Close
Menu

ਮਨੁੱਖੀ ਸਹਇਤਾ ਦੇ ਨਾਲ ਨਾਲ ਆਈਸਿਸ ਮਿਸ਼ਨ ਵੀ ਜਰੂਰੀ – ਹਾਰਪਰ

-- 11 August,2015

ਬਰੈਂਪਟਨ- ਕੰਸਰਵੇਟਿਵ ਆਗੂ ਸਟੀਫਨ ਹਾਰਪਰ ਨੇ ਅੱਜ ਬਰੈਂਪਟਨ ਈਸਟ ਦੇ ਹਲਕੇ ਤੋਂ ਅੰਬੈਸੀ ਗ੍ਰੈਂਡ ਬੈਂਕੁਏਟ ਹਾਲ ਵਿਚ ਇਕ ਵੱਡੀ ਰੈਲੀ ਨੂੰ ਸੰਬੋਧਨ ਕੀਤਾ। ਓਸ ਮੌਕੇ ‘ਤੇ ਨੈਸ਼ਨਲ ਡਿਫ਼ੈਂਸ ਮਨਿਸਟਰ ਜੇਸਨ ਕੈਨੀ, ਇਮੀਗ੍ਰੈਸ਼ਨ ਮਨਿਸਟਰ ਮਿਸਟਰ ਕ੍ਰਿਸ ਅਲੈਗਜ਼ੈਂਡਰ, ਟ੍ਰਾਂਸਪੋਰਟ ਮੰਤਰੀ ਲੀਸਾ ਰੇਟ, ਖੇਡ ਮੰਤਰੀ ਬੱਲ ਗੋਸਲ ਅਤੇ ਮੈਂਬਰ ਪਾਰਲੀਮੈਂਟ ਪਰਮ ਗਿੱਲ, ਕਾਇਲ ਸੀਬੈਕ, ਬ੍ਰੈਡ ਬੱਟ, ਬੌਬ ਡੈਚੇਡ, ਸਟੈਲਾ ਐਂਬਲਰ ਅਤੇ ਗ੍ਰੇਟਰ ਟੋਰਾਂਟੋ ਦੇ ਹੋਰ ਮੈਂਬਰ ਪਾਰਲੀਮੈਂਟਸ ਦੇ ਨਾਲ ਨਾਲ ਪੀਲ ਹਲਕੇ ਤੋਂ ਉਮੀਦਵਾਰ ਜਗਦੀਸ਼ ਗਰੇਵਾਲ, ਨਿੰਦਰ ਥਿੰਦ, ਜੁਲੀਅਸ ਟਾਇਂਗਸਨ ਵੀ ਮੌਜੂਦ ਸਨ। ਬਰੈਂਪਟਨ ਈਸਟ ਤੋਂ ਉਮੀਦਵਾਰ ਨਵਲ ਬਜਾਜ ਨੇ ਜਿੱਥੇ ਸਭ ਦੀ ਜਾਣ-ਪਹਿਚਾਣ ਕਰਵਾਈ, ਉੱਥੇ ਪਰਮ ਗਿੱਲ ਨੇ ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਲਈ ਸਵਾਗਤੀ ਭਾਸ਼ਣ ਦਿੱਤਾ। ਸਟੀਫ਼ਨ ਹਾਰਪਰ ਵੱਲੋਂ ਸਵੇਰੇ ਮਾਰਖਮ, ਟੋਰਾਂਟੋ ਅਤੇ ਫ਼ਿਰ ਬਰੈਂਪਟਨ ਵਿਚ ਇਸ ਵੱਡੀ ਰੈਲੀ ਨੂੰ ਸੰਬੋਧਨਕੀਤਾ ਗਿਆ।ਉਨ੍ਹਾਂ ਕਿਹਾ ਸੀਰੀਆ ਅਤੇ ਇਰਾਕ ਵਿਚ ਆਈਸਿਸ ਵਲੋਂ ਵੱਡੀ ਪੱਧਰ ਤੇ ਕੀਤੀ ਜਾ ਰਹੀ ਕਤਲੋਗਾਰਤ ਅਤੇ ਉਥੋਂ ਹਿਜ਼ਰਤ ਕਰ ਰਹੇ ਲੋਕਾਂ ਲਈ ਮਨੁਖੀ ਸਹਾਇਤਾ ਅਤੇ ਸ਼ਰਨਾਰਥੀ ਪੁਨਰਵਸੇਬਾ ਵਰਗੇ ਕਦਮ ਉਨ੍ਹਾਂ ਲੋਕਾਂ ਲਈ ਕਾਫੀ ਨਹੀਂ ਹਨ।

ਉਨ੍ਹਾਂ ਕਿਹਾ ਕਿ ਰਿਫੂਅਜੀ ਪੁਨਰਵਸੇਬਾ ਵਰਗੀਆਂ ਯੋਜਨਾਵਾਂ ਨਾਲ ਇਨ੍ਹਾਂ ਦੇਸ਼ਾਂ ਵਿਚ ਹੋ ਰਹੇ ਤਸ਼ਦਦ ਉੱਤੇ ਕਾਬੂ ਨਹੀਂ ਪਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਸਾਨੂੰ ਆਈਸਿਸ ਨੂੰ ਨੱਥ ਪਾਉਣੀ ਪਵੇਗੀ। ਉਨ੍ਹਾਂ ਕਿਹਾ ਕ ਅਸੀਂ ਹਜ਼ਾਰਾ ਲੋਕਾਂ ਨੂੰ ਸ਼ਰਨ ਦੇ ਸਕਦੇ ਹਾਂ ਪਰ ਆਈਸਿਸ ਕੋਲ ਐਸੇ ਹਥਕੰਡੇ ਹਨ ਕਿ ਉਹ ਕਈ ਹੋਰ ਹਜ਼ਾਰਾਂ ਨੂੰ ਸ਼ਰਨਾਰਥੀ ਬਣਾ ਸਕਦੇ ਹਨ।

ਇਰਾਕ ਅਤੇ ਸੀਰੀਆ ਦੀ ਇਸਲਾਮਿਕ ਸਟੇਟ ਤੋਂ ਹੁਣ ਤੱਕ ਕਰੀਬ 3 ਮਿਲੀਅਨ ਰਿਫੂਅਜੀ ਆਪਣੇ ਦੇਸ਼ਾਂ ਤੋਂ ਹਿਜ਼ਰਤ ਕਰ ਚੁੱਕੇ ਹਨ ਅਤੇ 6.5 ਮਿਲੀਅਨ ਲੋਕ ਆਪਣੇ ਦੇਸ਼ਾਂ ਦਰਮਿਆਨ ਪਰਵਾਸ ਵਿਚ ਚਲੇ ਗਏ ਹਨ।

ਟੋਰਾਂਟੋ ਵਿਚ ਆਪਣੇ ਸੰਬੋਧਨ ਵਿਚ ਹਾਰਪਰ ਨੇ ਨਿਊ ਡੈਮੋਕਰੈਟ ਆਗੂ ਟੌਮ ਮਲਕੇਅਰ ਅਤੇ ਲਿਬਰਲ ਆਗੂ ਜਸਟਿਨ ਟਰੂਡੋ ਤੇ ਆਸਿਸ ਖਿਲਾਫ਼ ਜੰਗ ਬਾਰੇ ਸਿੱਧੇ ਨਿਸ਼ਾਨੇ ਸਾਧੇ। ਹਾਰਪਰ ਨੇ ਕਿਹਾ ਕਿ ਇਨ੍ਹਾਂ ਆਗੂਆਂ ਅਨੁਸਾਰ ਸੀਰੀਆ ਅਤੇ ਇਰਾਕ ਵਿਚ ਸਿਰਫ਼ ਮਨੁੱਖੀ ਸਹਾਇਤਾ ਹੀ ਕਾਫੀ ਹੈ।

ਜਿ਼ਕਰਯੋਗ ਹੈ ਕਿ ਲਿਬਰਲ ਪਾਰਟੀ ਆਗੂ ਵਲੋਂ ਕੁਰਦਿਸ਼ ਪੇਸ਼ਮਰਗਾ ਵਿਚ ਸਥਾਨਕ ਫੌਜੀਆਂ ਦੀ ਸਿਖਲਾਈ ਲਈ ਵਧੇਰੇ ਕੈਨੇਡੀਅਨ ਫੌਜੀ ਲਾਉਣ ਦੀ ਤਜ਼ਵੀਜ਼ ਪੇਸ਼ ਕੀਤੀ ਜਾ ਰਹੀ ਹੈ ਜਦਕਿ ਐਨ ਡੀ ਪੀ ਵਲੋਂ ਕੂਟਨੀਤੀ ਅਤੇ ਸਹਾਇਤਾ ਪ੍ਰਕਿਰਿਆ ਤੇ ਜੋ਼ਰ ਪਾਇਆ ਜਾ ਰਿਹਾ ਹੈ। ਦੋਹਾਂ ਪਾਰਟੀਆਂ ਵਲੋਂ ਕੈਨੇਡੀਅਨ ਫੋਰਸਾਂ ਵਲੋਂ ਆਈਸਿਸ ਇਲਾਕਿਆਂ ਵਿਚ ਬੰਬ ਸੁਟਣ ਤੇ ਇਤਰਾਜ਼ ਜ਼ਾਹਰ ਕੀਤਾ ਜਾ ਰਿਹਾ ਹੈ।

ਪ੍ਰਧਾਨ ਮੰਤਰੀ ਸਟੀਫ਼ਨ ਹਾਰਪਰ ਨੇ ਅੱਜ ਇਹ ਐਲਾਨ ਕੀਤਾ ਕਿ ਕੰਜ਼ਰਵਟਿਵ ਸਰਕਾਰ ਦੇ ਮੁਛ ਕੇ ਚੁਣੇ ਜਾਣ ਤੋਂ ਬਾਅਦ ਸਰਕਾਰ ਵੱਲੋਂ ਇਕ ਨਵੇਂ ਤਿੰਨ ਸਾਲਾ ਯੋਜਨਾ ਦਾ ਸਮਰਥਨ ਕੀਤਾ ਜਾਵੇਗਾ, ਜਿਸ ਦੁਆਰਾ ਮਿਡਲ ਈਸਟ ਵਿਚ ਮੌਜੂਦ ਬੇਸਹਾਰਾ ਘੱਟ ਗਿਣਤੀਆਂ ਦੀ ਸਹਾਇਤਾ ਕੀਤੀ ਜਾਵੇਗੀ। ਇਹ ਯੋਜਨਾ ਕੁਲ 9 ਮਿਲੀਅਨ ਡਾਲਰ ਦੀ ਹੋਵੇਗੀ। ਇਹ ਯੋਜਨਾ ਰਿਲੀਜੀਅਸ ਫ਼੍ਰੀਡਮ ਦੇ ਸਭ ਨਾਲੋਂ ਸੁਰੱਖਿਅਤ ਆਫ਼ਿਸ ਵਿਚ ਤਿਆਰ ਕੀਤੀ ਜਾਵੇਗੀ। ਇਸ ਰਾਹੀਂ ਉਨ੍ਹਾਂ ਆਰਗੇਨਾਈਜ਼ੇਸ਼ਨਸ ਦੀ ਫ਼ੰਡਿੰਗ ਕੀਤੀ ਜਾਂਦੀ ਹੈ, ਜੋ ਜ਼ਰੂਰਤਮੰਦ ਘੱਟ ਗਿਣਤੀਆਂ ਦੀ ਸਹਾਇਤਾ ਕਰਨ ਲਈ ਵਚਨਬੱਧ ਹਨ। ਆਈ.ਐਸ.ਆਈ.ਐਸ. ਦੀ ਮਾਰ ਕਾਰਨ ਬੇਸਹਾਰਾ ਹੋਏ ਕਈ ਹਜ਼ਾਰਾਂ ਦੀ ਗਿਣਤੀ ਵਿਚ ਲੋਕਾਂ ਕੋਲ ਆਪਣਾ ਕੋਈ ਠਿਕਾਣਾ ਨਹੀਂ ਹੈ। ਉਹ ਦਰ ਦਰ ਭਟਕਣ ਅਤੇ ਬੱਦਤਰ ਹਲਾਤਾਂ ਵਿਚ ਜਿਊਣ ਲਈ ਮਜਬੂਰ ਹਨ। ਕੈਨੇਡਾ ਵਰਗੇ ਸੰਪਨ ਦੇਸ਼ ਸਦਾ ਤੋਂ ਹੀ ਧਰਮ ਨਿਰਪੱਖਤਾ ਅਤੇ ਦੇਸ਼ ਵਿਚ ਵੱਖ ਵੱਖ ਧਰਮਾ ਦੇ ਵਧਣ ਫ਼ੁੱਣਲ ਦੀ ਹਾਮੀ ਭਰਦੇ ਆਏ ਹਨ। ਪ੍ਰਧਾਨ ਮੰਤਰੀ ਹਾਰਪਰ ਨੇ ਕਿਹਾ ਕਿ ਚੁਣੀ ਗਈ ਕੰਜ਼ਰਵਟਿਵ ਸਰਕਾਰ ਵੱਲੋਂ ਇਸ ਧਰਮ ਨਿਰਪੱਖਤਾ ਦੇ ਆਪਣੇ ਵਾਅਦੇ ਨੂੰ ਹੋਰ ਵੀ ਦਲੇਰੀ ਨਾਲ ਨਿਭਾਇਆ ਜਾਵੇਗਾ ਅਤੇ ਦਹਿਸ਼ਤਗਰਦਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਦੇ ਸਮੇਂ ਵਿਚ ਵਿਸ਼ਵ ਦੇ ਕਾਫ਼ੀ ਸਾਰੇ ਦੇਸ਼ਾਂ ਵਿਚ ਧਰਮ ਨਿਰਪੱਖਤਾ ‘ਤੇ ਖਤਰਾ ਮੰਡਰਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਿਡਲ ਈਸਟ ਦੇ ਲੋਕਾਂ ਨੂੰ ਕੇਂਦਰ ਵਿਚ ਰੱਖ ਕੇ ਕੀਤੀ ਗਈ ਇਹ ਨਵੀਂ ਸ਼ੁਰੂਆਤ ਸੰਸਾਰ ਪੱਧਰ ‘ਤੇ ਕੰਮ ਕਰ ਰਹੇ ਇਨ੍ਹਾਂ ਧਰਮ ਨਿਰਪੱਖ ਸੰਗਠਨਾਂ ਲਈ ਹੋਰ ਵੀ ਸਹਾਈ ਹੋਵੇਗੀ। ਉਨ੍ਹਾਂ ਦੀ ਯੋਜਨਾ ਵਿਚ ਈਰਾਕ ਅਤੇ ਸੀਰੀਆ ਤੋਂ ਉੱਜੜ ਕੇ ਆਉਣ ਵਾਲੇ ਸ਼ਰਨਾਰਥੀਆਂ ਨੂੰ ਵੀ ਮੁੜ ਵਸਾਉਣ ਦੀ ਯੋਜਨਾ ਵੀ ਸ਼ਾਮਿਲ ਹੈ ਅਤੇ ਅਗਲੇ ਚਾਰ ਸਾਲਾਂ ਦਰਮਿਆਨ 10,000 ਨਵੇਂ ਸ਼ਰਨਾਰਥੀਆਂ ਨੂੰ ਮੁੜ ਵਸੇਬਾ ਦੇਣ ਦੇ ਆਪਣੇ ਵਾਅਦੇ ‘ਤੇ ਵੀ ਕੰਜ਼ਰਵਟਿਵ ਸਰਕਾਰ ਪੂਰੀ ਤਰ੍ਹਾਂ ਕਾਇਮ ਹੈ।

Facebook Comment
Project by : XtremeStudioz