿਕਰਮ ਮਜੀਠੀਆ ਦੀ ਸਹੁੰ ‘ਤੇ ਕਿਸੇ ਨੂੰ ਵੀ ਇਤਬਾਰ ਨਹੀਂ ਹੈ।
ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਮਜੀਠੀਆ ਅਤੇ ਰਾਜ ਸਰਕਾਰ ਨੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰ ਕੇ ਲੋਕ ਰਾਏ ਨੂੰ ਪ੍ਰਭਾਵਿਤ ਕਰਨ ਦੀ ਅਸਫਲ ਕੋਸ਼ਿਸ਼ ਕੀਤੀ ਜਾ ਚੁੱਕੀ ਹੈ।  ਉਹਨਾਂ ਕਿਹਾ ਕਿ ਲੋਕ ਖੋਖਲੀ ਬਿਆਨਬਾਜ਼ੀ ਵਿੱਚ ਨਹੀਂ ਸਗੋਂ ਤਰਕ ਅਤੇ ਨਿਰਪੱਖ ਜਾਂਚ ਵਿੱਚ ਵਿਸ਼ਵਾਸ ਰੱਖਦੇ ਹਨ। ਉਹਨਾਂ ਬਿਕਰਮ ਵੱਲੋਂ ਮਜੀਠੀਆ ਪਰਿਵਾਰ ਸੰਬੰਧੀ ਦਿੱਤੀ ਗਈ ਸਫ਼ਾਈ ‘ਤੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਮਜੀਠੀਆ ਪਰਿਵਾਰ ਦੇ ਪਿਛੋਕੜ ਅਤੇ ਲੋਕ ਸੇਵਾ ਸੰਬੰਧੀ ਲੋਕਾਂ ਵਿੱਚ ਕੋਈ ਭੁਲੇਖਾ ਨਹੀਂ ਹੈ। ਉਹਨਾਂ ਕਿਹਾ ਕਿ ਹਜ਼ਾਰਾਂ ਦੇਸ਼ ਭਗਤਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰਨ ਵਾਲੇ ਜੱਲਿਆਂਵਾਲਾ ਬਾਗ ਗੋਲੀ ਕਾਂਡ ਦੇ ਮੁੱਖ ਦੋਸ਼ੀ ਜਨਰਲ ਡਾਇਰ ਨੂੰ ਉਸੇ ਹੀ ਰਾਤ ਰਾਤ ਦੇ ਭੋਜਨ ਦੀ ਦਾਅਵਤ ਦੇਣ ਅਤੇ ੧੮੪੬ ਦੇ ਐਗਰੋ ਸਿੱਖ ਵਾਰ ਸਮੇਂ ਨਿਭਾਏ ਗਏ ਰਣਜੋਧ ਸਿੰਘ ਮਜੀਠੀਆ ਦੇ ਕਿਰਦਾਰ ਨੂੰ ਪੰਜਾਬ ਦੇ ਲੋਕ ਅੱਜ ਤਕ ਭੁੱਲਾ ਪਾਏ ਹਨ।
ਭੋਲਾ ਡਰੱਗ ਰੈਕਟ ਪ੍ਰਤੀ ਸਿਆਸੀ ਪੁਸ਼ਤ ਪਨਾਹੀ ਦੀ ਸੀਬੀਆਈ ਜਾਂਚ ਦੀ ਮੰਗ ਨੂੰ ਸਹੀ ਤੇ ਤਰਕ ਸੰਗਤ ਠਹਿਰਾਉਂਦਿਆਂ ਫ਼ਤਿਹ ਬਾਜਵਾ ਨੇ ਕਿਹਾ ਕਿ ਭੋਲਾ ਡਰੱਗ ਰੈਕਟ ਦੀ ਪੁਲੀਸ ਤੋਂ ਇਲਾਵਾ ਹੋਰ ਤਿੰਨ ਏਜੈਂਸੀਆਂ ਵੱਲੋਂ ਜਾਂਚ ਕੀਤੇ ਜਾ ਰਹੇ ਹੋਣ ਤੇ ਵੀ ਇਸ ਰੈਕਟ ਦੀਆਂ ਤਾਰਾਂ ਵਿਦੇਸ਼ਾਂ ਨਾਲ ਜੁੜੀਆਂ ਹੋਈਆਂ ਹਨ ਤੇ ਇਹ ਅੰਤਰਰਾਸ਼ਟਰੀ ਮਾਮਲਾ ਹੈ। ਇੰਟਰਪੋਲ ਵਰਗੀ ਅੰਤਰਰਾਸ਼ਟਰੀ ਸੁਰੱਖਿਆ ਏਜੈਂਸੀ ਨਾਲ ਸੰਪਰਕ ਕਰਨ ਦਾ ਅਧਿਕਾਰ ਸਿਰਫ਼ ਤੇ ਸਿਰਫ਼ ਸੀਬੀਆਈ ਕੋਲ ਹਨ। ਜਿਸ ਕਰ ਕੇ ਸੀ ਬੀ ਆਈ ਤੋਂ ਇਲਾਵਾ ਹੋਰ ਕਿਸੇ ਵੀ ਏਜੰਸੀ ਤੋਂ ਉਕਤ ਕੇਸ ‘ਚ ਆਪਣੇ ਅੰਜਾਮ ਤਕ ਜਾਂਚ ਪੂਰੀ ਕਰ ਸੱਕਣ ਦੀ ਤਵੱਕੋ ਨਹੀਂ ਕੀਤੀ ਜਾ ਸਕਦੀ।
ਉਹਨਾਂ ਇਹ ਵੀ ਕਿਹਾ ਕਿ ਪੰਜਾਬ ਪੁਲੀਸ ਸਰਕਾਰ ਦੇ ਇਸ਼ਾਰੇ ‘ਤੇ ਮਜੀਠੀਆ ਨੂੰ ਬਚਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਹੀ ਹੈ। ਇਸੇ ਲਈ  ਭੋਲੇ ਵੱਲੋਂ ਵਿਦੇਸ਼ਾਂ ਨੂੰ ਸਪਲਾਈ ਕੀਤੇ ਗਏ ਡਰੱਗ ਬਦਲੇ ਹਵਾਲੇ ਰਾਹੀਂ ਆਏ ੫੦੦੦ ਕਰੋੜ ਸੰਬੰਧੀ ਜਾਂਚ ਪੜਤਾਲ ਲਈ ਬੀਤੇ ਦਿਨੀਂ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਉਕਤ ਕੇਸ ਵਿੱਚ ਪ੍ਰੋਡਕਸ਼ਨ ਵਰੰਟ ਲੈਣ ਦਾ ਮੌਕਾ ਨਹੀਂ ਦਿੱਤਾ ਗਿਆ।   ਈ.ਡੀ.ਵੱਲੋਂ ਜਗਦੀਸ਼ ਭੋਲਾ ਦੀ ਪੁੱਛ ਪੜਤਾਲ ਕੀਤੀ ਗਈ ਤਾਂ ਉਹ ਸਾਰੇ ਤੱਥਾਂ ਅਤੇ ਉਸ ਕੰਪਨੀ ਦਾ ਵੀ ਖੁਲਾਸਾ ਹੋ ਜਾਣਾ ਹੈ ਜਿਸ ਦੇ ਨਾਲ ਪੰਜ ਹਜ਼ਾਰ ਕਰੋੜ ਰੁਪਿਆ ਹਵਾਲਾ ਰਾਹੀਂ ਜਗਦੀਸ਼ ਭੋਲਾ ਦੇ ਕੋਲ ਪੁੱਜਾ ਹੈ। ਪੁਲੀਸ ਨੂੰ ਖਦਸ਼ਾ ਹੈ ਕਿ ਭੋਲਾ ਹਵਾਲਾ ਰਾਹੀਂ ਆਏ ੫੦੦੦ ਕਰੋੜ ਦੀ ਰਕਮ ਪ੍ਰਤੀ ਵੀ ਮਜੀਠੀਆ ਦਾ ਨਾਮ ਲੈ ਸਕਦਾ ਹੈ। ਇਸ ਲਈ ਭੋਲਾ ਨੂੰ ਈ.ਡੀ ਦੇ ਹੱਥਾਂ ‘ਚ ਜਾਣ ਤੋਂ ਬਚਾਉਣ ਦੇ ਲਈ ਪੰਜਾਬ ਪੁਲਸ ਇੱਕ ਦਿਨ ਪਹਿਲਾਂ ਹੀ ਇੱਕ ਏ.ਐੱਸ.ਆਈ ਦੇ ਕਤਲ ਕੇਸ ਵਿੱਚ ਪੁਲਸ ਰਿਮਾਂਡ ‘ਤੇ ਲੈ ਗਈ ਤਾਂ ਜੋ ਉਸ ‘ਤੇ ਤਸ਼ੱਦਦ ਕਰਕੇ ਦਬਾਅ ਪਾਇਆ ਜਾ ਸਕੇ ਕਿ ਉਹ ਇਸ ਮਾਮਲੇ ਵਿੱਚ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਏ ਦਾ ਨਾਂ ਨਾ ਲਵੇ। ਉਨ•ਾਂ ਨੇ ਕਿਹਾ ਕਿ ਪੰਜਾਬ ਪੁਲਸ ਜਿਨ•ਾਂ ਮਰਜ਼ੀ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਬਚਾਉਣ ਦੇ ਲਈ ਗਲਤ ਹੱਥ ਕੰਢੇ ਵਰਤਦੀ ਰਹੀ ਪਰ ਇੱਕ ਦਿਨ ਨਸ਼ਾ ਸਮਗਲਿੰਗ ਦੇ ਮਾਮਲੇ ਵਿੱਚ ਬਿਕਰਮ ਸਿੰਘ ਮਜੀਠੀਆ ਦੇ ਸਬੰਧ ਉਜਾਗਰ ਹੋ ਜਾਣਗੇ।
ਉਹਨਾਂ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਕਿ ਉਹ ਬਾਦਲ ਪਰਿਵਾਰ ਦਾ ਹੀ ਮੁੱਖ ਮੰਤਰੀ ਨਹੀਂ ਹੈ ਸਗੋਂ ਪੂਰੇ ਪੰਜਾਬ ਦਾ ਮੁੱਖ ਮੰਤਰੀ ਹੈ। ਇਸ ਲਈ ਪਰਿਵਾਰਕ ਹਿਤਾਂ ਤੋਂ ਉੱਪਰ ਉੱਠ ਕੇ ਆਪਣੇ ਕਰਤੱਵਾਂ ਦਾ ਪਾਲਣ ਅਤੇ ਫਰਜ ਨਿਭਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਪ੍ਰਦੇਸ਼ ਕਾਂਗਰਸ ਵੱਲੋਂ ਦਿੱਤੇ ਗਏ ਚੱਕਾ ਜਾਮ ਦੇ ਸੱਦੇ ਨੂੰ ਲੋਕਾਂ ਵੱਲੋਂ ਭਰਪੂਰ ਸਮਰਥਨ ਮਿਲਿਆ ਹੈ। ਉਹਨਾਂ ਕਿਹਾ ਕਿ ਚੱਕਾ ਜਾਮ ਕਰ ਕੇ ਕਾਂਗਰਸ ਨੇ ਬਾਦਲ ਸਰਕਾਰ ਨੂੰ ਜਗਾਉਣ ਅਤੇ ਲੋਕ ਰਾਏ ਤੋਂ ਜਾਣੂ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਬਾਦਲ ਸਰਕਾਰ ਆਪਣਿਆਂ ਨੂੰ ਬਚਾਉਣ ‘ਚ ਲੱਗੀ ਹੋਈ ਹੈ। ਲੋਕ ਰਾਏ ਦੇ ਉਲਟ ਜਾਣ ਕਰਕੇ ਬਾਦਲ ਸਰਕਾਰ ਨੇ ਲੋਕਾਂ ਦਾ ਭਰੋਸਾ ਗਵਾਲਿਆ ਹੈ। ਉਹਨਾਂ ਦੱਸਿਆ ਕਿ ਲੋਕ ਕਚਹਿਰੀ ਵਿੱਚ ਬਿਕਰਮ ਮਜੀਠੀਆ ਸਮੇਤ ਹੋਰਨਾਂ ਮੰਤਰੀਆਂ ਤੇ ਅਕਾਲੀ ਆਗੂਆਂ ਨੂੰ ਬੇਪਰਦ ਕਰਨ ਲਈ ਸੀਬੀਆਈ ਜਾਂਚ ਕਰਾਉਣ ਲਈ ਕਾਂਗਰਸ ਨੇ ਕਾਨੂੰਨੀ ਚਾਰਾਜੋਈ ਕੀਤੀ ਹੋਇਆ ਹੈ।

Facebook Comment
Project by : XtremeStudioz