Close
Menu

ਮਜੀਠੀਆ ਵਲੋਂ ਪ੍ਰਵਾਸੀ ਭਾਰਤੀ ਪੰਜਾਬੀਆਂ ਨੂੰ ਆਪੋ ਆਪਣੇ ਖੇਤਰਾਂ ਦੇ ਵਿਕਾਸ ਵਿਚ ਯੋਗਦਾਨ ਪਾਉਣ ਦਾ ਸੱਦਾ

-- 07 August,2013

PRM5

ਚੰਡੀਗੜ੍ਹ, 7 ਅਗਸਤ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਨੇ ਅੱਜ ਆਪਣੇ ਰਾਜ/ਖੇਤਰ/ਜੱਦੀ ਪਿੰਡ ਦੇ ਸਰਬਪੱਖੀ ਵਿਕਾਸ ਲਈ ਅੱਗੇ ਆਉਣ ਵਾਲੇ ਪ੍ਰਵਾਸੀ ਭਾਰਤੀਆਂ ਨਾਲ ਹੱਥ ਮਿਲਾਉਣ ਲਈ ਉਸ ਸਮੇਂ ਵੱਡੀ ਪੁਲਾਂਘ ਪੁੱਟੀ ਜਦੋਂ ਰਾਜ ਦੇ 4 ਜਿਲ੍ਹਿਆਂ ਜਲੰਧਰ, ਹੁਸ਼ਿਆਰਪੁਰ, ਲੁਧਿਆਣਾ ਅਤੇ ਨਵਾਂਸ਼ਹਿਰ ਵਿਚ ਚੱਲ ਰਹੇ 10 ਕਰੋੜ ਤੋਂ ਵੀ ਵੱਧ ਲਾਗਤ ਵਾਲੇ 7 ਪ੍ਰਾਜੈਕਟਾਂ ਲਈ ਮੈਚਿੰਗ ਗ੍ਰਾਂਟ ਦੀ ਦੂਜੀ ਕਿਸ਼ਤ ਵਜੋਂ 1.5 ਕਰੋੜ ਰੁਪਏ ਦੇ ਚੈਕ ਤਕਸੀਮ ਕੀਤੇ ਗਏ।

ਅੱਜ ਇਥੇ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਇਹ ਚੈਕ ਸੌਂਪਦਿਆਂ ਸ. ਬਿਕਰਮ ਸਿੰਘ ਮਜੀਠੀਆ, ਪ੍ਰਵਾਸੀ ਭਾਰਤੀ ਮਾਮਲੇ ਮੰਤਰੀ, ਪੰਜਾਬ ਨੇ ਪ੍ਰਵਾਸੀ ਵੀਰਾਂ ਵਲੋਂ ਆਰੰਭੇ ਗਏ ਇਨ੍ਹਾਂ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕਰਦਿਆਂ ਹੋਰਨਾਂ ਪ੍ਰਵਾਸੀ ਭਾਰਤੀਆਂ ਨੂੰ ਵੀ ਆਪੋ ਆਪਣੇ ਇਲਾਕਿਆਂ ਦੇ ਵਿਕਾਸ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਇਸ ਨਿਵੇਕਲੀ ਸਕੀਮ ਤਹਿਤ ਕਿਸੇ ਪ੍ਰਵਾਸੀ ਭਰਾ ਵਲੋਂ ਆਪਣੇ ਖੇਤਰ ਵਿਚ ਸ਼ੁਰੂ ਕੀਤੇ ਜਾਣ ਵਾਲੇ ਵਿਕਾਸ ਕਾਰਜ਼ ਲਈ ਉਸ ਵਲੋਂ ਖਰਚੇ ਜਾਂਦੇ 25 ਰੁਪਏ ਪਿੱਛੇ 75 ਰੁਪਏ ਦਾ ਯੋਗਦਾਨ ਰਾਜ ਸਰਕਾਰ ਵਲੋਂ ਪਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਯੋਜਨਾ ਦਾ ਦੁਵੱਲਾ ਮਕਸਦ ਜਿਥੇ ਰਾਜ ਅੰਦਰ ਵੱਧ ਤੋਂ ਵੱਧ ਲੋਕਾਂ ਨੂੰ ਵਿਕਾਸ ਵਿਚ ਭਾਈਵਾਲ ਬਣਾਇਆ ਜਾਣਾ ਹੈ ਉਥੇ ਪ੍ਰਵਾਸੀ ਭਾਰਤੀਆਂ ਨੂੰ ਉਨ੍ਹਾਂ ਦੀਆਂ ਜੜ੍ਹਾਂ ਨਾਲ ਜੋੜਕੇ ਰੱਖਿਆ ਜਾਣਾ ਵੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਪ੍ਰਵਾਸੀ ਵੀਰਾਂ ਵਲੋਂ ਦੁਨੀਆਂ ਦੇ ਹਰ ਕੋਨੇ ਵਿਚ ਮਾਰੀਆਂ ਗਈਆਂ ਵੱਡੀਆਂ ਮੱਲਾਂ ਦਾ ਬੇਹੱਦ ਮਾਣ ਹੈ ਅਤੇ ਸਾਡੀ ਪੁਰਜ਼ੋਰ ਕੋਸ਼ਿਸ਼ ਹੈ ਕਿ ਉਹ ਆਪਣੀ ਮਾਤਭੂਮੀ ਨਾਲ ਹਮੇਸ਼ਾ ਜੁੜੇ ਰਹਿਣ।

ਉਨ੍ਹਾਂ ਕਿਹਾ ਕਿ ਰਾਜ ਦੇ ਪ੍ਰਵਾਸੀ ਭਾਰਤੀ ਮਾਮਲੇ ਵਿਭਾਗ ਨੂੰ ਵੱਡੀ ਗਿਣਤੀ ਵਿਚ ਅਜਿਹੇ ਪ੍ਰਾਜੈਕਟਾਂ ਦੀਆਂ ਪੇਸ਼ਕਸ਼ਾਂ ਮਿਲ ਰਹੀਆਂ ਹਨ ਅਤੇ ਉਹਨਾਂ ਦਾ ਵਿਭਾਗ ਵੱਧ ਤੋਂ ਵੱਧ ਪ੍ਰਾਜੈਕਟਾਂ ਨੂੰ ਮੰਜੂਰੀ ਦੇਣ ਉਪਰੰਤ ਮੈਚਿੰਗ ਗ੍ਰਾਂਟ ਪ੍ਰਦਾਨ ਕਰਕੇ ਸਮੇਂ ਸਿਰ ਇਨ੍ਹਾਂ ਪ੍ਰਾਜੈਕਟਾਂ ਨੂੰ ਨੇਪਰੇ ਚਾੜ੍ਹਣ ਲਈ ਦ੍ਰਿੜ ਸੰਕਲਪ ਹੈ। ਉਨ੍ਹਾਂ ਇਸ ਮੌਕੇ ਮੌਜੂਦ ਪੰਜਾਬ ਦੇ ਲੋਕ ਨਿਰਮਾਣ ਮੰਤਰੀ ਸ਼੍ਰੀ ਸ਼ਰਨਜੀਤ ਸਿੰਘ ਢਿੱਲੋਂ, ਓਲੰਪੀਅਨ ਸ. ਪਰਗਟ ਸਿੰਘ ਅਤੇ ਸ਼੍ਰੀ ਮਨਪ੍ਰੀਤ ਸਿੰਘ ਅਯਾਲੀ, ਦੋਵੇਂ ਵਿਧਾਇਕਾਂ ਵਲੋਂ ਆਪੋ ਆਪਣੇ ਖੇਤਰਾਂ ਦੇ ਪ੍ਰਵਾਸੀ ਭਾਰਤੀਆਂ ਨਾਲ ਕਾਇਮ ਕੀਤੇ ਜਾ ਰਹੇ ਨਿੱਘੇ ਸਬੰਧਾਂ ਦੀ ਵਿਸ਼ੇਸ਼ ਸ਼ਲਾਘਾ ਕਰਦਿਆਂ ਕਿਹਾ ਕਿ ਸਾਡਾ ਸਾਰਿਆਂ ਦਾ ਇਖਲਾਕੀ ਫਰਜ਼ ਬਣ ਜਾਂਦਾ ਹੈ ਕਿ ਅਸੀਂ ਸਾਡੇ ਪ੍ਰਵਾਸੀ ਭਾਰਤੀ ਵੀਰਾਂ ਨੂੰ ਬਣਦਾ ਮਾਣ ਸਤਿਕਾਰ ਦੇਈਏ।

ਇਸ ਮੌਕੇ ਸ. ਮਜੀਠੀਆ ਨੇ ਪ੍ਰਮੁੱਖ ਸਕੱਤਰ ਪ੍ਰਵਾਸੀ ਭਾਰਤੀ ਮਾਮਲੇ ਡਾ. ਐਸ.ਐਸ. ਚੰਨੀ ਨੂੰ ਕਿਹਾ ਕਿ ਉਹ ਇੱਕ ਨੋਡਲ ਅਧਿਕਾਰੀ ਤਾਇਨਾਤ ਕਰਨ ਜੋ ਵੱਖ ਵੱਖ ਵਿਕਾਸ ਪ੍ਰਾਜੈਕਟ ਸ਼ੁਰੂ ਕਰਨ ਵਾਲੇ ਪ੍ਰਵਾਸੀ ਭਾਰਤੀਆਂ ਨਾਲ ਨਿਰੰਤਰ ਸੰਪਰਕ ਵਿਚ ਰਹਿਣ ਤਾਂ ਜੋ ਉਨ੍ਹਾਂ ਨੂੰ ਆਪਣੇ ਪ੍ਰਾਜੈਕਟ ਨੂੰ ਸਮੇਂ ਸਿਰ ਨੇਪਰੇ ਚਾੜ੍ਹਣ ਦੀ ਕਿਸੇ ਕਿਸਮ ਦੀ ਤਕਲੀਫ ਦਰਪੇਸ਼ ਨਾ ਆਵੇ। ਇਸ ਮੌਕੇ ਸ. ਮਜੀਠੀਆ ਨੇ ਗੁਰੂ ਨਾਨਕ ਮਿਸ਼ਨ ਹਸਪਤਾਲ ਸੁਸਾਇਟੀ, ਮਿੱਠਾਪੁਰ (25 ਲੱਖ ਰੁਪਏ), ਪਿੰਡ ਵਿਕਾਸ ਕਮੇਟੀ, ਦੂੜ੍ਹੇ (20 ਲੱਖ ਰੁਪਏ), ਢੰਡਾ ਵਿਕਾਸ ਸੁਸਾਇਟੀ (5 ਲੱਖ ਰੁਪਏ), ਰਾਏਪੁਰ ਫਰਾਲਾ ਵੈਲਫੇਅਰ ਟਰੱਸਟ (20 ਲੱਖ ਰੁਪਏ), ਇੰਡੀਆ ਕਨੇਡਾ ਵਿਲੇਜ਼ ਇੰਪਰੂਵਮੈਂਟ ਟਰੱਸਟ ਨੂੰ ਪਿੰਡ ਪੰਡੋਰੀ ਕੱਦ ਲਈ (20 ਲੱਖ ਰੁਪਏ), ਵਿਲੇਜ਼ ਲਾਈਫ ਇੰਪਰੂਵਮੈਂਟ ਫਾਉਂਡੇਸ਼ਨ, ਕਨੇਚ (30 ਲੱਖ ਰੁਪਏ), ਇੰਡੀਆ ਕਨੇਡਾ ਵਿਲੇਜ਼ ਇੰਪਰੂਵਮੈਂਟ ਟਰੱਸਟ ਨੂੰ ਪਿੰਡ ਰਟੈਂਡਾ ਲਈ (30 ਲੱਖ ਰੁਪਏ) ਦੇ ਚੈਕ ਮੈਚਿੰਗ ਗ੍ਰਾਂਟ ਵਜੋਂ ਸੌਂਪੇ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੀ ਬੀ. ਪੁਰੂਸ਼ਾਰਥਾ, ਕਮਿਸ਼ਨਰ ਪ੍ਰਵਾਸੀ ਭਾਰਤੀ ਮਾਮਲੇ ਅਤੇ ਡਾ. ਅਮਰਪਾਲ ਸਿੰਘ, ਵਧੀਕ ਸਕੱਤਰ ਪ੍ਰਵਾਸੀ ਭਾਰਤੀ ਮਾਮਲੇ ਵੀ ਮੌਜੂਦ ਸਨ।

Facebook Comment
Project by : XtremeStudioz