Close
Menu

ਮਣਪੁਰਮ ਕੰਪਨੀ ਦੇ ਦਫ਼ਤਰ ’ਚੋਂ ਤਿੰਨ ਕਰੋਡ਼ ਦੇ ਗਹਿਣੇ ਲੁੱਟੇ

-- 31 July,2015

ਲੁਧਿਆਣਾ, ਗੁਰਦਾਸਪੁਰ ਦੇ ਅਤਿਵਾਦੀ ਹਮਲੇ ਤੋਂ ਬਾਅਦ ਸ਼ਹਿਰ ਵਿੱਚ ਹਾਈ ਅਲਰਟ ਹੋਣ ਦੇ ਬਾਵਜੂਦ ਵੀਰਵਾਰ ਨੂੰ ਦਿਨ ਦਿਹਾੜੇ ਗਿੱਲ ਰੋਡ ’ਤੇ ਹਥਿਆਰਬੰਦ ਛੇ ਲੁਟੇਰਿਆਂ ਨੇ ਕੇਰਲਾ ਦੀ ਫਾਈਨਾਂਸ ਕੰਪਨੀ ਮਣਪੁਰਮ ਗੋਲਡ ਦੇ ਦਫ਼ਤਰ ਵਿੱਚੋਂ ਸਾਢੇ ਤਿੰਨ ਕਰੋੜ ਰੁਪਏ ਦੇ ਕਰੀਬ ਦੇ 14 ਕਿਲੋ ਸੋਨੇ ਦੇ ਗਹਿਣੇ ਲੁੱਟ ਲਏ। ਲੁਟੇਰੇ ਦਫ਼ਤਰ ਵਿੱਚ ਪਏ ਸਵਾ ਦੋ ਲੱਖ ਰੁਪਏ ਅਤੇ ਇਕ ਮੁਲਾਜ਼ਮ ਦਾ ਮੋਬਾੲੀਲ ਫੋਨ ਵੀ ਲੈ ਗਏ। ਜਾਣਕਾਰੀ ਅਨੁਸਾਰ ਦੋ ਮੁਲਜ਼ਮ ਗਾਹਕ ਬਣ ਕੇ ਕੰਪਨੀ ਦੇ ਦਫ਼ਤਰ ’ਚ ਆਏ, ਜਦੋਂ ਕਿ ਪਿੱਛੇ ਹੀ ਉਨ੍ਹਾਂ ਦੇ ਚਾਰ ਸਾਥੀ ਹਥਿਆਰਾਂ ਨਾਲ ਲੈਸ ਹੋ ਕੇ ਅੰਦਰ ਆ ਗਏ। ਲੁਟੇਰਿਆਂ ਨੇ ਆਉਂਦੇ ਹੀ ਸਟਾਫ਼ ਦੇ ਸਾਰੇ ਮੈਂਬਰਾਂ ਨੂੰ ਇਕ ਕਮਰੇ ਵਿੱਚ ਬੰਦੀ ਬਣਾਇਆ ਅਤੇ ਸੋਨਾ ਤੇ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਲੁਟੇਰੇ ਕਾਫ਼ੀ ਸਮੇਂ ਤੱਕ ਵਾਰਦਾਤ ਨੂੰ ਅੰਜ਼ਾਮ ਦਿੰਦੇ ਰਹੇ ਪਰ ਇੰਨੇ ਵੱਡੇ ਬਾਜ਼ਾਰ ਵਿੱਚ ਕਿਸੇ ਨੂੰ ਕੁਝ ਪਤਾ ਨਹੀਂ ਲੱਗਿਆ। ਇੰਨਾ ਹੀ ਨਹੀਂ ਗਿੱਲ ਰੋਡ ’ਤੇ ਕਈ ਥਾਵਾਂ ’ਤੇ ਪੁਲੀਸ ਦੀ ਨਾਕਾਬੰਦੀ ਰਹਿੰਦੀ ਹੈ। ਘਟਨਾ ਦਾ ਪਤਾ ੳੁਦੋਂ ਲੱਗਿਆ, ਜਦੋਂ ਇਕ ਅੌਰਤ ਦਫ਼ਤਰ ਵਿੱਚ ਆਈ ਅਤੇ ਉਸ ਨੇ ਸਟਾਫ਼ ਮੈਂਬਰਾਂ ਦਾ ਕਮਰਾ ਖੋਲ੍ਹਿਆ। ਉਨ੍ਹਾਂ ਤੁਰੰਤ ਇਸ ਦੀ ਜਾਣਕਾਰੀ ਕੰਟਰੋਲ ਰੂਮ ਨੂੰ ਦਿੱਤੀ। ਸੂਚਨਾ ਮਿਲਦੇ ਹੀ ਡੀਸੀਪੀ ਨਵੀਨ ਸਿੰਗਲਾ, ਏਡੀਸੀਪੀ ਕਰਾਈਮ ਮੁਖਵਿੰਦਰ ਸਿੰਘ, ਏਸੀਪੀ ਰਮਨਦੀਪ ਸਿੰਘ, ਫਿੰਗਰ ਪ੍ਰਿੰਟ ਮਾਹਿਰਾਂ ਦੇ ਨਾਲ ਨਾਲ ਕਈ ਥਾਣਿਆਂ ਦੀ ਪੁਲੀਸ ਮੌਕੇ ’ਤੇ ਪੁੱਜ ਗਈ।
ਪੁਲੀਸ ਨੇ ਦਫ਼ਤਰ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ, ਜਿਸ ਵਿੱਚ ਲੁਟੇਰਿਆਂ ਬਾਰੇ ਸਾਫ਼ ਪਤਾ ਚੱਲ ਰਿਹਾ ਹੈ। ਡੀਸੀਪੀ ਨਵੀਨ ਸਿੰਗਲਾ ਨੇ ਲੁਟੇਰਿਆਂ ਨੇ ਕਰਮਚਾਰੀ ਰਣਜੀਤ ਸਿੰਘ ਤੋਂ ਹਥਿਆਰ ਦੀ ਨੋਕ ’ਤੇ ਲਾਕਰ ਦੀ ਚਾਬੀ ਲਈ ਅਤੇ ਆਰਾਮ ਨਾਲ ਲਾਕਰ ਦੇ ਅੰਦਰੋਂ ਸੋਨੇ ਦੇ ਗਹਿਣੇ ਅਤੇ ਨਗਦੀ ਕੱਢ ਕੇ ਬੈਗ਼ ਵਿੱਚ ਪਾ ਕੇ ਫ਼ਰਾਰ ਹੋ ਗਏ। ਸਟਾਫ਼ ਦੇ ਮੈਂਬਰਾਂ ਨੇ ਬੰਦ ਕਮਰੇ ’ਚੋਂ ਕਾਫ਼ੀ ਰੌਲਾ ਪਾਇਆ, ਪ੍ਰੰਤੂ ਕਿਸੇ ਨੂੰ ਉਨ੍ਹਾਂ ਦੀ ਆਵਾਜ਼ ਸੁਣਾਈ ਨਹੀਂ ਦਿੱਤੀ। ੳੁਨ੍ਹਾਂ ਦੱਸਿਆ ਕਿ ਲੁਟੇਰੇ ਕਰੀਬ ਸਵਾ ਦੋ ਕੁ ਵਜੇ ਦੇ ਕਰੀਬ ਦਫ਼ਤਰ ਵਿੱਚ ਪੁੱਜੇ ਸਨ। ਸੀਸੀਟੀਵੀ ਕੈਮਰੇ ਦੀ ਫੁਟੇਜ ਤੋਂ ਪਤਾ ਲੱਗਿਆ ਕਿ ਸਾਰੇ ਲੁਟੇਰਿਆਂ ਦੀ ਉਮਰ 25 ਸਾਲ ਦੇ ਕਰੀਬ ਹੈ। ੳੁਨ੍ਹਾਂ ਚਿਹਰੇ ਵੀ ਢਕੇ ਨਹੀਂ ਸਨ। ਪ੍ਰਤੱਖਦਰਸ਼ੀਆਂ ਅਨੁਸਾਰ ਲੁਟੇਰੇ ਮੋਟਰਸਾਈਕਲਾਂ ’ਤੇ ਸਵਾਰ ਹੋ ਕੇ ਆਏ ਸੀ।

Facebook Comment
Project by : XtremeStudioz