Close
Menu

ਮਨੁੱਖਤਾ ਲਈ ਅਤਿਵਾਦ ਅਤੇ ਜਲਵਾਯੂ ਪਰਿਵਰਤਨ ਸਭ ਤੋਂ ਵੱਡੀਆਂ ਚੁਣੌਤੀਆਂ: ਮੋਦੀ

-- 22 February,2019

ਸਿਓਲ, 22 ਫਰਵਰੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਮਨੁੱਖਤਾ ਨੂੰ ਅਤਿਵਾਦ ਅਤੇ ਜਲਵਾਯੂ ਪਰਿਵਰਤਨ ਜਿਹੀਆਂ ਦੋ ਸਭ ਤੋਂ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ਦੋਵੇਂ ਮਸਲਿਆਂ ਦਾ ਹੱਲ ਕੱਢਣ ’ਚ ਦੁਨੀਆਂ ਦੀ ਸਹਾਇਤਾ ਕਰ ਸਕਦੀਆਂ ਹਨ। ਉਨ੍ਹਾਂ ਦਾ ਇਹ ਬਿਆਨ ਪੁਲਵਾਮਾ ਦਹਿਸ਼ਤੀ ਹਮਲੇ ਦੇ ਸੰਦਰਭ ’ਚ ਅਹਿਮੀਅਤ ਰੱਖਦਾ ਹੈੇ ।
ਦੱਖਣੀ ਕੋਰੀਆ ਦੇ ਦੋ ਦਿਨੀਂ ਦੌਰੇ ’ਤੇ ਇਥੇ ਪੁੱਜੇ ਪ੍ਰਧਾਨ ਮੰਤਰੀ ਨੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇਇ-ਇਨ ਅਤੇ ਸੰਯੁਕਤ ਰਾਸ਼ਟਰ ਦੇ ਸਾਬਕਾ ਸਕੱਤਰ ਜਨਰਲ ਬਾਨ ਕੀ-ਮੂਨ ਨਾਲ ਮਿਲ ਕੇ ਯੋਨਸੇਈ ਯੂਨੀਵਰਸਿਟੀ ’ਚ ਮਹਾਤਮਾ ਗਾਂਧੀ ਦੇ ਬੁੱਤ ਤੋਂ ਪਰਦਾ ਉਠਾਇਆ। ਸ੍ਰੀ ਮੋਦੀ ਨੇ ਕਿਹਾ ਕਿ ਕੋਰੀਆ ਦੀ ਪ੍ਰਮੁੱਖ ਯੂਨੀਵਰਸਿਟੀ ’ਚ ਅੱਜ ਮਹਾਤਮਾ ਗਾਂਧੀ ਦੇ ਬੁੱਤ ਤੋਂ ਪਰਦਾ ਉਠਾ ਕੇ ਉਨ੍ਹਾਂ ਨੂੰ ਵੱਡਾ ਮਾਣ ਹਾਸਲ ਹੋਇਆ ਹੈ। ਉਨ੍ਹਾਂ ਕਿਹਾ ਕਿ ਮਹਾਤਮਾ ਗਾਂਧੀ ਦੀ 150ਵੀਂ ਜੈਅੰਤੀ ਦੇ ਜਸ਼ਨਾਂ ਦੌਰਾਨ ਇਹ ਮੌਕਾ ਹੋਰ ਅਹਿਮੀਅਤ ਵਾਲਾ ਬਣ ਗਿਆ ਹੈ ਕਿਉਂਕਿ ਦੁਨੀਆਂ ਲਈ ਉਹ ਮਸੀਹਾ ਵਰਗੇ ਸਨ। ਸ੍ਰੀ ਮੋਦੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਸਾਬਕਾ ਮੁਖੀ ਬਾਨ ਕੀ ਮੂਨ ਦੇ ਕਾਰਜਕਾਲ ਦੌਰਾਨ ਸੰਯੁਕਤ ਰਾਸ਼ਟਰ ਨੇ ਮਹਾਤਮਾ ਗਾਂਧੀ ਦੇ ਜਨਮ ਦਿਨ ਨੂੰ ਅਹਿੰਸਾ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ।
ਭਾਰਤ-ਕੋਰੀਆ ਵਪਾਰ ਵਾਰਤਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਦੱਖਣੀ ਕੋਰੀਆ ਦੇ ਨਿਵੇਸ਼ਕਾਂ ਨੂੰ ਭਾਰਤ ’ਚ ਨਿਵੇਸ਼ ਦਾ ਲਾਹਾ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤੀ ਅਰਥਚਾਰੇ ਦੀ ਬੁਨਿਆਦ ਮਜ਼ਬੂਤ ਹੈ ਅਤੇ ਇਹ ਛੇਤੀ ਹੀ ਪੰਜ ਹਜ਼ਾਰ ਅਰਬ ਡਾਲਰ ਦਾ ਅਰਥਚਾਰਾ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਕਈ ਕੋਰਿਆਈ ਕੰਪਨੀਆਂ ਭਾਰਤ ’ਚ ਕਾਰੋਬਾਰ ਕਰ ਰਹੀਆਂ ਹਨ ਅਤੇ ਹੋਰ ਕਈਆਂ ਨੇ ਭਾਰਤ ’ਚ ਨਿਵੇਸ਼ ਦਾ ਫ਼ੈਸਲਾ ਲਿਆ ਹੈ।

Facebook Comment
Project by : XtremeStudioz