Close
Menu

ਮਨਪ੍ਰੀਤ ਬਾਦਲ ਹੁਣ ਬਠਿੰਡਾ ਤੋਂ ਚੋਣ ਲੜਨ ਤੋਂ ਭੱਜਣ ਲੱਗੇ: ਹਰਸਿਮਰਤ ਬਾਦਲ

-- 04 April,2019

ਬਠਿੰਡਾ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨਾਲ ਸ਼ਬਦੀ ਜੰਗ ਲੜਨ ਮਗਰੋਂ ਹੁਣ ਅੱਜ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਨਿਸ਼ਾਨੇ ’ਤੇ ਲਿਆ ਹੈ। ਉਨ੍ਹਾਂ ਆਖਿਆ ਕਿ ਮਨਪ੍ਰੀਤ ਬਾਦਲ ਹੁਣ ਲੋਕ ਰੋਹ ਦੇ ਡਰੋਂ ਬਠਿੰਡਾ ਸੰਸਦੀ ਹਲਕੇ ਤੋਂ ਚੋਣ ਲੜਨ ਤੋਂ ਭੱਜ ਰਹੇ ਹਨ ਕਿਉਂਕਿ ਮਨਪ੍ਰੀਤ ਵਿੱਚ ਹੁਣ ਲੋਕ ਏਜੰਡੇ ਖ਼ਿਲਾਫ਼ ਕੀਤੇ ਕੰਮਾਂ ਕਰਕੇ ਬਠਿੰਡਾ ਦੇ ਚੋਣ ਮੈਦਾਨ ‘ਚ ਉੱਤਰਨ ਦੀ ਹਿੰਮਤ ਨਹੀਂ। ਉਨ੍ਹਾਂ ਆਖਿਆ ਕਿ ਬਠਿੰਡਾ ਥਰਮਲ ਨੂੰ ਬੰਦ ਕਰਨ, ਏਮਜ਼ ਉਸਾਰੀ ਵਿਚ ਅੜਿੱਕਾ ਪਾਉਣਾ, ਸਰਕਾਰੀ ਮੁਲਾਜ਼ਮਾਂ ਦੇ ਬਕਾਏ ਨਾ ਦੇਣੇ ਆਦਿ ਕੰਮਾਂ ਵਿੱਚ ਮਨਪ੍ਰੀਤ ਸ਼ਾਮਲ ਹਨ। ਉਨ੍ਹਾਂ ਆਖਿਆ ਕਿ ਮਨਪ੍ਰੀਤ ਨੇ ਹਾਈਕਮਾਨ ਨੂੰ ਆਪਣੀ ਇੱਛਾ ਤੋਂ ਜਾਣੂ ਕਰਾ ਦਿੱਤਾ ਹੈ। ਕੇਂਦਰੀ ਮੰਤਰੀ ਨੇ ਆਖਿਆ ਕਿ ਮਨਪ੍ਰੀਤ ਨੇ ਹਲਕੇ ਦੇ ਵੋਟਰਾਂ ਦਾ ਅਪਮਾਨ ਕੀਤਾ ਹੈ ਅਤੇ ਲੋਕਾਂ ਦੀ ਨਾਰਾਜ਼ਗੀ ਤੋਂ ਡਰਦੇ ਹੋਏ ਉਹ ਹੁਣ ਬਠਿੰਡਾ ਹਲਕੇ ਤੋਂ ਚੋਣ ਲੜਨ ਤੋਂ ਕਿਨਾਰਾ ਕਰ ਰਹੇ ਹਨ।

ਬੀਬਾ ਬਾਦਲ ਨੇ ਆਖਿਆ ਕਿ ਹੁਣ ਸਮੁੱਚਾ ਪ੍ਰਸ਼ਾਸਨ ਮਨਪ੍ਰੀਤ ਬਾਦਲ ਦੇ ਨਾਲ ਹੈ ਅਤੇ ਇਸ ਦੇ ਬਾਵਜੂਦ ਉਹ ਚੋਣ ਨਹੀਂ ਲੜ ਰਿਹਾ ਹੈ। ਅੱਜ ਜਾਰੀ ਬਿਆਨ ਵਿਚ ਕੇਂਦਰੀ ਮੰਤਰੀ ਨੇ ਆਖਿਆ ਕਿ ਬਠਿੰਡਾ ਥਰਮਲ ਨੂੰ ਚਾਲੂ ਰੱਖਣ ਦੇ ਵਾਅਦੇ ਤੋਂ ਮਨਪ੍ਰੀਤ ਮੁੱਕਰ ਗਿਆ ਹੈ ਅਤੇ ਉਲਟਾ ਥਰਮਲ ਨੂੰ ਬੰਦ ਕਰ ਦਿੱਤਾ ਹੈ ਜਿਸ ਦੇ ਵਜੋਂ ਮੁਲਾਜ਼ਮਾਂ ਨੂੰ ਕਾਫ਼ੀ ਤਕਲੀਫ਼ਾਂ ਦਾ ਸਾਹਮਣਾ ਕਰਨਾ ਪਿਆ ਹੈ।
ਇਸੇ ਤਰ੍ਹਾਂ ਏਮਜ਼ ਬਠਿੰਡਾ ਵਿਚ ਮਨਪ੍ਰੀਤ ਨੇ ਕਾਫੀ ਅੜਿੱਕੇ ਖੜ੍ਹੇ ਕੀਤੇ ਹਨ। ਉਨ੍ਹਾਂ ਆਖਿਆ ਕਿ ਵਿੱਤ ਮੰਤਰੀ ਦੇ ਇਸ ਤਰ੍ਹਾਂ ਦੇ ਵਤੀਰੇ ਦਾ ਖਮਿਆਜ਼ਾ ਪੂਰੇ ਸਮਾਜ ਨੂੰ ਭੁਗਤਣਾ ਪਿਆ ਹੈ। ਖਾਸ ਕਰਕੇ ਸਰਕਾਰੀ ਮੁਲਾਜ਼ਮਾਂ ਨੂੰ ਜਿਨ੍ਹਾਂ ਨੂੰ ਡੀਏ ਦੀਆਂ ਚਾਰ ਕਿਸ਼ਤਾਂ ਨਹੀਂ ਦਿੱਤੀਆਂ ਹਨ। ਵਿੱਤੀ ਮੰਤਰੀ ਨੇ ਠੇਕੇ ’ਤੇ ਰੱਖੇ ਅਧਿਆਪਕਾਂ ਦੀ ਤਨਖਾਹ 45 ਹਜ਼ਾਰ ਤੋਂ ਘਟਾ ਕੇ 15 ਹਜ਼ਾਰ ਰੁਪਏ ਕੀਤੀ ਹੈ।
ਇਸੇ ਤਰ੍ਹਾਂ 27 ਹਜ਼ਾਰ ਮੁਲਾਜ਼ਮਾਂ ਨੂੰ ਪੱਕੇ ਕਰਨ ਤੋਂ ਮੁੱਕਰ ਗਿਆ ਹੈ ਜਦੋਂ ਕਿ ਗਠਜੋੜ ਸਰਕਾਰ ਨੇ ਇਨ੍ਹਾਂ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਫੈਸਲਾ ਕੀਤਾ ਸੀ। ਉਨ੍ਹਾਂ ਆਖਿਆ ਕਿ ਖ਼ਜ਼ਾਨਾ ਮੰਤਰੀ ਨੇ ਖੁਦਕੁਸ਼ੀ ਪੀੜਤ ਪਰਿਵਾਰਾਂ ਨੂੰ 10 ਲੱਖ ਦਾ ਮੁਆਵਜ਼ਾ ਦੇਣ ਅਤੇ ਸਰਕਾਰੀ ਨੌਕਰੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਕੇਂਦਰੀ ਮੰਤਰੀ ਨੇ ਆਖਿਆ ਕਿ ਭਲਾਈ ਸਕੀਮਾਂ ਵਾਸਤੇ ਪੂਰੇ ਫੰਡ ਨਹੀਂ ਦਿੱਤੇ ਜਾ ਰਹੇ ਹਨ। ਵਿਦਿਆਰਥੀਆਂ ਨੂੰ ਵਜ਼ੀਫਾ ਨਹੀਂ ਮਿਲ ਰਿਹਾ ਹੈ।
ਸਰਕਾਰੀ ਸਕੂਲਾਂ ਦੇ 12 ਲੱਖ ਵਿਦਿਆਰਥੀਆਂ ਨੂੰ ਵਰਦੀਆਂ ਨਹੀਂ ਦਿੱਤੀਆਂ ਗਈਆਂ ਹਨ। ਖ਼ਜ਼ਾਨੇ ਦੇ ਖਾਲੀ ਹੋਣ ਦਾ ਬਹਾਨਾ ਲਾਇਆ ਜਾ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਸੱਚਮੁੱਚ ਖਜ਼ਾਨਾ ਖਾਲੀ ਸੀ ਤਾਂ ਮਨਪ੍ਰੀਤ ਬਾਦਲ ਨੇ ਆਪਣੇ ਦਫ਼ਤਰ ਦੀ ਸਜਾਵਟ ਲਈ ਏਨਾ ਪੈਸਾ ਕਿਉਂ ਖਰਚ ਕੀਤਾ। ਮਹਿਲਾ ਆਗੂ ਰਜਿੰਦਰ ਕੌਰ ਭੱਠਲ ਦੀ ਬਕਾਇਆ ਰਾਸ਼ੀ ਕਿਉਂ ਮੁਆਫ਼ ਕੀਤੀ। ਉਨ੍ਹਾਂ ਆਖਿਆ ਕਿ ਖ਼ਜ਼ਾਨਾ ਮੰਤਰੀ ਆਮ ਲੋਕਾਂ ਨੂੰ ਸੰਜਮ ਦਾ ਪਾਠ ਪੜ੍ਹਾ ਰਹੇ ਹਨ ਪਰ ਹੁਣ ਲੋਕ ਉਨ੍ਹਾਂ ਨੂੰ ਸਬਕ ਸਿਖਾਉਣ ਦੀ ਉਡੀਕ ਕਰ ਰਹੇ ਹਨ।

Facebook Comment
Project by : XtremeStudioz