Close
Menu

ਮਜੀਠੀਆ ਤੋਂ ਸਾਢੇ ਚਾਰ ਘੰਟੇ ਪੁੱਛਗਿੱਛ

-- 27 December,2014

ਜਲੰਧਰ,  ਸਿੰਥੈਟਿਕ ਡਰੱਗ ਦੇ ਮਾਮਲੇ ’ਚ ਕਥਿਤ ਤੌਰ ’ਤੇ ਨਾਂ ਆਉਣ ਤੋਂ ਬਾਅਦ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਕਲ੍ਹ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਦਫ਼ਤਰ ’ਚ ਪੇਸ਼ ਹੋਏ। ਈਡੀ ਅਧਿਕਾਰੀਆਂ ਨੇ ਸ੍ਰੀ ਮਜੀਠੀਆ ਤੋਂ ਲਗਭਗ ਸਾਢੇ ਚਾਰ ਘੰਟੇ ਤੱਕ ਪੁਛਗਿੱਛ ਕੀਤੀ। ਬਾਅਦ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹ ਹਰ ਤਰ੍ਹਾਂ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ ਤੇ ਸੱਚ ਸਾਹਮਣੇ ਆ ਹੀ ਜਾਵੇਗਾ।

ਸ੍ਰੀ ਮਜੀਠੀਆ ਕਲ੍ਹ ਸਵੇਰੇ 10 ਵਜ ਕੇ 20 ਮਿੰਟ ’ਤੇ ਈਡੀ ਦਫ਼ਤਰ ’ਚ ਪੇਸ਼ ਹੋਏ। ਪੁਛਗਿੱਛ ਤੋਂ ਬਾਅਦ ਦੁਪਹਿਰ 2 ਵਜ ਕੇ 55 ਮਿੰਟ ’ਤੇ ਉਹ ਬਾਹਰ ਨਿਕਲੇ। ਸਵੇਰੇ ਪੇਸ਼ ਹੋਣ ਤੋਂ ਪਹਿਲਾਂ ਤੇ ਪੇਸ਼ ਹੋਣ ਤੋਂ ਬਾਅਦ ਸ੍ਰੀ ਮਜੀਠੀਆ ਦੇ ਵਤੀਰੇ ’ਚ ਕਾਫੀ ਬਦਲਾਅ ਆਇਆ ਹੋਇਆ ਸੀ। ਪੁਲੀਸ ਨੇ ਉਨ੍ਹਾਂ ਦੀ ਪੇਸ਼ੀ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਸਨ। ਈਡੀ ਦਫ਼ਤਰ ਨੂੰ ਜਾਣ ਵਾਲੇ ਰਸਤਿਆਂ ’ਤੇ ਪੁਲੀਸ ਨੇ ਨਾਕੇ ਲਾਏ ਹੋਏ ਸਨ ਤੇ ਉਧਰ ਕਿਸੇ ਵੀ ਵਾਹਨ ਨੂੰ ਜਾਣ ਨਹੀਂ ਦਿੱਤਾ ਜਾ ਰਿਹਾ ਸੀ।

ਐਨਫੋਰਸਮੈਂਟ ਡਾਇਰੈਕਟੋਰੇਟ ਨੇ ਕਾਲੇ ਧਨ ਨੂੰ ਚਿੱਟਾ ਕਰਨ ਰੋਕੂ ਐਕਟ (ਪੀਐਮਐਲਏ) ਤਹਿਤ ਸ੍ਰੀ ਮਜੀਠੀਆ ਨੂੰ ਪੇਸ਼ ਹੋਣ ਲਈ ਕਿਹਾ ਸੀ। ਈਡੀ ਦੇ ਸੂਤਰਾਂ ਨੇ ਦੱਸਿਆ,‘‘ਮਜੀਠੀਆ ਦੇ ਪੀਐਮਐਲਏ ਤਹਿਤ ਬਿਆਨ ਦਰਜ ਕੀਤੇ ਗਏ ਹਨ ਅਤੇ ਈਡੀ ਦੇ ਵਿਸ਼ੇਸ਼ ਡਾਇਰੈਕਟਰ (ਉਤਰੀ) ਕਰਨੈਲ ਸਿੰਘ ਦੀ ਅਗਵਾਈ ਹੇਠ ਤਿੰਨ ਮੈਂਬਰੀ ਟੀਮ ਨੇ ਉਨ੍ਹਾਂ ਤੋਂ ਪੁਛਗਿੱਛ ਕੀਤੀ। ਮੰਤਰੀ ਨੇ ਜਾਂਚ ’ਚ ਅੱਗੇ ਵੀ ਸਹਿਯੋਗ ਦਾ ਵਾਅਦਾ ਕੀਤਾ ਹੈ।’’ ਜਾਂਚ ਏਜੰਸੀ ਵੱਲੋਂ ਵਿੱਤੀ ਲੈਣ ਦੇਣ ਬਾਰੇ ਦਸਤਾਵੇਜ਼ ਵੀ ਮੰਗੇ ਗਏ ਸਨ ਜੋ ਸ੍ਰੀ ਮਜੀਠੀਆ ਨੇ ਉਨ੍ਹਾਂ ਕੋਲ ਜਮ੍ਹਾਂ ਕਰਵਾ ਦਿੱਤੇ ਹਨ।
ਪੇਸ਼ੀ ਭੁਗਤਣ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਨੇ ਮੀਡੀਆ ਕਰਮੀਆਂ ਨੂੰ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ ਭਾਵੇਂ ਕਿਸੇ ਵੀ ਏਜੰਸੀ ਤੋਂ ਇਸ ਦੀ ਜਾਂਚ ਕਰਵਾ ਲਈ ਜਾਵੇ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਜੋ ਵੀ ਸੱਚ ਹੈ, ਉਹ ਬਾਹਰ ਆ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਈਡੀ ਨੂੰ ਜਾਂਚ ’ਚ ਸਹਿਯੋਗ ਦੇ ਰਹੇ ਹਨ ਕਿਉਂਕਿ ਜੇ ਉਹ ਚਾਹੁੰਦੇ ਤਾਂ ਪੇਸ਼ ਹੋਣ ਲਈ ਕੋਈ ਹੋਰ ਤਰੀਕ ਮੰਗ ਸਕਦੇ ਸਨ ਪਰ ਉਨ੍ਹਾਂ ਪਹਿਲਾਂ ਹੀ ਆਉਣਾ ਬਿਹਤਰ ਸਮਝਿਆ।
ਮਾਲ ਮੰਤਰੀ ਮੀਡੀਆ ਨਾਲ ਗੱਲਬਾਤ ਲਈ ਪੂਰੀ ਤਿਆਰੀ ਨਾਲ ਆਏ ਸਨ। ਉਨ੍ਹਾਂ ਪੱਤਰਕਾਰਾਂ ਵੱਲੋਂ ਪੁੱਛੇ ਗਏ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ। ਭਾਜਪਾ ਵੱਲੋਂ ਵਾਰ ਵਾਰ ਅਸਤੀਫ਼ਾ ਮੰਗੇ ਜਾਣ ਬਾਰੇ ਪੁੱਛੇ ਗਏ ਸਵਾਲ ਦਾ ਉਨ੍ਹਾਂ ਕੋਈ ਜਵਾਬ ਨਹੀਂ ਦਿੱਤਾ ਅਤੇ ਉਹ ਗੱਡੀ ’ਚ ਬੈਠ ਕੇ ਨਿਕਲ ਗਏ। ਜਲੰਧਰ ਸ਼ਹਿਰ ਦੀ ਜੂਹ ਪਾਰ ਕਰਨ ਦੀ ਜਿਉਂ ਹੀ ਪੁਲੀਸ ਅਧਿਕਾਰੀਆਂ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਸੁੱਖ ਦਾ ਸਾਹ ਲਿਆ।
ਅਕਾਲੀ-ਭਾਜਪਾ ਸਰਕਾਰ ਦੇ ਮਜੀਠੀਆ ਤੀਜੇ ਆਗੂ ਹਨ ਜਿਨ੍ਹਾਂ ਨੂੰ ਈਡੀ ਸਾਹਮਣੇ ਪੇਸ਼ੀ ਭੁਗਤਣੀ ਪਈ ਹੈ। ਇਸ ਤੋਂ ਪਹਿਲਾਂ ਸਾਬਕਾ ਮੰਤਰੀ ਸਰਵਨ ਸਿੰਘ ਫਿਲੌਰ ਤੇ ਅਵਿਨਾਸ਼ ਚੰਦਰ ਤੋਂ ਈਡੀ ਕਈ ਵਾਰ ਪੁਛਗਿੱਛ ਕਰ ਚੁੱਕੀ ਹੈ। ਇਹ ਤਿੰਨੇ ਆਗੂ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਹਨ। ਸ੍ਰੀ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੇ ਪਹਿਲੇ ਅਜਿਹੇ ਆਗੂ ਹਨ ਜਿਹੜੇ ਬਤੌਰ ਮੰਤਰੀ ਈਡੀ ਅੱਗੇ ਪੇਸ਼ ਹੋਏ ਜਦਕਿ ਸ੍ਰੀ ਫਿਲੌਰ ਤੋਂ ਪੇਸ਼ੀ ਤੋਂ ਪਹਿਲਾਂ ਹੀ ਅਸਤੀਫ਼ਾ ਲੈ ਲਿਆ ਗਿਆ ਸੀ। ਭਾਜਪਾ ਵੀ ਮਾਲ ਮੰਤਰੀ ਦੀ ਜਾਂਚ ਹੋਣ ਤੱਕ ਅਸਤੀਫ਼ਾ ਮੰਗ ਰਹੀ ਹੈ।
ਤਿੰਨ ਪਰਵਾਸੀ ਭਾਰਤੀਆਂ ਨੇ ਇਸ ਗੱਲ ਦਾ ਖ਼ੁਲਾਸਾ ਕੀਤਾ ਸੀ ਕਿ ਉਹ ਬਿਕਰਮ ਸਿੰਘ ਮਜੀਠੀਆ ਨੂੰ ਜਾਣਦੇ ਹਨ ਤੇ ਇਹ ਪਰਵਾਸੀ ਭਾਰਤੀ ਵੀ ਸਿੰਥੈਟਿਕ ਡਰੱਗ ਦੇ ਮਾਮਲੇ ’ਚ ਫਸੇ ਹੋਏ ਹਨ। ਇਨ੍ਹਾਂ ਸਾਰਿਆਂ ਦੇ ਨਾਵਾਂ ਦਾ ਖ਼ੁਲਾਸਾ ਸਿੰਥੈਟਿਕ ਡਰੱਗ ਦੇ ਮੁੱਖ ਸਰਗਣੇ ਜਗਦੀਸ਼ ਸਿੰਘ ਭੋਲਾ ਨੇ ਕੀਤਾ ਸੀ।
ਕਾਂਗਰਸ ਤੇ ਏਬੀਵੀਪੀ ਵਰਕਰਾਂ ਨੇ ਪੁਤਲੇ ਫੂਕੇ
ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਈਡੀ ਦਫ਼ਤਰ ’ਚ ਪੇਸ਼ੀ ਨੂੰ ਲੈ ਕੇ ਕਾਂਗਰਸ ਤੇ ਏਬੀਵੀਪੀ ਦੇ ਕਾਰਕੁਨਾਂ ਨੇ ਵੱਖੋ-ਵੱਖ ਥਾਵਾਂ ’ਤੇ ਉਨ੍ਹਾਂ ਦੇ ਪੁਤਲੇ ਫੂਕ ਕੇ ਪ੍ਰਦਰਸ਼ਨ ਕੀਤਾ। ਦੋਹਾਂ ਜਥੇਬੰਦੀਆਂ ਦੇ ਕਾਰਕੁਨਾਂ ਨੂੰ ਪੁਲੀਸ ਨੇ ਹਿਰਾਸਤ ’ਚ ਲੈਣ ਤੋਂ ਬਾਅਦ ਸ਼ਾਮ ਨੂੰ ਛੱਡ ਦਿੱਤਾ। ਏਬੀਵੀਪੀ ਕਾਰਕੁਨ ਸੌਰਭ ਕਪੂਰ ਦੀ ਅਗਵਾਈ ਹੇਠ ਆਏ ਤੇ ਉਨ੍ਹਾਂ ਈਡੀ ਦਫ਼ਤਰ ਨੇੜੇ ਮਜੀਠੀਆ ਦਾ ਪੁਤਲਾ ਫੂਕਿਆ ਤੇ ਨਾਅਰੇਬਾਜ਼ੀ ਕੀਤੀ। ਪੁਤਲੇ ’ਤੇ ਕਾਲੇ ਰੰਗ ਨਾਲ ਡਰੱਗ ਮਾਫੀਆ ਲਿਖਿਆ ਹੋਇਆ ਸੀ। ਪੁਲੀਸ ਨੇ ਵਿਰੋਧ ਕਰ ਰਹੇ ਕਾਰਕੁਨਾਂ ਨੂੰ ਹਿਰਾਸਤ ਵਿੱਚ ਲੈ ਲਿਆ।ਉਧਰ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਦੀ ਅਗਵਾਈ ਹੇਠ ਹੇਠ ਵਰਕਰਾਂ ਨੇ ਬਿਕਰਮ ਮਜੀਠੀਆ ਦਾ ਪੁਤਲਾ ਫੂਕਿਆ। ਇਸ ਪੁਤਲੇ ਦੇ ਗਲ ਵਿੱਚ ਚਿੱਟਾ ਡਰੱਗ ਲਿਖ ਕੇ ਮਾਲਾ ਪਾਈ ਹੋਈ ਸੀ। ਕਾਂਗਰਸ ਆਗੂਆਂ ਨੇ ਮਜੀਠੀਆ ਵਿਰੁਧ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਕਿ ਸਿੰਥੈਟਿਕ ਡਰੱਗ ਦੇ ਮਾਮਲੇ ’ਚ ਨਾਮ ਆਉਣ ਕਾਰਨ ਮਜੀਠੀਆ ਨੂੰ ਮੰਤਰੀ ਅਹੁਦੇ ਤੋਂ ਵੱਖ ਕੀਤਾ ਜਾਵੇ। ਪੁਲੀਸ ਨੇ ਕਾਂਗਰਸ ਆਗੂਆਂ ਨੂੰ ਵੀ ਹਿਰਾਸਤ ਵਿੱਚ ਲੈ ਲਿਆ। ਪਹਿਲਾਂ ਉਹ ਸਾਰੇ ਕਾਂਗਰਸ ਆਗੂਆਂ ਨੂੰ ਬੱਸ ਵਿੱਚ ਬਿਠਾ ਕੇ ਮਕਸੂਦਾਂ ਥਾਣੇ ਲੈ ਗਏ। ਫਿਰ ਉਨ੍ਹਾਂ ਨੂੰ 7 ਨੰਬਰ ਥਾਣੇ ਲੈ ਗਏ। ਕਾਂਗਰਸੀਆਂ ਨੂੰ ਸਾਰਾ ਸ਼ਹਿਰ ਘੁੰਮਾਉਣ ਤੋਂ ਬਾਅਦ ਪੁਲੀਸ ਨੇ ਉਦੋਂ ਛੱਡਿਆ ਜਦੋਂ ਮਾਲ ਮੰਤਰੀ ਪੇਸ਼ੀ ਭੁਗਤਣ ਤੋਂ ਬਾਅਦ ਸ਼ਹਿਰ ਤੋਂ ਬਾਹਰ ਚਲੇ ਗਏ।

ਮਜੀਠੀਆ ਨੂੰ ਦੁਬਾਰਾ ਸੰਮਨ ਕਰਨ ਬਾਰੇ ਈਡੀ ਖ਼ਾਮੋਸ਼
ਈਡੀ ਨੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਤੋਂ ਕੀਤੀ ਗਈ ਪੁਛਗਿੱਛ ਦੌਰਾਨ ਉਨ੍ਹਾਂ ਕੋਲੋਂ ਲਿਖਤੀ ਬਿਆਨ ਹਾਸਲ ਕੀਤੇ ਹਨ। ਇਸ ਜਾਂਚ ਵਿੱਚ ਦਿੱਲੀ ਤੋਂ ਉਚੇਚੇ ਤੌਰ ’ਤੇ ਪੁਛਗਿੱਛ ਲਈ ਆਈਪੀਐਸ ਕਰਨੈਲ ਸਿੰਘ ਆਏ ਹੋਏ ਸਨ। ਕਰਨੈਲ ਸਿੰਘ ਨੂੰ ਹਾਲ ਹੀ ਵਿੱਚ ਈਡੀ ਦਾ ਸਪੈਸ਼ਲ ਡਾਇਰੈਕਟਰ ਲਾਇਆ ਗਿਆ ਹੈ। ਇਸ ਤੋਂ ਪਹਿਲਾਂ ਉਹ ਬਹੁਚਰਚਿਤ ਇਸ਼ਰਤ ਜਹਾਂ ਅਤੇ ਬਾਟਲਾ ਹਾਊਸ ਐਨਕਾਊਂਟਰ ਮਾਮਲੇ ਦੀ ਜਾਂਚ ਕਰ ਚੁੱਕੇ ਹਨ। ਜਾਂਚ ਟੀਮ ’ਚ ਜੁਆਇੰਟ ਡਾਇਰੈਕਟਰ ਗਰੀਸ਼ ਬਾਲੀ ਅਤੇ ਸਹਾਇਕ ਡਾਇਰੈਕਟਰ-ਕਮ-ਜਾਂਚ ਅਫ਼ਸਰ ਨਿਰੰਜਣ ਸਿੰਘ ਨੇ ਪੁਛਗਿੱਛ ਕੀਤੀ। ਈਡੀ ਸੂਤਰਾਂ ਅਨੁਸਾਰ ਜਾਂਚ ਦੌਰਾਨ ਸ੍ਰੀ ਮਜੀਠੀਆ ਆਪਣੇ ਨਾਲ ਬਹੁਤ ਹੀ ਘੱਟ ਦਸਤਾਵੇਜ਼ ਲੈ ਕੇ ਆਏ ਸਨ। ਈਡੀ ਦੇ ਸਪੈਸ਼ਲ ਪਬਲਿਕ ਐਡਵੋਕੇਟ ਚੌਧਰੀ ਮਨਜਿੰਦਰ ਸਿੰਘ ਵੀ ਪੁਛਗਿੱਛ ਦੌਰਾਨ ਹਾਜ਼ਰ ਸਨ। ਈਡੀ ਦੇ ਸੂਤਰਾਂ ਨੇ ਦੱਸਿਆ ਕਿ ਇਸ ਮਾਮਲੇ ’ਚ ਪਹਿਲਾਂ ਪੇਸ਼ ਹੋਏ ਵਿਅਕਤੀਆਂ ਵੱਲੋਂ ਦਿੱਤੇ ਗਏ ਬਿਆਨਾਂ ਦਾ ਮਿਲਾਣ ਮਜੀਠੀਆ ਦੇ ਬਿਆਨਾਂ ਨਾਲ ਕੀਤਾ ਜਾਵੇਗਾ। ਉਸ ਤੋਂ ਬਾਅਦ ਹੀ ਫ਼ੈਸਲਾ ਕੀਤਾ ਜਾਵੇਗਾ ਕਿ ਸ੍ਰੀ ਮਜੀਠੀਆ ਨੂੰ ਦੁਬਾਰਾ ਸੰਮਨ ਕੀਤਾ ਜਾਵੇ ਜਾਂ ਨਾ।

ਸਵਾਰ ਕੇ ਫੋਟੋ ਲਾਇਓ…
ਈਡੀ ਦੇ ਦਫ਼ਤਰ ’ਚ ਪੇਸ਼ੀ ਭੁਗਤਣ ਲਈ ਜਦੋਂ ਬਿਕਰਮ ਸਿੰਘ ਮਜੀਠੀਆ ਪਹੁੰਚੇ ਤਾਂ ਪ੍ਰੈਸ ਫੋਟੋਗਰਾਫਰਾਂ ਨੇ ਉਨ੍ਹਾਂ ਦੁਆਲੇ ਝੁਰਮਟ ਪਾ ਲਿਆ। ਉਨ੍ਹਾਂ ਕਾਰ ’ਚੋਂ ਉਤਰਦਿਆਂ ਹੀ ਮਜ਼ਾਕੀਆ ਲਹਿਜ਼ੇ ’ਚ ਕਿਹਾ ਕਿ ‘ਸਵਾਰ ਕੇ ਫੋਟੋ ਲਾਇਓ ਤੇ ਬੇਫਿਕਰ ਹੋ ਜਾਓ।’ ਇਸ ਮੌਕੇ ਉਨ੍ਹਾਂ ਨਾਲ ਜਲੰਧਰ ਛਾਉਣੀ ਦੇ ਵਿਧਾਇਕ ਪਰਗਟ ਸਿੰਘ ਵੀ ਸਨ।

Facebook Comment
Project by : XtremeStudioz