Close
Menu

ਮਜੀਠੀਆ ਵੱਲੋਂ ਯੂਥ ਅਕਾਲੀ ਦਲ ਨੂੰ ਲੋਕ ਸਭਾ ਚੋਣਾਂ ਲਈ ਕਮਰਕੱਸੇ ਕੱਸ ਲੈਣ ਦਾ ਸੱਦਾ

-- 06 August,2013

06yad2

ਚੰਡੀਗੜ੍ਹ, 6 ਅਗਸਤ (ਦੇਸ ਪ੍ਰਦੇਸ ਟਾਈਮਜ਼)-ਯੂਥ ਅਕਾਲੀ ਦਲ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਪੰਜਾਬ ਸ. ਬਿਕਰਮ ਸਿੰਘ ਮਜੀਠੀਆ ਨੇ ਅਗਾਮੀ ਲੋਕ ਸਭਾ ਚੋਣਾਂ ‘ਚ ਯੂ.ਪੀ.ਏ ਸਰਕਾਰ ਦਾ ਪਤਨ ਯਕੀਨੀ ਬਨਾਉਣ ਲਈ ਪਾਰਟੀ ਦੇ ਨੌਜਵਾਨ ਕਾਡਰ ਨੂੰ ਕਮਰਕੱਸੇ ਕੱਸ ਲੈਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਨਾਲ ਹੀ ਯੂਥ ਅਕਾਲੀ ਦਲ ਨੂੰ ਸੱਦਾ ਦਿੱਤਾ ਕਿ ਯੂਥ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀਆਂ ਲੋਕ ਪੱਖੀ ਵਿਕਾਸ ਨੀਤੀਆਂ ਅਤੇ ਪ੍ਰਾਪਤੀਆਂ ਨੂੰ ਘਰ-ਘਰ ਤੱਕ ਪੁੱਜਦਾ ਕਰਨ।

ਅੱਜ ਇਥੇ ਪਾਰਟੀ ਦੇ ਮੁੱਖ ਦਫਤਰ ਵਿਖੇ ਯੂਥ ਅਕਾਲੀ ਦਲ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ. ਮਜੀਠੀਆ ਨੇ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਅਤੇ ਪੰਚਾਇਤ ਚੋਣਾਂ ‘ਚ ਪਾਰਟੀ ਦੀ ਵੱਡੀ ਜਿੱਤ ਵਾਸਤੇ ਬਹੁਮੁੱਲਾ ਯੋਗਦਾਨ ਪਾਉਣ ਲਈ ਯੂਥ ਅਕਾਲੀ ਦਲ ਦੇ ਆਗੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਤੇ ਉੱਪ ਮੁੱਖ ਮੰਤਰੀ ਪੰਜਾਬ ਸ. ਸੁਖਬੀਰ ਸਿੰਘ ਬਾਦਲ ਨੌਜਵਾਨਾਂ ਨੂੰ ਯੋਗ ਨੁਮਾਇੰਦਗੀ ਦੇਣ ਲਈ ਵਚਨਬੱਧ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਉਹ ਅਤੇ ਸ. ਸੁਖਬੀਰ ਸਿੰਘ ਬਾਦਲ ਯੂਥ ਅਕਾਲੀ ਦਲ ਦੇ ਹਰੇਕ ਯੂਥ ਅਹੁਦੇਦਾਰ ‘ਤੇ ਤਿੱਖੀ ਨਜ਼ਰ ਰੱਖ ਰਹੇ ਹਨ ਅਤੇ ਜਿੱਥੇ ਵਧੀਆ ਕਾਰਗੁਜ਼ਾਰੀ ਕਰਨ  ਵਾਲੇ ਆਗੂ ਨੂੰ ਢੁਕਵਾਂ ਇਨਾਮ ਦਿੱਤਾ ਜਾਵੇਗਾ ਉਥੇ ਦੂਸਰਿਆਂ ਨੂੰ ਨਵਿਆਂ ਚਿਹਰਿਆਂ ਲਈ ਰਾਹ ਸਾਫ ਕਰਨਾ ਪਵੇਗਾ। ਉਨ੍ਹਾਂ ਵਿੰਗ ਦੇ ਜ਼ਿਲ੍ਹਾ ਪ੍ਰਧਾਨਾਂ ਨੂੰ ਵੀ ਨਿਰਦੇਸ਼ ਦਿੱਤੇ ਕਿ ਉਹ ਜ਼ਿਲ੍ਹਿਆਂ ਵਿੱਚ ਸਮੇਂ-ਸਮੇਂ ‘ਤੇ ਮੀਟਿੰਗਾਂ ਕਰਨ ਦੇ ਨਾਲ-ਨਾਲ ਪਾਰਟੀ ਦੇ ਸੀਨੀਅਰ ਤੇ ਨੌਜਵਾਨ ਕਾਡਰ ਅੰਦਰ ਤਾਲਮੇਲ ਬਣਾਈ ਰੱਖਣ ਤਾਂ ਕਿ ਪਾਰਟੀ ਨੂੰ ਜਮੀਨੀ ਪੱਧਰ ਤੋਂ ਮਜ਼ਬੂਤ ਕੀਤਾ ਜਾ ਸਕੇ।

ਸ. ਮਜੀਠੀਆ ਨੇ ਕਿਹਾ ਕਿ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਨੇ ਦੇਸ਼ ਨੂੰ ਭ੍ਰਿਸ਼ਟਾਚਾਰ, ਮਹਿੰਗਾਈ ਅਤੇ ਆਰਥਕ ਅਨਿਸ਼ਚਤਾ ਦੇ ਗੰਭੀਰ ਜਾਲ ਵਿੱਚ ਫਸਾਇਆ ਹੋਇਆ ਹੈ ਅਤੇ ਇਹ ਪਾਰਟੀ ਆਪਣੀਆਂ ਇੰਨ੍ਹਾਂ ਭ੍ਰਿਸ਼ਟ ਨੀਤੀਆਂ ਅਤੇ ਘੋਟਾਲਿਆਂ ਦੇ ਭਾਰ ਹੇਠ ਦੱਬਕੇ ਖ਼ਤਮ ਹੋਣ ਕੰਢੇ ਹੈ।

’2 ਤੋਂ 5 ਰੁਪਏ ਨਾਲ ਭਰ ਪੇਟ ਖਾਣਾ ਖਾਣ’ ਵਰਗੇ ਘਟੀਆ ਬਿਆਨ ਦਾਗਣ ਲਈ ਕਾਂਗਰਸ ਦੇ ਕਥਿਤ ਮੀਡੀਆ ਮੈਨੇਜਰਾਂ ‘ਤੇ ਵਰ੍ਹਦਿਆਂ ਸ. ਮਜੀਠੀਆ ਨੇ ਕਿਹਾ ਕਿ ਅਜਿਹੇ ਬਿਆਨ ਹੱਡਭੰਨਵੀ ਮਿਹਨਤ ਕਰਕੇ 2 ਵੇਲੇ ਦੀ ਰੋਟੀ ਖਾਣ ਵਾਲੇ ਮਿਹਨਤਕਸ਼ ਆਮ ਆਦਮੀ ਨਾਲ ਭੱਦਾ ਮਜਾਕ ਹਨ।

ਦੋਗਲੀ ਬੋਲੀ ਬੋਲਣ ਵਾਸਤੇ ਕਾਂਗਰਸ ਨੂੰ ਕਰੜੇ ਹੱਥੀਂ ਲੈਂਦਿਆਂ ਸ. ਮਜੀਠੀਆ ਨੇ ਕਿਹਾ ਕਿ ਇਕ ਪਾਸੇ ਤਾਂ ਕਾਂਗਰਸ ਦੀ ਅਗਵਾਈ ਵਾਲੀ ਯੂ.ਪੀ.ਏ. ਸਰਕਾਰ ਦਾਅਵਾ ਕਰ ਰਹੀ ਹੈ ਕਿ ਦੇਸ਼ ‘ਚ ਗਰੀਬਾਂ ਦੀ ਗਿਣਤੀ ਵੱਡੇ ਪੱਧਰ ‘ਤੇ ਘੱਟੀ ਹੈ ਅਤੇ ਦੂਸਰੇ ਪਾਸੇ ਇਹ ਪਾਰਟੀ ਨੇ ਇਸ ਦਲੀਲ ਨਾਲ ਖੁਰਾਕ ਸੁਰੱਖਿਆ ਆਰਡੀਨੈਂਸ ਲਿਆਦਾਂ ਹੈ ਕਿ ਦੇਸ਼ ਦੀ 70 ਫੀਸਦੀ ਆਬਾਦੀ ਨੂੰ ਖੁਰਾਕ ਸੁਰੱਖਿਆ ਦੀ ਸਖ਼ਤ ਲੋੜ ਹੈ।

ਪੰਜਾਬ ਨੂੰ ਮਿਲਣ ਵਾਲੇ ਵਿਕਾਸ ਪੈਕੇਜ਼ਾਂ ‘ਚ ਰੋੜਾ ਅਟਕਾਉਣ ਦੀ ਕੋਸ਼ਿਸ਼ ਕਰਨ ਵਾਲੇ ਸੂਬੇ ਦੇ ਕਾਂਗਰਸੀ ਆਗੂਆਂ ਨੂੰ ਤਾੜਨਾ ਕਰਦਿਆਂ ਸ. ਮਜੀਠੀਆ ਨੇ ਕਿਹਾ ਕਿ ਕਾਂਗਰਸ ਲੋਕਾਂ ਦਾ ਵਿਸ਼ਵਾਸ ਜਿੱਤਣ ‘ਚ ਪੂਰੀ ਤਰ੍ਹਾਂ ਨਾਕਾਮ ਹੋਈ ਹੈ ਅਤੇ ਇਹੀ ਕਾਰਨ ਹੈ ਕਿ ਵੋਟਰਾਂ ਨੇ ਇੱਕ ਤੋਂ ਬਾਅਦ ਇੱਕ ਚੋਣ ‘ਚ ਇਸ ਨੂੰ ਕਰਾਰੀ ਹਾਰ ਦਿੱਤੀ ਹੈ।

ਉਨ੍ਹਾਂ ਕਿਹਾ ਕਿ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸ. ਪ੍ਰਤਾਪ ਸਿੰਘ ਬਾਜਵਾ ਜੋ ਖੁਦ ਵੀ ਇੱਕ ਸਰਹੱਦੀ ਜ਼ਿਲ੍ਹੇ ਨਾਲ ਸਬੰਧਤ ਹਨ ਅਤੇ ਸਰਹੱਦ ‘ਤੇ ਰਹਿ ਰਹੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਤੋਂ ਭਲੀਭਾਂਤ ਜਾਣੂੰ ਹਨ, ਨੇ ਵੀ ਕਦੇ ਇਹ ਜ਼ਰੂਰੀ ਨਹੀਂ ਸਮਝਿਆ ਕਿ ਉਹ ਆਪਣੀ ਪਾਰਟੀ ਹਾਈ ਕਮਾਨ ਨੂੰ ਸੂਬੇ ਵਾਸਤੇ ਕੋਈ ਵਿਸ਼ੇਸ਼ ਪੈਕੇਜ ਦੇਣ ਲਈ ਮਨਾ ਸਕਣ।

Facebook Comment
Project by : XtremeStudioz