Close
Menu

ਮਜੀਠੀਆ ਵਲੋਂ 1984 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਜ਼ੋਰਦਾਰ ਮੰਗ

-- 24 September,2013

2-8

ਨਵੀਂ ਦਿੱਲੀ, 24 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਨੇ ਕੌਮੀ ਏਕਤਾ ਪ੍ਰੀਸ਼ਦ ‘ਤੇ ਸੰਨ 1984 ਦੇ ਨਿਰਦੋਸ਼ ਸਿੱਖਾਂ ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਵਿਚ ਵਿਵਸਥਾ ਦੀ ਅਸਫਲਤਾ ਨੂੰ ਦਰੁਸਤ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਮੁੜ ਵਿਸ਼ਵਾਸ਼ ਦੀ ਬਹਾਲੀ ਲਈ ਫਿਰਕੁ ਹਿੰਸਾ ਉਪਰੰਤ ਨਿਆਂ ਨੂੰ ਯਕੀਨੀ ਬਣਾਉਣ ਦੀ ਜ਼ੋਰਦਾਰ ਵਕਾਲਤ ਕੀਤੀ ਹੈ।

ਅੱਜ ਇਥੇ ਵਿਗਿਆਨ ਭਵਨ ਵਿਚ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਅਗਵਾਈ ਹੇਠ ਹੋਈ ਕੌਮੀ ਏਕਤਾ ਪ੍ਰੀਸ਼ਦ ਦੀ 16ਵੀਂ ਮੀਟਿੰਗ ਵਿਚ ਪੰਜਾਬ ਸਰਕਾਰ ਦੀ ਪ੍ਰਤੀਨਿਧਤਾ ਕਰਦਿਆਂ ਸੂਚਨਾ ਅਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਵਿਚ ਅਸਫਲਤਾ ਅਤੇ ਉਸ ਉਪਰੰਤ ਕਾਤਲਾਂ ਨੂੰ ਉਚ ਅਹੁਦਿਆਂ ਨਾਲ ਨਵਾਜ਼ ਕੇ ਕਿਸੇ ਵੀ ਸੂਰਤ ਵਿਚ ਅਮਨ, ਆਪਸੀ ਭਾਈਚਾਰੇ ਅਤੇ ਕੌਮੀ ਏਕਤਾ ਨੂੰ ਪ੍ਰਫੁਲੱਤ ਨਹੀਂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਵਿਵਸਥਾ ਦੀ 30 ਦੇ ਲੰਬੇ ਇੰਤਜ਼ਾਰ ਉਪਰੰਤ ਪੀੜਿਤਾਂ ਨੂੰ ਨਿਆਂ ਦੇਣ ਵਿਚ ਅਸਫਲਤਾ ਨੇ ਨਾ ਸਿਰਫ ਲੋਕ ਮਨਾਂ ਅੰਦਰ ਰੋਸ਼ ਪੈਦਾ ਕੀਤਾ ਹੈ ਬਲਕਿ ਬੇਗਾਨਗੀ ਦੀ ਭਾਵਨਾ ਨੂੰ ਵੀ ਵਧਾਉਣ ਵਿਚ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੁੱਦਿਆਂ ਨੂੰ ਹੱਲ੍ਹ ਕਰਨ ਵਿਚ ਕੌਮੀ ਏਕਤਾ ਪ੍ਰੀਸ਼ਦ ਨੂੰ ਬੇਹੱਦ ਗੰਭੀਰਤਾ ਦਿਖਾਉਣੀ ਚਾਹੀਦੀ ਹੈ ਕਿਉਂਕਿ ਇਹ ਪ੍ਰੀਸ਼ਦ ਆਪਣੀ ਪ੍ਰੀਭਾਸ਼ਾ ਅਨੁਸਾਰ ਆਪਣੇ ਲੋਕਾਂ ਦੀ ਜਜਬਾਤੀ ਸਾਂਝ ਨੂੰ ਮਜ਼ਬੂਤ ਕਰਨ ਦਾ ਸਭ ਤੋਂ ਢੁੱਕਵਾਂ ਮੰਚ ਹੈ। ਸਿਆਸੀ ਆਗੂਆਂ ਦੀ ਸੰਜੀਦਗੀ ਅਤੇ ਨਿਰਪੱਖਤਾ ਦਾ ਵਿਸ਼ਵਾਸ਼ ਲੋਕ ਮਨਾਂ ਅੰਦਰ ਪੈਦਾ ਕਰਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਸ. ਮਜੀਠੀਆ ਨੇ ਮਿਸਾਲੀ ਅਗਵਾਈ ਤੇ ਅਸਰਦਾਰ ਪੁਲਿਸ ਵਿਵਸਥਾ ਦੀ ਕਾਇਮੀ ਦੀ ਵੀ ਗੱਲ੍ਹ ਕੀਤੀ। ਉਨ੍ਹਾਂ ਕਿਹਾ ਕਿ ਸਿਆਸੀ ਆਗੂਆਂ ਨੂੰ ਵੀ ਵੋਟ ਬੈਂਕ ਦੀ ਸੌੜੀ ਸਿਆਸਤ ਤੋਂ ਉਪਰ ਉਠਦਿਆਂ ਸਮੂਹ ਭਾਈਚਾਰਿਆਂ ਦੀ ਪ੍ਰਤੀਨਿਧਤਾ ਕਰਦਿਆਂ ਨਫਰਤ ਪੈਦਾ ਕਰਨ ਵਾਲੀਆਂ ਤਾਕਤਾਂ ਪ੍ਰਤੀ ਸੂਚੇਤ ਰਹਿਣਾ ਚਾਹੀਦਾ ਹੈ।

ਸ. ਮਜੀਠੀਆ ਨੇ ਇਸ ਗੱਲ੍ਹ ‘ਤੇ ਵੀ ਜ਼ੋਰ ਦਿੱਤਾ ਕਿ ਪੰਜਾਬ ਦੇਸ਼ ਦੇ ਕੁੱਝ ਕੂ ਸੂਬਿਆਂ ਵਿਚੋਂ ਇੱਕ ਹੈ ਜਿਥੇ 1947 ਦੇ ਆਜ਼ਾਦੀ ਉਪਰੰਤ ਭੋਗੇ ਸੰਤਾਪ ਬਾਅਦ ਅੱਜ ਤੱਕ ਕਦੇ ਫਿਰਕੂ ਜਾਂ ਜਾਤੀ ਅਧਾਰਿਤ ਹਿੰਸਾ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਦੌਰਾਨ ਦੇਸ਼ ਦੇ ਲਗਭਗ 20 ਸੂਬਿਆਂ ਵਿਚ ਸੈਂਕੜੇ ਵਿਅਕਤੀ ਫਿਰਕੂ ਟਕਰਾਅ ਦੀ ਭੇਂਟ ਚੜ੍ਹੇ ਹਨ ਅਤੇ ਹਜ਼ਾਰਾਂ ਹੋਰ ਜ਼ਖਮੀ ਹੋਏ ਹਨ ਪਰ ਪੰਜਾਬ ਅਜਿਹੀ ਕਿਸੇ ਇੱਕ ਵੀ ਘਟਨਾ ਤੋਂ ਮੁਕਤ ਰਿਹਾ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਵਿਚ ਅਮਨ ਅਤੇ ਫਿਰਕੂ ਇਕਸੁਰਤਾ ਦਾ ਮਾਹੌਲ ਮਹਿਜ਼ ਇਕ ਇਤਫਾਕ ਨਹੀਂ ਹੈ। ਉਨ੍ਹਾਂ ਕਿਹਾ ਕਿ 10 ਦਿਨ ਪਹਿਲਾਂ ਪੰਜਾਬ ਪੁਲਿਸ ਨੇ ਇੱਕ ਸਰਹੱਦ ਪਾਰੋਂ ਰਾਜ ਦੇ ਪ੍ਰਮੁੱਖ ਹਿੰਦੂ ਆਗੂਆਂ ਨੂੰ ਨਿਸ਼ਾਨਾ ਬਣਾਉਣ ਦੀ ਖਤਰਨਾਕ ਸਾਜਿਸ਼ ਨੂੰ ਬੇਨਕਾਬ ਕੀਤਾ ਹੈ ਜੋ ਇਸ ਗੱਲ੍ਹ ਦੀ ਪ੍ਰਤੀਕ ਹੈ ਕਿ ਅਸੀਂ ਕਿਸ ਤਰ੍ਹਾਂ ਰਾਜ ਅੰਦਰ ਫਿਰਕੂ ਸਾਂਝ ਨੂੰ ਯਕੀਨੀ ਬਣਾਉਣ ਲਈ ਹਮੇਸ਼ਾ ਸੁਚੇਤ ਰਹਿੰਦੇ ਹਾਂ।

ਉਨ੍ਹਾਂ ਕਿਹਾ ਕਿ ਸਿਆਸੀ ਆਗੂਆਂ ਦੀ ਸੰਜੀਦਗੀ, ਸੰਵੇਦਨਸ਼ੀਲਤਾ ਅਤੇ ਨਿਰਪੱਖਤਾ ਨੇ ਲੋਕਾਂ ਦੇ ਮਨੋਬਲ ਅਤੇ ਵਿਸ਼ਵਾਸ਼ ਨੂੰ ਵਧਾਉਣ ਵਿਚ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਖੁਸ਼ਕਿਸਮਤੀ ਹੈ ਕਿ ਉਸਨੂੰ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਜਿਹਾ ਸੂਝਵਾਨ ਆਗੂ ਮਿਲਿਆ ਹੈ ਜਿਨ੍ਹਾਂ ਦੀ ਸੋਚ ਹੈ ਕਿ ਜੇਕਰ ਪੰਜਾਬ ਨੇ ਅੱਗੇ ਵਧਣਾ ਹੈ ਤਾਂ ਸਮਾਜ ਦੇ ਸਮੂਹ ਵਰਗਾਂ ਨੂੰ ਇਕੱਠੇ ਲੈਕੇ ਚਲਣਾ ਪਏਗਾ। ਉਨ੍ਹਾਂ ਕਿਹਾ ਕਿ ਬਾਦਲ ਸਾਹਿਬ ਦੇ ਸੰਗਤ ਦਰਸ਼ਨ ਪ੍ਰੋਗਰਾਮ ਆਪਣੇ ਆਪ ਵਿਚ ਉਨ੍ਹਾਂ ਦੇ ਲੋਕਾਂ ਦੇ ਮਨਾਂ ਅਤੇ ਦਿਲਾਂ ਨਾਲ ਸਾਂਝ ਦਾ ਇੱਕ ਵੱਡਾ ਜ਼ਰੀਆ ਹਨ।

ਨੈਸ਼ਨਲ ਕਰਾਈਮ ਰਿਕਾਰਡ ਬਿਓਰੋ ਦੇ ਅੰਕੜਿਆਂ ਦਾ ਵੇਰਵਾ ਦਿੰਦਿਆਂ ਸ. ਮਜੀਠੀਆ ਨੇ ਕਿਹਾ ਕਿ ਦੇਸ਼ ਭਰ ਵਿਚ ਔਰਤਾਂ ਖਿਲਾਫ ਹੋਣ ਵਾਲੇ ਜ਼ੁਰਮਾਂ ਵਿਚੋਂ ਸਿਰਫ 1.33 ਫੀਸਦੀ ਪੰਜਾਬ ਵਿਚ ਵਾਪਰੇ ਹਨ। ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੀ ਔਰਤਾਂ ਦੀ ਸੁਰੱਖਿਆ ਪ੍ਰਤੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਸ. ਮਜੀਠੀਆ ਨੇ ਦੱਸਿਆ ਕਿ ਇੱਕ ਨਿਵੇਕਲੀ 181 ਪੁਲਿਸ ਹੈਲਪਲਾਈਨ, ਜਿਲ੍ਹਾ ਪੱਧਰ ‘ਤੇ ਸੈਕਸੁਅਲ ਅਸਾਲਟ ਰਿਸਪੋਂਸ ਟੀਮਾਂ ਦਾ ਗਠਨ, 500 ਮਹਿਲਾ ਪੁਲਿਸ ਸਬ-ਇੰਸਪੈਕਟਰਾਂ ਦੀ ਚਲ੍ਹ ਰਹੀ ਭਰਤੀ ਪ੍ਰਕ੍ਰਿਆ, ਪਿਛਲੇ ਚਾਰ ਸਾਲਾਂ ਦੌਰਾਨ 3224 ਮਹਿਲਾਂ ਸਿਪਾਹੀਆਂ ਦੀ ਭਰਤੀ ਅਤੇ ਔਰਤਾਂ ਖਿਲਾਫ ਜ਼ੁਰਮਾਂ ਦੀ ਤੇਜ਼ੀ ਨਾਲ ਸੁਣਵਾਈ ਲਈ 20 ਫਾਸਟ ਟਰੈਕ ਅਦਾਲਤਾਂ ਦਾ ਗਠਨ ਪੰਜਾਬ ਸਰਕਾਰ ਦੇ ਉਪਰਾਲੇ ਹਨ।

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿਚ ਦੇਸ਼ ਅੰਦਰ ਸਭ ਤੋਂ ਵੱਧ 32 ਫੀਸਦੀ ਆਬਾਦੀ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਹੈ ਅਤੇ ਇੱਕ ਭਲਾਈ ਰਾਜ ਦੇ ਸੰਕਲਪ ਨੂੰ ਪ੍ਰਤੀਬੱਧ ਸਾਡੀ ਸਰਕਾਰ ਨੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਦੂਰਅੰਦੇਸ਼ੀ ਸਦਕਾ ਆਟਾ-ਦਾਲ, ਬੁਢਾਪਾ ਅਤੇ ਸ਼ਗਨ ਸਕੀਮਾਂ ਜਿਹੀਆਂ ਨਿਵੇਕਲੀਆਂ ਪ੍ਰਥਾਵਾਂ ਚਲਾਈਆਂ ਹਨ। ਇਸ ਤੋਂ ਇਲਾਵਾ ਐਸ.ਸੀ/ਐਸ.ਟੀ ਕਾਨੂੰਨ 1989 ਤਹਿਤ ਦਰਜ਼ ਮਾਮਲਿਆਂ ਦੀ ਸੁਣਵਾਈ ਲਈ 17 ਵਿਸ਼ੇਸ਼ ਅਦਾਲਤਾਂ ਦਾ ਗਠਨ ਅਤੇ ਏ.ਡੀ.ਜੀ.ਪੀ/ਕਰਾਈਮ ਦੇ ਦਫਤਰ ਵਿਚ ਇੱਕ ਐਸ.ਸੀ ਅਤੇ ਕਮਜ਼ੋਰ ਵਰਗ ਸੈਲ ਦਾ ਗਠਨ ਸਾਡੀ ਸਰਕਾਰ ਦੇ ਹੋਰ ਉਪਰਾਲੇ ਹਨ। ਉਨ੍ਹਾਂ ਕਿਹਾ ਕਿ ਨੈਸ਼ਨਲ ਕਰਾਈਮ ਰਿਕਾਰਡ ਬਿਓਰੋ ਦੇ ਅੰਕੜਿਆਂ ਮੁਤਾਬਕ ਦੇਸ਼ ਅੰਦਰ ਅਨੁਸੂਚਿਤ ਜਾਤੀਆਂ ਵਿਰੁੱਧ ਜ਼ੁਰਮਾਂ ਦੇ ਦਰਜ਼ ਮਾਮਲਿਆਂ ਵਿਚੋਂ ਸਿਰਫ 0.21 ਫੀਸਦੀ ਹੀ ਪੰਜਾਬ ਵਿਚ ਦਰਜ਼ ਹੋਏ ਹਨ।

ਲੋਕ ਸੰਪਰਕ ਮੰਤਰੀ ਨੇ ਕਿਹਾ ਹੈ ਕਿ ਸ਼ੋਸ਼ਲ ਮੀਡੀਆ ਦੀ ਹਾਂ ਪੱਖੀ ਭੂਮਿਕਾ ਨਿਭਾਉਣ ਦੀ ਵੱਡੀ ਸਮਰਥਾ ਹੈ ਅਤੇ ਸਰਕਾਰ ਨੂੰ ਆਮ ਨਾਗਰਿਕਾਂ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਕੌਮੀ ਏਕਤਾ ਦੇ ਪ੍ਰੋਤਸ਼ਾਹਨ ਅਤੇ ਨਫਰਤ ਫੈਲਾਉਣ ਵਾਲੇ ਪ੍ਰਚਾਰ ਦਾ ਮੁਕਾਬਲਾ ਕਰਨ ਲਈ ਇਸ ਉਭਰ ਰਹੇ ਮੀਡੀਆ ਦੀ ਵਰਤੋਂ ਲਈ ਉਤਸ਼ਾਹਤ ਕਰਨਾ ਚਾਹੀਦਾ ਹੈ।

ਦੇਸ਼ ਦੇ ਆਜ਼ਾਦੀ ਦੇ ਸੰਘਰਸ਼ ਵਿਚ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਅਤੇ ਹੋਰਨਾਂ ਪੰਜਾਬ ਦੇ ਜੰਮਪਲ ਮਹਾਨ ਦੇਸ਼ ਭਗਤਾਂ ਦੀਆਂ ਬੇਮਿਸਾਲ ਕੁਰਬਾਨੀਆਂ ਨੂੰ ਯਾਦ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ ਪਤਾ ਨਹੀਂ ਕਿਉਂ ਸਾਨੂੰ ਭਾਰਤ ਵਿਚ ਕੋਈ ਭਾਰਤੀ ਨਹੀਂ ਮਿਲਦਾ? ਸਾਨੂੰ ਸਿਰਫ ਹਿੰਦੂ ਜਾਂ ਮੁਸਲਮਾਨ, ਸਿੱਖ ਜਾਂ ਇਸਾਈ, ਬਰਾਹਮਣ ਜਾਂ ਦਲਿਤ, ਉਚੀਆਂ ਜਾਂ ਨੀਵੀਆਂ ਜਾਤੀਆਂ ਹੀ ਕਿਉਂ ਨਜ਼ਰ ਆਉਂਦਿਆਂ ਹਨ?

ਸ. ਮਜੀਠੀਆ ਨੇ ਆਸ ਪ੍ਰਗਟਾਈ ਕਿ ਜਿਸ ਤਰ੍ਹਾਂ ਦਿੱਲੀ ਵਿਚ ਇੱਕ ਨੌਜਵਾਨ ਲੜਕੀ ਦੇ ਬਲਾਤਕਾਰ ਉਪਰੰਤ ਕਤਲ ਨੇ ਸਮੁੱਚੇ ਦੇਸ਼ ਨੂੰ ਹਲੂਣਾ ਦਿੰਦਿਆਂ ਕਾਨੂੰਨ ਬਦਲਣ ਅਤੇ ਔਰਤਾਂ ਲਈ ਬਿਹਤਰ ਸੁਰੱਖਿਆ ਮਾਹੌਲ ਸਿਰਜਣ ਲਈ ਮਜ਼ਬੂਰ ਕੀਤਾ ਹੈ ਉਸੇ ਤਰ੍ਹਾਂ ਮੁਜ਼ਫਰਨਗਰ ਦੀ ਘਟਨਾ ਵੀ ਭਵਿੱਖ ਵਿਚ ਦੇਸ਼ ਅੰਦਰ ਫਿਰਕੂ ਸਦਭਾਵਨਾ, ਅਮਨ ਅਤੇ ਸਰਬਪੱਖੀ ਵਿਕਾਸ ਲਈ ਮਾਰਗ ਦਰਸ਼ਕ ਬਣੇਗੀ।

Facebook Comment
Project by : XtremeStudioz